Police Interrogation : ਮੌਤ ਦੇ ਮੂੰਹ 'ਚ ਕਿਉਂ ਸੁਸ਼ਾਂਤ ਨੂੰ ਇਕੱਲਿਆਂ ਛੱਡ ਗਈ ਰੀਆ ਚੱਕਰਵਰਤੀ ,ਦੱਸੀ ਵਜ੍ਹਾ
Saturday, Jun 20, 2020 - 01:42 PM (IST)
ਨਵੀਂ ਦਿੱਲੀ (ਵੈੱਬ ਡੈਸਕ) — ਬਾਲੀਵੁੱਡ ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਦੇ ਖ਼ੁਦਕੁਸ਼ੀ ਮਾਮਲੇ ਦੀ ਮੁੰਬਈ ਪੁਲਸ ਕਾਫ਼ੀ ਗੰਭੀਰਤਾ ਨਾਲ ਜਾਂਚ ਕਰ ਰਹੀ ਹੈ। ਅਜਿਹੇ 'ਚ ਪੁਲਸ ਉਨ੍ਹਾਂ ਦੇ ਪਰਿਵਾਰ ਅਤੇ ਕਰੀਬੀ ਦੋਸਤਾਂ ਤੋਂ ਲਗਾਤਾਰ ਪੁੱਛਗਿੱਛ ਕਰ ਰਹੀ ਹੈ। ਇਸੇ ਪੁੱਛਗਿੱਛ ਲਈ ਵੀਰਵਾਰ ਨੂੰ ਸੁਸ਼ਾਂਤ ਸਿੰਘ ਰਾਜਪੂਤ ਦੀ ਦੋਸਤ ਅਤੇ ਕਥਿਤ ਪ੍ਰੇਮਿਕਾ ਰੀਆ ਚੱਕਰਵਰਤੀ ਨੂੰ ਮੁੰਬਈ ਥਾਣੇ ਬੁਲਾਇਆ ਗਿਆ ਸੀ। ਪੁਲਸ ਤੇ ਰੀਆ ਵਿਚਕਾਰ ਇਹ ਪੁੱਛਗਿੱਛ ਕਰੀਬ 9 ਘੰਟਿਆਂ ਤੱਕ ਚਲੀ, ਜਿਸ 'ਚ ਰੀਆ ਚੱਕਰਵਰਤੀ ਨੇ ਕਈ ਵੱਡੇ ਖ਼ੁਲਾਸੇ ਕੀਤੇ। ਰੀਆ ਚੱਕਰਵਰਤੀ ਨੇ ਦੱਸਿਆ ਕਿ ਸੁਸ਼ਾਂਤ ਨੇ 6 ਜੂਨ ਨੂੰ ਅਚਾਨਕ ਮੈਨੂੰ ਆਪਣੇ ਘਰ ਜਾਣ ਨੂੰ ਕਿਹਾ ਸੀ। ਉਨ੍ਹਾਂ ਨੇ ਮੈਨੂੰ ਕਿਹਾ ਕੀ ਤੂੰ ਆਪਣੇ ਘਰ ਚਲੀ ਜਾਵੇ, ਮੈਂ ਕੁਝ ਸਮੇਂ ਲਈ ਇਕੱਲਾ ਰਹਿਣਾ ਚਾਹੁੰਦਾ ਹਾਂ। ਸੁਸ਼ਾਂਤ ਦੇ ਅਜਿਹਾ ਕਹਿਣ 'ਤੇ ਮੈਂ ਸੋਚਿਆ ਕਿ ਸ਼ਾਇਦ ਸੁਸ਼ਾਂਤ ਕੁਝ ਸਮੇਂ ਲਈ ਇਕੱਲਾ ਰਹੇਗਾ ਤਾਂ ਕਾਫ਼ੀ ਚੰਗਾ ਮਹਿਸੂਸ ਕਰੇਗਾ। ਇਸ ਲਈ ਮੈਂ ਉਸ ਦੇ ਘਰ 'ਚੋਂ ਚਲੀ ਗਈ। ਰੀਆ ਨੇ ਇਹ ਦੱਸਿਆ ਕਿ ਸੁਸ਼ਾਂਤ ਕਿਸੇ ਨਾ ਕਿਸੇ ਕਾਰਨ ਪ੍ਰੇਸ਼ਾਨ ਰਹਿ ਰਿਹਾ ਸੀ। ਉਨ੍ਹਾਂ ਦਾ ਇਲਾਜ ਵੀ ਚੱਲ ਰਿਹਾ ਸੀ ਪਰ ਪਿਛਲੇ ਕੁਝ ਸਮੇਂ ਤੋਂ ਉਨ੍ਹਾਂ ਨੇ ਦਵਾਈਆਂ ਖਾਣੀਆਂ ਵੀ ਛੱਡ ਦਿੱਤੀਆਂ ਸਨ। ਇਸ ਤੋਂ ਇਲਾਵਾ ਰੀਆ ਨੇ ਪੁੱਛਗਿੱਛ ਦੌਰਾਨ ਕਰਨ ਜੌਹਰ ਦੇ ਧਰਮਾ ਪ੍ਰੋਡਕਸ਼ਨ ਤੇ ਯਸ਼ਰਾਜ ਫ਼ਿਲਮਸ ਨਾਲ ਜੁੜੀਆਂ ਕਈਆਂ ਗੱਲਾਂ ਦਾ ਜ਼ਿਕਰ ਕੀਤਾ, ਜਿਸ ਦਾ ਸਿੱਧਾ ਕਨੈਕਸ਼ਨ/ਸਬੰਧ ਸੁਸ਼ਾਂਤ ਸਿੰਘ ਰਾਜਪੂਤ ਨਾਲ ਸੀ।
ਦੋਸਤ ਸੰਦੀਪ ਸਿੰਘ ਨੇ ਕੀਤਾ ਖ਼ੁਲਾਸਾ
ਸੁਸ਼ਾਂਤ ਸਿੰਘ ਰਾਜਪੂਤ ਦੇ ਕਰੀਬੀ ਦੋਸਤ ਸੰਦੀਪ ਸਿੰਘ ਨੇ ਹਾਲ ਹੀ 'ਚ ਇੱਕ ਅਜਿਹਾ ਖੁਲਾਸਾ ਕੀਤਾ ਹੈ, ਜਿਸ ਨੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ ਹੈ। ਸੰਦੀਪ ਸਿੰਘ ਨੇ ਆਪਣੇ ਇੰਸਟਾਗ੍ਰਾਮ 'ਤੇ ਸੁਸ਼ਾਂਤ ਨਾਲ ਤਸਵੀਰ ਸਾਂਝੀ ਕਰਦੇ ਹੋਏ ਲਿਖਿਆ ਕਿ, 'ਅੰਕਿਤਾ ਜਿਵੇਂ-ਜਿਵੇਂ ਸਮਾਂ ਬੀਤ ਰਿਹਾ ਹੈ, ਮੈਨੂੰ ਇੱਕ ਖ਼ਿਆਲ ਡਰਾ ਰਿਹਾ ਹੈ ਕਿ ਜੇ ਅਸੀਂ ਥੋੜ੍ਹੀ ਹੋਰ ਮਿਹਨਤ ਕੀਤੀ ਹੁੰਦੀ ਤਾਂ ਅੱਜ ਸੁਸ਼ਾਂਤ ਸਾਡੇ 'ਚ ਜਿਊਂਦਾ ਹੁੰਦਾ। ਜਦੋਂ ਤੁਸੀਂ ਦੋਵੇਂ ਵੱਖ ਹੋਏ ਸੀ ਉਦੋਂ ਵੀ ਤੂੰ ਉਸ ਦੀ ਖੁਸ਼ੀ ਤੇ ਕਾਮਯਾਬੀ ਮੰਗੀ। ਤੁਹਾਡਾ ਪਿਆਰ ਬਹੁਤ ਪਵਿੱਤਰ ਸੀ ਅਤੇ ਬਹੁਤ ਖਾਸ ਵੀ ਸੀ। ਸੰਦੀਪ ਸਿੰਘ ਨੇ ਅੱਗੇ ਲਿਖਿਆ, ''ਮੈਂ ਜਾਣਦਾ ਹਾਂ, ਉਸ ਨੂੰ ਸਿਰਫ਼ ਤੂੰ ਹੀ ਬਚਾ ਸਕਦੀ ਸੀ। ਕਾਸ਼ ਕਿ ਜਿਵੇਂ ਦਾ ਅਸੀਂ ਸੁਫ਼ਨਾ ਦੇਖਿਆ ਸੀ, ਤੁਸੀਂ ਦੋਵੇਂ ਵਿਆਹ ਕਰਵਾ ਲਿਆ ਹੁੰਦਾ। ਤੂੰ ਉਸ ਨੂੰ ਬਚਾ ਸਕਦੀ ਸੀ, ਜੇ ਉਸ ਨੇ ਤੈਨੂੰ ਆਪਣੇ ਨਾਲ ਰੱਖਿਆ ਹੁੰਦਾ।'' ਸੁਸ਼ਾਂਤ ਸਿੰਘ ਰਾਜਪੂਤ ਤੇ ਅੰਕਿਤਾ ਲੋਖੰਡੇ 6 ਸਾਲ ਤੱਕ ਇਕੱਠੇ ਰਹੇ ਹਨ ਅਤੇ ਇੱਕ-ਦੂਜੇ ਨੂੰ ਡੇਟ ਕਰਦੇ ਸਨ। ਇੱਕ ਦਿਨ ਅਚਾਨਕ ਹੀ ਦੋਵਾਂ ਦੇ ਰਿਸ਼ਤੇ 'ਚ ਦਰਾਰ ਆ ਗਈ ਤੇ ਦੋਵੇਂ ਵੱਖ ਹੋ ਗਏ।
10 ਕਰੀਬੀਆਂ ਤੋਂ ਹੋਈ ਪੁੱਛਗਿੱਛ
ਦੱਸ ਦਈਏ ਕਿ ਪੁਲਸ ਨੇ ਬੁੱਧਵਾਰ ਨੂੰ ਬਾਲੀਵੁੱਡ ਕਾਸਟਿੰਗ ਨਿਰਦੇਸ਼ਕ ਮੁਕੇਸ਼ ਛਾਬੜਾ ਦਾ ਬਿਆਨ ਦਰਜ ਕੀਤਾ ਗਿਆ ਸੀ, ਜੋ ਰਾਜਪੂਤ ਦੇ ਕਰੀਬੀ ਸਨ। ਪੁਲਸ ਰਾਜਪੂਤ ਦੇ ਉਦਾਸ ਹੋਣ ਦੇ ਪਿੱਛੇ ਦੀ ਵਜ੍ਹਾ ਸਮਝਣ ਦੀ ਕੋਸ਼ਿਸ਼ ਕਰ ਰਹੀ ਹੈ। ਹਾਲੇ ਤੱਕ ਪੁਲਸ ਨੇ ਰਾਜਪੂਤ ਦੇ ਪਰਿਵਾਰ ਦੇ ਮੈਂਬਰਾਂ ਸਮੇਤ 10 ਤੋਂ ਜ਼ਿਆਦਾ ਲੋਕਾਂ ਦੇ ਬਿਆਨ ਦਰਜ ਕੀਤੇ ਹਨ। ਇਕ ਸੂਤਰ ਨੇ ਕਿਹਾ, 'ਸਾਰੇ ਮਾਮਲਿਆਂ 'ਚ ਇਹ ਇਕ ਪ੍ਰਤੀਕਿਰਿਆ ਹੁੰਦੀ ਹੈ।' ਸੂਤਰ ਨੇ ਦੱਸਿਆ ਕਿ ਪੁਲਸ ਕੁਝ ਪ੍ਰੋਡਕਸ਼ਨ ਹਾਊਸ ਦੇ ਲੋਕਾਂ ਨੂੰ ਵੀ ਪੁੱਛਗਿੱਛ ਲਈ ਬੁਲਾ ਸਕਦੀ ਹੈ।