...ਤਾਂ ਇਸ ਵਜ੍ਹਾ ਕਰਕੇ ਰੇਖਾ ਨੇ ਕੋਰੋਨਾ ਟੈਸਟ ਕਰਾਉਣ ਤੋਂ ਕੀਤੀ ਨਾਂਹ, ਜਾਂਚ ਕੀਤੇ ਬਿਨਾਂ ਮੁੜੀ ਟੀਮ
Wednesday, Jul 15, 2020 - 11:31 AM (IST)

ਜਲੰਧਰ (ਬਿਊਰੋ) — ਕੋਰੋਨਾ ਵਾਇਰਸ ਦਾ ਕਹਿਰ ਦਿਨੋਂ-ਦਿਨ ਵਧਦਾ ਹੀ ਜਾ ਰਿਹਾ ਹੈ। ਹੁਣ ਆਮ ਲੋਕਾਂ ਦੇ ਨਾਲ-ਨਾਲ ਬਾਲੀਵੁੱਡ ਫ਼ਿਲਮ ਉਦਯੋਗ ਦੇ ਕਈ ਵੱਡੇ ਸਿਤਾਰੇ ਵੀ ਇਸ ਦੀ ਚਪੇਟ 'ਚ ਆ ਗਏ ਹਨ। ਇਸ ਸਭ ਦੇ ਚਲਦਿਆਂ ਬਾਲੀਵੁੱਡ ਅਦਾਕਾਰਾ ਰੇਖਾ ਦੇ ਬੰਗਲੇ ਦੇ 4 ਸੁਰੱਖਿਆ ਕਰਮੀ ਵੀ ਕੋਰੋਨਾ ਪਾਜ਼ੇਟਿਵ ਪਾਏ ਗਏ ਹਨ। ਇਸ ਤੋਂ ਬਾਅਦ ਉਨ੍ਹਾਂ ਨੂੰ ਇਕਾਂਤਵਾਸ 'ਚ ਭੇਜ ਦਿੱਤਾ ਗਿਆ ਹੈ ਪਰ ਇਸ ਸਭ ਦੇ ਚਲਦੇ ਰੇਖਾ ਨੇ ਆਪਣਾ ਟੈਸਟ ਕਰਵਾਉਣ ਤੋਂ ਮਨਾ ਕਰ ਦਿੱਤਾ ਹੈ।
ਇਸ ਤੋਂ ਪਹਿਲਾਂ ਬੀ. ਐੱਮ. ਸੀ. ਨੇ ਉਨ੍ਹਾਂ ਦੇ ਬੰਗਲੇ ਨੂੰ ਸੀਲ ਕਰ ਦਿੱਤਾ ਸੀ ਅਤੇ ਉਨ੍ਹਾਂ ਦੇ ਘਰ ਨੂੰ ਕੰਟੇਨਮੈਂਟ ਜ਼ੋਨ ਕਰਾਰ ਦੇਣ ਵਾਲਾ ਬੋਰਡ ਵੀ ਲਗਾ ਦਿੱਤਾ ਗਿਆ ਸੀ। ਇਸ ਤੋਂ ਬਾਅਦ ਰੇਖਾ ਦੀ ਮੈਨੇਜਰ ਫਰਜ਼ਾਨਾ ਤੇ ਉਨ੍ਹਾਂ ਦੇ ਘਰ ਦੇ ਚਾਰ ਹੋਰ ਕਰਮਚਾਰੀਆਂ ਦਾ ਕੋਰੋਨਾ ਟੈਸਟ ਹੋਣਾ ਸੀ ਪਰ ਜਦੋਂ ਟੀਮ ਟੈਸਟ ਕਰਨ ਪਹੁੰਚੀ ਤਾਂ ਕਿਸੇ ਨੇ ਦਰਵਾਜ਼ਾ ਨਹੀਂ ਖੋਲ੍ਹਿਆ। ਟੀਮ ਨੇ ਜਦੋਂ ਦਰਵਾਜ਼ਾ ਖੜਕਾਇਆ ਤਾਂ ਉਨ੍ਹਾਂ ਤੋਂ ਆਉਣ ਦੀ ਵਜ੍ਹਾ ਪੁੱਛੀ ਗਈ। ਟੀਮ ਨੇ ਦੱਸਿਆ ਕਿ ਉਹ ਟੈਸਟ ਕਰਨ ਲਈ ਆਏ ਹਨ ਤਾਂ ਫਰਜ਼ਾਨਾ ਨੇ ਉਨ੍ਹਾਂ ਨੂੰ ਫੋਨ 'ਤੇ ਗੱਲ ਕਰਨ ਲਈ ਕਿਹਾ।
ਫਰਜ਼ਾਨਾ ਨੇ ਫੋਨ 'ਤੇ ਟੀਮ ਨੂੰ ਕਿਹਾ ਕਿ ਰੇਖਾ ਬਿਲਕੁਲ ਫਿੱਟ ਹੈ ਅਤੇ ਉਹ ਕਿਸੇ ਦੇ ਸੰਪਰਕ 'ਚ ਨਹੀਂ ਆਈ। ਇਸ ਲਈ ਉਹ ਟੈਸਟ ਨਹੀਂ ਕਰਵਾਉਣਾ ਚਾਹੁੰਦੀ। ਇਸ ਤੋਂ ਬਾਅਦ ਟੀਮ ਰੇਖਾ ਦੇ ਘਰ ਨੂੰ ਸੈਨੇਟਾਈਜ਼ ਕਰਨ ਲਈ ਪਹੁੰਚੀ ਤਾਂ ਫ਼ਿਰ ਵੀ ਦਰਵਾਜ਼ਾ ਨਹੀਂ ਖੋਲ੍ਹਿਆ ਗਿਆ। ਟੀਮ ਬੰਗਲੇ ਦੇ ਬਾਹਰੀ ਹਿੱਸੇ ਨੂੰ ਸੈਨੇਟਾਈਜ ਕਰਕੇ ਵਾਪਸ ਚਲੀ ਗਈ।