ਵੈੱਬ ਸੀਰੀਜ਼ ‘ਕੈਟ’ ਸਬੰਧੀ ਰਣਦੀਪ ਹੁੱਡਾ ਤੇ ਬਲਵਿੰਦਰ ਸਿੰਘ ਜੰਜੂਆ ਨਾਲ ਖਾਸ ਗੱਲਬਾਤ

12/07/2022 2:19:46 PM

ਬਾਲੀਵੁੱਡ ਅਭਿਨੇਤਾ ਰਣਦੀਪ ਹੁੱਡਾ ਇਨ੍ਹੀਂ ਦਿਨੀਂ ਵੈੱਬ ਸੀਰੀਜ਼ ‘ਕੈਟ’ ਕਾਰਨ ਸੁਰਖੀਆਂ ’ਚ ਹੈ। ਰਣਦੀਪ ਜੋ ਵੀ ਕਿਰਦਾਰ ਨਿਭਾਉਂਦਾ ਹੈ, ਉਸ ਵਿਚ ਪੂਰੀ ਤਰ੍ਹਾਂ ਉਤਰ ਜਾਂਦਾ ਹੈ। ਇਹ ਸੀਰੀਜ਼ 9 ਦਸੰਬਰ ਨੂੰ ਨੈੱਟਫਲਿਕਸ ’ਤੇ ਰਿਲੀਜ਼ ਹੋਵੇਗੀ। ਬਲਵਿੰਦਰ ਸਿੰਘ ਜੰਜੂਆ ਦੇ ਨਿਰਦੇਸ਼ਨ ਹੇਠ ਬਣੀ ਇਸ ਸੀਰੀਜ਼ ’ਚ ਰਣਦੀਪ ਪੁਲਸ ਦੇ ਮੁਖਬਰ ਗੁਰਨਾਮ ਸਿੰਘ ਦੀ ਭੂਮਿਕਾ ’ਚ ਨਜ਼ਰ ਆਏਗਾ। ‘ਕੈਟ’ ਵਿਚ ਰਣਦੀਪ ਦੇ ਨਾਲ ਸੁਵਿੰਦਰ ਵਿੱਕੀ, ਮਨੀਸ਼ ਗੁਲਾਟੀ, ਹਸਲੀਨ ਕੌਰ, ਗੀਤਾ ਅਗਰਵਾਲ, ਦਕਸ਼ ਅਜੀਤ ਸਿੰਘ, ਸੁਖਵਿੰਦਰ ਚਹਿਲ, ਕੇ. ਪੀ. ਸਿੰਘ, ਕਾਵਿਆ ਥਾਪਰ, ਦਾਨਿਸ਼ ਸੂਦ ਤੇ ਪ੍ਰਮੋਦ ਪੱਥਲ ਵਰਗੇ ਪੰਜਾਬੀ ਸਿਨੇਮਾ ਦੇ ਦਮਦਾਰ ਕਲਾਕਾਰ ਨਜ਼ਰ ਆਉਣਗੇ। ਪੰਜਾਬੀ ’ਚ ਬਣੀ ਇਸ ਸੀਰੀਜ਼ ਨੂੰ ਨੈੱਟਫਲਿਕਸ ’ਤੇ ਹਿੰਦੀ ਤੇ ਅੰਗਰੇਜ਼ੀ ਵਿਚ ਰਿਲੀਜ਼ ਕੀਤਾ ਜਾਵੇਗਾ। ਵੈੱਬ ਸੀਰੀਜ਼ ’ਤੇ ਰਣਦੀਪ ਹੁੱਡਾ ਤੇ ਬਲਵਿੰਦਰ ਸਿੰਘ ਜੰਜੂਆ ਨੇ ਜਗ ਬਾਣੀ/ਪੰਜਾਬ ਕੇਸਰੀ/ਨਵੋਦਿਆ ਟਾਈਮਜ਼/ਹਿੰਦ ਸਮਾਚਾਰ ਨਾਲ ਖਾਸ ਗੱਲਬਾਤ ਕੀਤੀ।

ਤੁਸੀਂ ਸਿੱਖ ਦਾ ਕਿਰਦਾਰ ਨਿਭਾਅ ਰਹੇ ਹੋ। ਇਹ ਸਫਰ ਅਤੇ ਪੰਜਾਬ ਨਾਲ ਤੁਹਾਡਾ ਕੁਨੈਕਸ਼ਨ ਕਿਹੋ ਜਿਹਾ ਰਿਹਾ?
–ਪੰਜਾਬ ’ਚ ਪਰਸਨਲ ਲੈਵਲ ’ਤੇ ਆਉਣਾ ਵੀ ਆਪਣੇ-ਆਪ ’ਚ ਬਹੁਤ ਚੰਗਾ ਲੱਗਦਾ ਹੈ। ਇੱਥੋਂ ਦਾ ਖਾਣਾ, ਹਵਾ, ਲੋਕ ਦੂਜੇ ਸ਼ਹਿਰਾਂ ਦੇ ਮੁਕਾਬਲੇ ਬਹੁਤ ਚੰਗੇ ਹਨ। ਜ਼ਾਹਿਰ ਜਿਹੀ ਗੱਲ ਹੈ ਕਿ ਜਦੋਂ ਇੰਨੀਆਂ ਸਾਰੀਆਂ ਚੰਗੀਆਂ ਚੀਜ਼ਾਂ ਤੁਹਾਨੂੰ ਮਿਲਦੀਆਂ ਹਨ ਤਾਂ ਇਹ ਸਭ ਮੈਨੂੰ ਹੀ ਨਹੀਂ, ਸਾਰਿਆਂ ਨੂੰ ਚੰਗਾ ਲੱਗਦਾ ਹੈ। ਖਾਸ ਤੌਰ ’ਤੇ ਜਦੋਂ ਤੁਸੀਂ ਇੰਨੀ ਚੰਗੀ ਸਕ੍ਰਿਪਟ ਅਤੇ ਇੰਨੇ ਚੰਗੇ ਡਾਇਰੈਕਟਰ ਨਾਲ ਕੰਮ ਕਰਦੇ ਹੋ ਤਾਂ ਮਜ਼ਾ ਦੁੱਗਣਾ ਹੋ ਜਾਂਦਾ ਹੈ। ਮੇਰਾ ਇਸ ਫ਼ਿਲਮ ਤੇ ਪੰਜਾਬ ਨਾਲ ਤਜਰਬਾ ਚੰਗਾ ਰਿਹਾ।

ਇਸ ਤੋਂ ਪਹਿਲਾਂ ਬਹੁਤ ਸਾਰੇ ਲੋਕ ਸਿੱਖ ਦਾ ਕਿਰਦਾਰ ਨਿਭਾਅ ਚੁੱਕੇ ਹਨ। ਇਸ ਵਿਚ ਕੀ ਖਾਸ ਹੈ?
–ਅਸਲ ’ਚ ਹਿੰਦੀ ਸਿਨੇਮਾ ’ਚ ਸਿੱਖਾਂ ਦੀ ਜੋ ਇਮੇਜ ਵਿਖਾਈ ਜਾਂਦੀ ਹੈ, ਉਹ ਉਸ ਤਰ੍ਹਾਂ ਦੇ ਨਹੀਂ ਹੁੰਦੇ। ਸਿੱਖ ਦਾ ਅਸਲ ਮਤਲਬ ਹਮੇਸ਼ਾ ਸਿੱਖਦੇ ਰਹਿਣਾ ਹੁੰਦਾ ਹੈ, ਜੋ ਮੈਂ ਮੰਨਦਾ ਹਾਂ। ਨਾਲ ਹੀ ਇਨ੍ਹਾਂ ਦੀ ਇਕ ਸਾਫਟ ਰੋਮਾਂਟਿਕ ਦਿਲਦਾਰ ਸਾਈਡ ਹੈ, ਜਿਸ ਨੂੰ ਵਿਖਾਉਣ ਦੀ ਲੋੜ ਹੈ। ਸਿੱਖਾਂ ਦੀ ਇਮੇਜ ਖਰਾਬ ਕਰਨ ’ਚ ਫਿਲਮਾਂ ਦਾ ਬਹੁਤ ਵੱਡਾ ਹੱਥ ਰਿਹਾ ਹੈ। ਜਦੋਂ ਇਸ ਕਰੈਕਟਰ ’ਤੇ ਕੰਮ ਕਰ ਰਹੇ ਸੀ ਤਾਂ ਅਸੀਂ ਸੋਚਿਆ ਕਿ ਅਸੀਂ ਅਜਿਹੇ ਸਿੱਖ ਨੂੰ ਵਿਖਾਉਣਾ ਹੈ, ਜਿਸ ਨੂੰ ਪਹਿਲਾਂ ਕਦੇ ਨਹੀਂ ਵਿਖਾਇਆ ਗਿਆ। ਅਸੀਂ ਇਸ ਵਿਚ ਉਹ ਪੰਜਾਬ ਵਿਖਾਇਆ ਹੈ, ਜਿਸ ’ਤੇ ਪਹਿਲਾਂ ਕੋਈ ਫ਼ਿਲਮ ਨਹੀਂ ਬਣੀ। ਇਹ ਇਕ ਅਜਿਹਾ ਧਰਮ ਹੈ, ਜੋ ਸਾਰਿਆਂ ਨੂੰ ਜੋੜਦਾ ਹੈ। ਨਿੱਜੀ ਪੱਧਰ ’ਤੇ ਗੱਲ ਕਰਾਂ ਤਾਂ ਮੈਨੂੰ ਲੱਗਦਾ ਹੈ ਕਿ ਮੇਰੇ ਲਈ ਗੋਲਡਨ ਟੈਂਪਲ ਇਕ ਅਜਿਹੀ ਧਾਰਮਿਕ ਜਗ੍ਹਾ ਹੈ ਜਿੱਥੇ ਜਾ ਕੇ ਮੈਨੂੰ ਬਹੁਤ ਸ਼ਾਂਤੀ ਮਿਲਦੀ ਹੈ।

ਪ੍ਰੋਮੋ ’ਚ ਇਕ ਲੇਡੀ ਪੁਲਸ ਅਫਸਰ ਤੁਹਾਨੂੰ ਸੁਚੇਤ ਕਰਦੀ ਨਜ਼ਰ ਆ ਰਹੀ ਹੈ ਕਿ ਤੁਹਾਡੇ ਭਰਾ ਦਾ ਕੇਸ ਬਹੁਤ ਵੱਡਾ ਹੈ। ਇਸ ’ਤੇ ਤੁਹਾਡਾ ਕੀ ਕਹਿਣਾ ਹੈ?
–ਇਹ ਇਕ ਆਮ ਵਿਅਕਤੀ ਲਈ ਵੱਡੀ ਸਮੱਸਿਆ ਹੈ, ਜਿਸ ਦਾ ਅੰਦਾਜ਼ਾ ਸਾਰਿਆਂ ਨੂੰ ਹੈ। ਲੋਕਾਂ ਦੇ ਖੁਦ ਦੇ ਭਰਾ-ਭੈਣ ਇਸ ਵਿਚ ਫਸਦੇ ਹਨ ਜਿਨ੍ਹਾਂ ਦੇ ਦਰਦ ਨੂੰ ਇਹ ਵੈੱਬ ਸੀਰੀਜ਼ ਅਸਲ ਮਾਅਨਿਆਂ ’ਚ ਬਿਆਨ ਕਰ ਰਹੀ ਹੈ। ਪੰਜਾਬ ਵਿਚ ਤਾਂ ਇਹ ਅੱਜ ਤੋਂ ਨਹੀਂ, ਸਾਲਾਂ ਤੋਂ ਚੱਲਦਾ ਆ ਰਿਹਾ ਹੈ। ਇਹ ਕੋਈ ਸਮੱਸਿਆ ਨਹੀਂ, ਜਿਸ ਨੂੰ ਅਸੀਂ ਦੱਸ ਰਹੇ ਹਾਂ, ਸਾਰਿਆਂ ਨੂੰ ਇਸ ਬਾਰੇ ਪਤਾ ਹੈ। ਅਸੀਂ ਸਰਕਾਰ ਜਾਂ ਕੋਈ ਸੰਸਥਾ ਨਹੀਂ, ਜੋ ਇਹ ਸਭ ਬਦਲ ਸਕਦੇ ਹਾਂ, ਅਸੀਂ ਫ਼ਿਲਮ ਮੇਕਰਸ ਹਾਂ ਜੋ ਇਸ ’ਤੇ ਫ਼ਿਲਮ ਬਣਾ ਸਕਦੇ ਹਨ। ਹੁਣ ਦਰਸ਼ਕਾਂ ਉੱਪਰ ਹੈ ਕਿ ਉਹ ਇਸ
ਮੁੱਦੇ ਨੂੰ ਕਿੰਨੀ ਚੌਕਸੀ ਨਾਲ ਲੈਂਦੇ ਹਨ।

ਆਪਣੀ ਫਿਟਨੈੱਸ ਬਾਰੇ ਕੀ ਕਹੋਗੇ?
–ਫਿਟਨੈੱਸ ਤੁਹਾਡੇ ਹੱਥ ’ਚ ਹੁੰਦੀ ਹੈ। ਆਪਣੀ ਬਾਡੀ ਨੂੰ ਕਰੈਕਟਰ ਮੁਤਾਬਕ ਢਾਲਣਾ ਤੁਹਾਡੇ ਆਪਣੇ ਹੱਥਾਂ ’ਚ ਹੁੰਦਾ ਹੈ ਜਿਵੇਂ ਗੁਰਨਾਮ ਸਿੰਘ ਇਕ ਖਾਂਦਾ-ਪੀਂਦਾ ਇਨਸਾਨ ਹੈ ਤਾਂ ਉਸ ਦੀ ਬਾਡੀ ਵੀ ਉਸੇ ਤਰ੍ਹਾਂ ਦੀ ਹੀ ਹੈ।

ਦਰਸ਼ਕਾਂ ਨੂੰ ਤੁਸੀਂ ਕੀ ਕਹਿਣਾ ਚਾਹੋਗੇ?
–ਉਨ੍ਹਾਂ ਲਈ ਮੈਂ ਕਹਿਣਾ ਚਾਹਾਂਗਾ ਕਿ ਇਹ ਬਹੁਤ ਐਂਟਰਟੇਨਿੰਗ ਸੀਰੀਜ਼ ਹੈ, ਜਿਸ ਵਿਚ ਦੋ ਭਰਾਵਾਂ ਦੀ ਕਹਾਣੀ ਬਹੁਤ ਇਮੋਸ਼ਨਜ਼ ਨਾਲ ਵਿਖਾਈ ਗਈ ਹੈ, ਜਿਸ ਨੂੰ ਵੇਖ ਕੇ ਤੁਹਾਨੂੰ ਪਤਾ ਲੱਗੇਗਾ ਕਿ ਅਸਲ ’ਚ ਇਹ ਸਮੱਸਿਆ ਕਿੰਨੀ ਵੱਡੀ ਹੈ। ਤੁਸੀਂ ਖੁਦ ਨੂੰ ਇਸ ਨਾਲ ਰਿਲੇਟ ਕਰ ਸਕੋਗੇ।

ਟਰੇਲਰ ਬਹੁਤ ਦਿਲਚਸਪ ਲੱਗ ਰਿਹਾ ਹੈ। ਸੀਰੀਜ਼ ਨੂੰ ਅਜੇ ਤਕ ਜੋ ਰਿਸਪਾਂਸ ਮਿਲ ਰਿਹਾ ਹੈ, ਉਹ ਕਾਫੀ ਚੰਗਾ ਹੈ। ਤੁਸੀਂ ਕਿਹੋ ਜਿਹਾ ਮਹਿਸੂਸ ਕਰ ਰਹੇ ਹੋ?
–ਕੈਟ ਮਤਲਬ ਕਾਊਂਟਰ ਅਗੇਂਸਟ ਟੈਰੇਰਿਜ਼ਮ। ਫ਼ਿਲਮ ਦਾ ਪਲਾਟ ਪੰਜਾਬ ’ਤੇ ਆਧਾਰਤ ਹੈ। ਗੁਰਨਾਮ ਸਿੰਘ ਜੋ ਇਸ ਸੀਰੀਜ਼ ’ਚ ਮੇਨ ਕਰੈਕਟਰ ਹੈ, ਉਸ ਦਾ ਕਿਰਦਾਰ ਰਣਦੀਪ ਹੁੱਡਾ ਨੇ ਨਿਭਾਇਆ ਹੈ। ਇਹ ਇਕ ਅਜਿਹੇ ਵਿਅਕਤੀ ਦੀ ਕਹਾਣੀ ਹੈ, ਜਿਸ ਬਾਰੇ ਵਿਖਾਇਆ ਗਿਆ ਹੈ ਕਿ ਉਸ ਨਾਲ ਐਮਰਜੈਂਸੀ ਵੇਲੇ ਕੀ-ਕੀ ਬੀਤਿਆ, ਉਹ ਮੁੜ ਜ਼ਿੰਦਗੀ ’ਚ ਕਿਵੇਂ ਖੜ੍ਹਾ ਹੁੰਦਾ ਹੈ ਅਤੇ ਅੱਗੇ ਵਧਦਾ ਹੈ।

ਤੁਹਾਨੂੰ ਇਸ ਕਹਾਣੀ ਦਾ ਆਈਡੀਆ ਕਿੱਥੋਂ ਮਿਲਿਆ?
–ਕਹਾਣੀ ਹਮੇਸ਼ਾ ਇਨਸਾਨੀ ਜਜ਼ਬਾਤ ਨੂੰ ਵਿਖਾਉਂਦੀ ਹੈ। ਇਸ ਵਿਚ ਇਕ ਆਮ ਆਦਮੀ ਤੋਂ ਲੈ ਕੇ ਕਈ ਲੋਕਾਂ ਦੀ ਯਾਤਰਾ ਨੂੰ ਵਿਖਾਇਆ ਗਿਆ ਹੈ। ਸਾਡਾ ਮੰਨਣਾ ਹੈ ਕਿ ਜੇ ਇਕ ਆਮ ਆਦਮੀ ਜਿਸ ਸਮੱਸਿਆ ’ਚੋਂ ਲੰਘ ਚੁੱਕਾ ਹੈ, ਉਸ ਨੂੰ ਹੂਬਹੂ ਪਰਦੇ ’ਤੇ ਉਤਾਰੀਏ ਤਾਂ ਉਹੀ ਐਜ਼ ਏ ਰਾਈਟਰ ਸਾਡੇ ਲਈ ਅਸਲ ਕਹਾਣੀ ਹੈ। ਇਹ ਉਸ ਵੇਲੇ ਹੋਰ ਵੀ ਅਹਿਮ ਹੋ ਜਾਂਦਾ ਹੈ ਜਦੋਂ ਤੁਸੀਂ ਲੋਕਾਂ ਨੂੰ ਅਸਲੀਅਤ ’ਚ ਉਸ ਸਮੱਸਿਆ ਨਾਲ ਜੂਝਦੇ ਹੋਏ ਵੇਖਿਆ ਹੋਵੇ।

ਫ਼ਿਲਮ ਦੀ ਜੋ ਕਹਾਣੀ ਹੈ, ਉਹ ਅੱਜ ਦੇ ਦੌਰ ਦੀ ਨਹੀਂ ਮਤਲਬ ਕੁਝ ਸਾਲ ਪਹਿਲਾਂ ਦੀ ਹੈ ਤਾਂ ਉਸ ਨੂੰ ਤੁਸੀਂ ਮੌਜੂਦਾ ਸਮੇਂ ਦੇ ਨਾਲ ਜਿਵੇਂ ਜੋੜਦੇ ਹੋ?
–ਵੇਖੋ ਜਦੋਂ ਵੀ ਕੋਈ ਵੱਡੀ ਘਟਨਾ ਕਿਸੇ ਵੀ ਦੌਰ ’ਚ ਹੁੰਦੀ ਹੈ ਤਾਂ ਉਸ ਦਾ ਅਸਰ ਆਉਣ ਵਾਲੀ ਪੀੜ੍ਹੀ ਅਤੇ ਆਉਣ ਵਾਲੇ ਸਮੇਂ ਤਕ ਵੀ ਰਹਿੰਦਾ ਹੈ, ਜੋ ਸਦੀਆਂ ਤਕ ਚੱਲਦਾ ਹੈ। ਹੁਣ ਵੀ ਅਜਿਹੇ ਕਈ ਪਰਿਵਾਰ ਹਨ, ਜਿਨ੍ਹਾਂ ਨੇ ਉਹ ਸਮਾਂ ਹੰਢਾਇਆ ਹੈ। ਉਨ੍ਹਾਂ ਦੀਆਂ ਆਉਣ ਵਾਲੀਆਂ ਪੀੜ੍ਹੀਆਂ ’ਤੇ ਵੀ ਇਸ ਦਾ ਅਸਰ ਪਵੇਗਾ। ਤਾਂ ਅਜਿਹੇ ਇਤਿਹਾਸ ਦਾ ਮੌਜੂਦਾ ਸਮੇਂ ’ਤੇ ਜ਼ਰੂਰ ਅਸਰ ਪੈਂਦਾ ਹੈ, ਸਾਨੂੰ ਉਨ੍ਹਾਂ ਤੋਂ ਸਿੱਖਿਆ ਲੈਣੀ ਚਾਹੀਦੀ ਹੈ ਕਿ ਅਸੀਂ ਕੀ ਗਲਤੀਆਂ ਕੀਤੀਆਂ ਜਾਂ ਕੀ ਨਹੀਂ ਕਰਨਾ ਚਾਹੀਦਾ ਸੀ ਜਾਂ ਉਸ ਸਥਿਤੀ ਨੂੰ ਸਾਨੂੰ ਕਿਵੇਂ ਵੇਖਣਾ ਚਾਹੀਦਾ ਸੀ।

ਪੰਜਾਬ ’ਚ ਲਗਭਗ ਕਿੰਨੀਆਂ ਥਾਵਾਂ ’ਤੇ ਸ਼ੂਟਿੰਗ ਕੀਤੀ ਗਈ ਅਤੇ ਕਿਨ੍ਹਾਂ ਲੋਕੇਸ਼ਨਜ਼ ਨੂੰ ਜ਼ਿਆਦਾ ਤਰਜੀਹ ਦਿੱਤੀ ਗਈ?
–ਅਸੀਂ ਪੰਜਾਬ ਨੂੰ ਆਧਾਰ ਬਣਾ ਕੇ 80 ਤੋਂ 90 ਲੋਕੇਸ਼ਨਜ਼ ’ਤੇ ਸ਼ੂਟਿੰਗ ਕੀਤੀ। ਖਾਸ ਤੌਰ ’ਤੇ ਗੁਰਦਾਸਪੁਰ ਤੇ ਅੰਮ੍ਰਿਤਸਰ ’ਚ ਕਈ ਸੀਨ ਸ਼ੂਟ ਕੀਤੇ ਹਨ। ਇਤਿਹਾਸਕ ਕਿੱਸੇ ਨੂੰ ਵਿਖਾਉਣ ਲਈ ਇਕ ਸਪੈਸ਼ਲ ਜਗ੍ਹਾ ’ਤੇ ਸ਼ੂਟ ਕੀਤਾ।

ਕਰੈਕਟਰ ਮੁਤਾਬਕ ਸਟਾਰਕਾਸਟ ਦੀ ਚੋਣ ਕਰਨੀ ਤੁਹਾਡੇ ਲਈ ਕਿੰਨੀ ਚੁਨੌਤੀ ਭਰੀ ਰਹੀ?
-ਮੇਰਾ ਮੰਨਣਾ ਹੈ ਕਿ ਤੁਸੀਂ ਜਿਸ ਮਾਹੌਲ ’ਤੇ ਫ਼ਿਲਮ ਬਣਾ ਰਹੇ ਹੋ, ਜੇ ਉਸੇ ਮਾਹੌਲ ਦੇ ਲੋਕ ਤੁਹਾਡੀ ਟੀਮ ਵਿਚ ਸ਼ਾਮਲ ਹੋਣ ਤਾਂ ਕੰਮ ਬਹੁਤ ਮਾਅਨਿਆਂ ’ਚ ਅਸਲੀ ਲੱਗਦਾ ਹੈ। ਇਸ ਲਈ ਮੈਂ ਜ਼ਿਆਦਾਤਰ ਲੋਕ ਪੰਜਾਬੀ ਮਾਹੌਲ ’ਚੋਂ ਹੀ ਲਏ ਹਨ। ਜਿਨ੍ਹਾਂ ਨੂੰ ਇੱਥੋਂ ਬਾਰੇ ਸਮਝ ਹੋਵੇ ਕਿਉਂਕਿ ਉਨ੍ਹਾਂ ਨੇ ਜ਼ਮੀਨੀ ਹਕੀਕਤ ਵੇਖੀ ਹੁੰਦੀ ਹੈ, ਇਸ ਲਈ ਉਹੀ ਕਿਰਦਾਰ ਨੂੰ ਚੰਗੇ ਢੰਗ ਨਾਲ ਨਿਭਾਉਂਦੇ ਹਨ। ਬਾਕੀ ਵੈੱਬ ਸੀਰੀਜ਼ ’ਚ ਸਾਰਿਆਂ ਨੇ ਮੇਰੀ ਉਮੀਦ ਮੁਤਾਬਕ ਸ਼ਾਨਦਾਰ ਕਾਰਗੁਜ਼ਾਰੀ ਵਿਖਾਈ ਹੈ।

‘ਕੈਟ’ ਤੋਂ ਬਾਅਦ ਤੁਹਾਡੀ ਕੀ ਯੋਜਨਾ ਹੈ?
ਇਸ ਤੋਂ ਬਾਅਦ ਸੀਜ਼ਨ-2 ਲੈ ਕੇ ਆਵਾਂਗੇ, ਜਿਸ ਦੀ ਕਹਾਣੀ ’ਤੇ ਅਜੇ ਕੰਮ ਚੱਲ ਰਿਹਾ ਹੈ। ਸੀਜ਼ਨ-1 ’ਚ ਕੁਲ 8 ਐਪੀਸੋਡ ਹੋਣਗੇ, ਜਿਨ੍ਹਾਂ ਦੀ ਸਮਾਂ-ਹੱਦ 40 ਮਿੰਟ ਦੀ ਹੋਵਗੀ। ਇਸ ਤੋਂ ਬਾਅਦ ਜਦੋਂ ਕਹਾਣੀ ਅੱਗੇ ਵਧਦੀ ਹੈ ਤਾਂ ਉਸ ਨੂੰ ਦੂਜੇ ਸੀਜ਼ਨ ’ਚ ਵਿਖਾਇਆ ਜਾਵੇਗਾ।
 


sunita

Content Editor

Related News