ਖ਼ਾਨ ਤਿੱਕੜੀ ਨੂੰ ਆਪਣੇ ਤੋਂ ਬਿਹਤਰ ਮੰਨਦੇ ਨੇ ਸੈਫ, ਅਕਸ਼ੇ ਨੂੰ ਲੈ ਕੇ ਜਾਣੋ ਕੀ ਕਿਹਾ

Tuesday, May 25, 2021 - 11:45 AM (IST)

ਖ਼ਾਨ ਤਿੱਕੜੀ ਨੂੰ ਆਪਣੇ ਤੋਂ ਬਿਹਤਰ ਮੰਨਦੇ ਨੇ ਸੈਫ, ਅਕਸ਼ੇ ਨੂੰ ਲੈ ਕੇ ਜਾਣੋ ਕੀ ਕਿਹਾ

ਮੁੰਬਈ (ਬਿਊਰੋ)– ਬਾਲੀਵੁੱਡ ’ਚ ਜਦੋਂ ਵੀ ਖ਼ਾਨ ਨਾਂ ਲਿਆ ਜਾਂਦਾ ਹੈ ਤਾਂ ਸਾਰਿਆਂ ਦੇ ਮਨ ’ਚ ਆਮਿਰ, ਸ਼ਾਹਰੁਖ ਤੇ ਸਲਮਾਨ ਦੇ ਨਾਂ ਹੀ ਆਉਂਦੇ ਹਨ। ਹਾਲਾਂਕਿ ਇਨ੍ਹਾਂ ਤਿੰਨਾਂ ਤੋਂ ਇਲਾਵਾ ਇਕ ਹੋਰ ਖ਼ਾਨ ਹੈ, ਜਿਸ ਨੇ ਇਨ੍ਹਾਂ ਦੇ ਨਾਲ ਹੀ ਬਾਲੀਵੁੱਡ ’ਚ ਕਦਮ ਰੱਖਿਆ ਸੀ। ਉਸ ਦਾ ਨਾਂ ਹੈ ਸੈਫ ਅਲੀ ਖ਼ਾਨ। ਸੈਫ ਨੇ ਆਪਣੇ ਤਾਜ਼ਾ ਇੰਟਰਵਿਊ ’ਚ ਬਾਲੀਵੁੱਡ ਦੇ ਤਿੰਨਾਂ ਖ਼ਾਨਜ਼ ਨਾਲੋਂ ਘੱਟ ਸਫਲ ਹੋਣ ਨੂੰ ਲੈ ਕੇ ਗੱਲਬਾਤ ਕੀਤੀ ਹੈ।

ਇੰਟਰਵਿਊ ’ਚ ਸੈਫ ਅਲੀ ਖ਼ਾਨ ਨੇ ਕਿਹਾ, ‘ਮੈਨੂੰ ਕਹਿਣਾ ਪਵੇਗਾ ਕਿ ਇਹ ਸਾਰੇ- ਸ਼ਾਹਰੁਖ, ਸਲਮਾਨ ਤੇ ਆਮਿਰ ਇਕ ਤਰ੍ਹਾਂ ਨਾਲ ਅਦਾਕਾਰ ਬਣਨ ਲਈ ਹੀ ਜੰਮੇ ਸਨ। ਮੈਨੂੰ ਲੱਗਦਾ ਹੈ ਕਿ ਇਹ ਉਨ੍ਹਾਂ ਦੇ ਬਚਪਨ ਦਾ ਟੀਚਾ ਹੋਵੇਗਾ। ਮੈਂ ਜਾਣਦਾ ਹਾਂ ਕਿ ਉਨ੍ਹਾਂ ’ਚੋਂ ਦੋ ਦੇ ਬਾਰੇ ’ਚ ਇਹ ਗੱਲ ਸੱਚ ਹੈ।’

ਇਹ ਖ਼ਬਰ ਵੀ ਪੜ੍ਹੋ : ਨੈਪੋਟੀਜ਼ਮ ’ਤੇ ਬੋਲਿਆ ਸੰਨੀ ਦਿਓਲ ਦਾ ਬੇਟਾ, ਕਿਹਾ- ‘ਅਖੀਰ ’ਚ ਤੁਹਾਡੀ ਪ੍ਰਤਿਭਾ ਹੀ ਬੋਲਦੀ ਹੈ’

ਸੈਫ ਨੇ ਅੱਗੇ ਕਿਹਾ, ‘ਮੈਨੂੰ ਨਹੀਂ ਪਤਾ ਕਿ ਇਹ ਸਲਮਾਨ ਦਾ ਟੀਚਾ ਸੀ ਜਾਂ ਨਹੀਂ ਪਰ ਮੈਂ ਇਹ ਜ਼ਰੂਰ ਕਹਿ ਸਕਦਾ ਹਾਂ ਕਿ ਉਹ ਇਸ ਲਈ ਬਣੇ ਹਨ ਤੇ ਜਿਸ ਤਰ੍ਹਾਂ ਦੀ ਸਫਲਤਾ ਉਨ੍ਹਾਂ ਨੇ ਦੇਖੀ ਹੈ, ਉਹ ਉਸ ਲਈ ਬਣੇ ਹਨ। ਮੈਂ ਅਜਿਹੇ ਸਮੇਂ ’ਤੇ ਫ਼ਿਲਮਾਂ ਨੂੰ ਕਰਨਾ ਸ਼ੁਰੂ ਕੀਤਾ ਸੀ, ਜਦੋਂ ਜਾਂ ਤਾਂ ਤੁਸੀਂ ਸੁਪਰਸਟਾਰ ਬਣਨ ਦਾ ਸੁਪਨਾ ਦੇਖਦੇ ਹੋ ਜਾਂ ਫਿਰ ਤੁਹਾਨੂੰ ਫਰਕ ਨਹੀਂ ਪੈਂਦਾ।’

ਸੈਫ ਅਲੀ ਖ਼ਾਨ ਨੇ ਅਕਸ਼ੇ ਕੁਮਾਰ ਤੇ ਉਸ ਨਾਲ ਕੰਮ ਕਰਨ ’ਤੇ ਕਿਹਾ, ‘ਮੈਂ ਕਈ ਫ਼ਿਲਮਾਂ ’ਚ ਕਿਊਟ ਤੇ ਫਨੀ ਸੀ ਤੇ ਮੈਂ ਅਕਸ਼ੇ ਕੁਮਾਰ ਨਾਲ ਬਹੁਤ ਸਾਰਾ ਕੰਮ ਕੀਤਾ, ਜੋ ਸ਼ਾਇਦ ਉਸ ਸਮੇਂ ਘੱਟ ਕਿਊਟ ਤੇ ਫਨੀ ਸੀ ਤਾਂ ਅਸੀਂ ਮਿਲ ਕੇ ਇਕ ਸੁਪਰ ਇਨਸਾਨ ਬਣ ਗਏ ਤੇ ਇੰਡਸਟਰੀ ’ਚ ਆਪਣੀ ਜਗ੍ਹਾ ਬਣਾਈ।’

ਸੈਫ ਨੇ ਅਖੀਰ ’ਚ ਕਿਹਾ, ‘ਮੈਂ ਅਕਸ਼ੇ ਨੂੰ ਪੂਰਾ ਕਰਦਾ ਹਾਂ ਤੇ ਉਹ ਮੈਨੂੰ। ਮੈਨੂੰ ਲੱਗਦਾ ਹੈ ਕਿ ਇਸ ਲਈ ਅਸੀਂ ਅੱਜ ਵੀ ਇਕ-ਦੂਜੇ ਨੂੰ ਇੰਨਾ ਪਸੰਦ ਕਰਦੇ ਹਾਂ। ਅਸੀਂ ਸਮਝਦੇ ਹਾਂ ਕਿ ਇਕ ਤਰ੍ਹਾਂ ਨਾਲ ਅਸੀਂ ਇਕ-ਦੂਜੇ ਦੇ ਕਰਜ਼ਦਾਰ ਹਾਂ। ਆਮ ਤੌਰ ’ਤੇ ਇਨ੍ਹਾਂ ਲੋਕਾਂ ਵਾਂਗ (ਖ਼ਾਨਜ਼) ਸਫਲ ਸੋਲੋ ਸੁਪਰਸਟਾਰ ਨੂੰ ਖ਼ੁਦ ਨੂੰ ਪੂਰਾ ਕਰਨ ਲਈ ਕਿਸੇ ਦੀ ਲੋੜ ਨਹੀਂ ਹੁੰਦੀ।’

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਜ਼ਰੂਰ ਸਾਂਝੀ ਕਰੋ।


author

Rahul Singh

Content Editor

Related News