370 ਰੁੁਪਏ ਬਿਰਿਆਨੀ ਵਿਵਾਦ; ਮਹਿਲਾ ਕਮਿਸ਼ਨ ਸਾਹਮਣੇ ਪੇਸ਼ ਹੋਏ ਪ੍ਰਣਿਤ ਮੋਰੇ ਤੇ ਹਿਮਾਂਸ਼ੂ ਜਾਂਗੜਾ
Monday, Jun 22, 2026 - 05:22 PM (IST)
ਨਵੀਂ ਦਿੱਲੀ (ਏਜੰਸੀ)- ਸਟੈਂਡ-ਅੱਪ ਕਾਮੇਡੀਅਨ ਪ੍ਰਣਿਤ ਮੋਰੇ ਅਤੇ ਵੈੱਬ ਡਿਵੈਲਪਰ ਹਿਮਾਂਸ਼ੂ ਜਾਂਗੜਾ ਸੋਮਵਾਰ ਨੂੰ ਇੱਥੇ ਰਾਸ਼ਟਰੀ ਮਹਿਲਾ ਕਮਿਸ਼ਨ ਦੇ ਦਫ਼ਤਰ ਵਿੱਚ ਔਰਤਾਂ ਦੇ ਸਨਮਾਨ ਨੂੰ ਠੇਸ ਪਹੁੰਚਾਉਣ ਵਾਲੀਆਂ ਆਪਣੀਆਂ ਟਿੱਪਣੀਆਂ ਦੇ ਸਬੰਧ ਵਿੱਚ ਸੁਣਵਾਈ ਲਈ ਪਹੁੰਚੇ। NCW ਨੇ ਮੋਰੇ ਅਤੇ ਜਾਂਗੜਾ ਨੂੰ ਇਸ ਮਾਮਲੇ ਦੇ ਸਬੰਧ ਵਿੱਚ ਆਪਣੇ ਸਾਹਮਣੇ ਪੇਸ਼ ਹੋਣ ਲਈ ਤਲਬ ਕੀਤਾ ਸੀ। ਕਮਿਸ਼ਨ ਨੇ ਕਾਮੇਡੀਅਨ ਮਧੁਰ ਵਿਰਲੀ ਨੂੰ ਵੀ ਇੱਕ ਵੱਖਰੇ ਮਾਮਲੇ ਵਿੱਚ ਇੱਕ ਸਟੈਂਡ-ਅੱਪ ਐਕਟ ਦੌਰਾਨ ਔਰਤਾਂ ਵਿਰੁੱਧ ਅਪਮਾਨਜਨਕ ਟਿੱਪਣੀਆਂ ਦੇ ਮਾਮਲੇ ਵਿੱਚ ਤਲਬ ਕੀਤਾ ਹੈ।
ਇਹ ਸਾਰਾ ਮਾਮਲਾ ਗੁਰੂਗ੍ਰਾਮ ਵਿੱਚ ਹੋਏ ਇੱਕ ਸਟੈਂਡ-ਅੱਪ ਕਾਮੇਡੀ ਸ਼ੋਅ ਨਾਲ ਜੁੜਿਆ ਹੋਇਆ ਹੈ। ਸ਼ੋਅ ਦੌਰਾਨ ਹਿਮਾਂਸ਼ੂ ਜਾਂਗੜਾ ਨੇ ਇਕ ਕਿੱਸਾ ਸੁਣਾਇਆ ਕਿ ਉਸਨੇ ਇੱਕ ਡੇਟ 'ਤੇ 370 ਰੁਪਏ ਦੀ ਚਿਕਨ ਬਿਰਿਆਨੀ 'ਤੇ ਖਰਚ ਕੀਤੇ ਸਨ। ਜਦੋਂ ਉਸ ਔਰਤ ਨੇ ਉਸਨੂੰ ਘਰ ਛੱਡਣ ਲਈ ਕਿਹਾ, ਤਾਂ ਜਾਂਗੜਾ ਨੇ ਬਿਰਿਆਨੀ ਦੇ ਬਦਲੇ "ਜਿਨਸੀ ਸਬੰਧ ਬਣਾਉਣ ਦੀ ਮੰਗ" ਕੀਤੀ। ਇਸ ਟਿੱਪਣੀ 'ਤੇ ਪ੍ਰਣਿਤ ਮੋਰੇ ਨੂੰ ਹੱਸਦੇ ਹੋਏ ਦੇਖਿਆ ਗਿਆ ਸੀ।
NCW ਨੇ ਇਸ ਘਟਨਾ ਦਾ ਖੁਦ ਨੋਟਿਸ ਲੈਂਦਿਆਂ ਕਿਹਾ ਕਿ ਜਿਨਸੀ ਜਬਰ ਜਾਂ ਔਰਤ ਦੀ ਖੁਦਮੁਖਤਿਆਰੀ ਦੇ ਨਿਰਾਦਰ ਨੂੰ ਹਾਸੇ ਜਾਂ ਮਨੋਰੰਜਨ ਵਜੋਂ ਪੇਸ਼ ਕਰਨਾ ਬਿਲਕੁਲ ਅਸਵੀਕਾਰਨਯੋਗ ਹੈ ਅਤੇ ਅਜਿਹੀਆਂ ਟਿੱਪਣੀਆਂ ਭਾਰਤੀ ਸੰਵਿਧਾਨ ਦੁਆਰਾ ਔਰਤਾਂ ਨੂੰ ਦਿੱਤੇ ਗਏ ਬਰਾਬਰੀ ਅਤੇ ਸੁਰੱਖਿਆ ਦੇ ਅਧਿਕਾਰਾਂ ਦੇ ਉਲਟ ਹਨ। ਘਟਨਾ ਦੀ ਨਿੰਦਾ ਕਰਦੇ ਹੋਏ NCW ਨੇ ਦੁਹਰਾਇਆ ਸੀ ਕਿ ਸਹਿਮਤੀ ਬਹੁਤ ਜ਼ਰੂਰੀ ਹੈ ਅਤੇ ਇਸ 'ਤੇ ਕੋਈ ਸਮਝੌਤਾ ਨਹੀਂ ਹੋ ਸਕਦਾ।
ਹਾਲਾਂਕਿ ਵਿਵਾਦ ਵਧਦਾ ਦੇਖ ਬਾਅਦ ਵਿੱਚ ਮੋਰੇ ਅਤੇ ਜਾਂਗੜਾ ਦੋਵਾਂ ਨੇ ਇਸ ਘਟਨਾ ਲਈ ਮੁਆਫੀ ਮੰਗੀ ਸੀ। ਉਥੇ ਹੀ ਇਸ ਟਿੱਪਣੀ ਗੁਰੂਗ੍ਰਾਮ ਦੀ ਇੱਕ ਨਿੱਜੀ ਕੰਪਨੀ ਨੇ ਜਾਂਗੜਾ ਨੂੰ ਨੌਕਰੀ ਤੋਂ ਕੱਢ ਦਿੱਤਾ ਹੈ।
