ਪਤੀ ਆਦਿਲ ਖ਼ਾਨ ਤੋਂ ਆਪਣੇ 1.5 ਕਰੋੜ ਰੁਪਏ ਮੰਗ ਰਹੀ ਰਾਖੀ ਸਾਵੰਤ, ਦੇਖੋ ਵੀਡੀਓ
Saturday, Feb 11, 2023 - 10:39 AM (IST)
ਮੁੰਬਈ (ਬਿਊਰੋ)– ਰਾਖੀ ਸਾਵੰਤ ਇਨ੍ਹੀਂ ਦਿਨੀਂ ਕਾਫੀ ਸੁਰਖ਼ੀਆਂ ’ਚ ਹੈ। ਅਦਾਕਾਰਾ ਦੀ ਮਾਂ ਦਾ ਹਾਲ ਹੀ ’ਚ ਦਿਹਾਂਤ ਹੋਇਆ ਤੇ ਉਨ੍ਹਾਂ ਦੀ ਮੌਤ ਤੋਂ ਬਾਅਦ ਰਾਖੀ ਸਾਵੰਤ ਦੀ ਵਿਆਹੁਤਾ ਜ਼ਿੰਦਗੀ ’ਚ ਹਲਚਲ ਮਚ ਗਈ ਹੈ। ਰਾਖੀ ਨੇ ਆਪਣੇ ਪਤੀ ਆਦਿਲ ਖ਼ਾਨ ’ਤੇ ਕਈ ਦੋਸ਼ ਲਗਾਏ ਹਨ ਤੇ ਉਸ ਨੂੰ ਜੇਲ ਵੀ ਭੇਜ ਦਿੱਤਾ ਹੈ।
ਇਸ ਵਿਚਾਲੇ ਰਾਖੀ ਦੀ ਇਕ ਹੋਰ ਵੀਡੀਓ ਸਾਹਮਣੇ ਆਈ ਹੈ, ਜਿਸ ’ਚ ਉਹ ਆਦਿਲ ਖ਼ਾਨ ਤੋਂ ਪੈਸੇ ਮੰਗਦੀ ਨਜ਼ਰ ਆ ਰਹੀ ਹੈ। ਇਸ ਵੀਡੀਓ ਦੇ ਸਾਹਮਣੇ ਆਉਣ ਤੋਂ ਬਾਅਦ ਲੋਕ ਕਾਫੀ ਹੈਰਾਨ ਹਨ।
ਇਹ ਖ਼ਬਰ ਵੀ ਪੜ੍ਹੋ : ਵਿੱਕੀ ਮਿੱਡੂਖੇੜਾ ਦੇ ਕਤਲ ਤੋਂ ਬਾਅਦ ਅੰਡਰ ਗਰਾਊਂਡ ਹੋਇਆ ਸੀ ਸ਼ਗਨਪ੍ਰੀਤ, ਕੀ ਸਰਕਾਰ ਤੋਂ ਮਿਲੇਗੀ ਸਕਿਉਰਟੀ?
ਰਾਖੀ ਸਾਵੰਤ ਦੀ ਇਕ ਵੀਡੀਓ ਸਾਹਮਣੇ ਆਈ ਹੈ, ਜਿਸ ’ਚ ਆਦਿਲ ਖ਼ਾਨ ਉਸ ਦੇ ਸਾਹਮਣੇ ਬੈਠਾ ਨਜ਼ਰ ਆ ਰਿਹਾ ਹੈ। ਵੀਡੀਓ ’ਚ ਰਾਖੀ ਪੁੱਛ ਰਹੀ ਹੈ ਕਿ ਤੁਸੀਂ ਮੇਰੇ ਤੋਂ ਲਏ ਡੇਢ ਕਰੋੜ ਰੁਪਏ ਕਦੋਂ ਦੇਣ ਜਾ ਰਹੇ ਹੋ। ਇਸ ’ਤੇ ਆਦਿਲ ਕਹਿੰਦਾ ਹੈ, ‘‘ਚਾਰ ਮਹੀਨਿਆਂ ’ਚ ਤੇ ਉਹ ਵੀ ਮੁਨਾਫ਼ੇ ਦੇ ਨਾਲ।’’
ਇਹ ਸੁਣ ਕੇ ਰਾਖੀ ਇਹ ਕਹਿੰਦੀ ਨਜ਼ਰ ਆਉਂਦੀ ਹੈ ਕਿ ਉਸ ਨੂੰ ਮੁਨਾਫ਼ਾ ਨਹੀਂ ਚਾਹੀਦਾ, ਉਸ ਨੂੰ ਸਿਰਫ ਆਪਣੇ ਪੈਸੇ ਚਾਹੀਦੇ ਹਨ, ਜੋ ਉਸ ਨੇ ਸਖ਼ਤ ਮਿਹਨਤ ਨਾਲ ਕਮਾਏ ਹਨ। ਉਹ ਇਹ ਕਹਿੰਦੀ ਨਜ਼ਰ ਆ ਰਹੀ ਹੈ ਕਿ ਆਦਿਲ ਖ਼ਾਨ ਮੁਨਾਫ਼ਾ ਰੱਖ ਲਵੇ ਪਰ ਉਸ ਦੇ ਪੈਸੇ ਉਸ ਨੂੰ ਵਾਪਸ ਕਰ ਦੇਵੇ। ਰਾਖੀ ਇਹ ਕਹਿੰਦੀ ਨਜ਼ਰ ਆ ਰਹੀ ਹੈ ਕਿ ਉਸ ਨੇ ਇਹ ਪੈਸੇ ਆਪਣੇ ਗਹਿਣੇ ਵੇਚ ਕੇ ਲਏ ਹਨ। ਵੀਡੀਓ ’ਚ ਆਦਿਲ ਦੇ ਹੱਥ ’ਚ ਦਵਾਈ ਦਾ ਪੱਤਾ ਵੀ ਨਜ਼ਰ ਆ ਰਿਹਾ ਹੈ ਤੇ ਉਹ ਰਾਖੀ ਦੇ ਹਰ ਸਵਾਲ ਦਾ ਜਵਾਬ ਬਹੁਤ ਹੀ ਦੱਬੀ ਹੋਈ ਆਵਾਜ਼ ’ਚ ਦੇ ਰਿਹਾ ਹੈ।
ਛੋਟੇ ਪਰਦੇ ਦੀ ਡਰਾਮਾ ਕੁਈਨ ਰਾਖੀ ਸਾਵੰਤ ਨੇ ਹਾਲ ਹੀ ’ਚ ਆਪਣੇ ਪਤੀ ਆਦਿਲ ਖ਼ਾਨ ਦੁਰਾਨੀ ’ਤੇ ਕਈ ਗੰਭੀਰ ਦੋਸ਼ ਲਗਾਉਂਦਿਆਂ ਪੁਲਸ ’ਚ ਸ਼ਿਕਾਇਤ ਦਰਜ ਕਰਵਾਈ ਸੀ। ਜਿਸ ਤੋਂ ਬਾਅਦ ਪੁਲਸ ਨੇ 7 ਫਰਵਰੀ ਨੂੰ ਆਦਿਲ ਨੂੰ ਗ੍ਰਿਫ਼ਤਾਰ ਕਰ ਲਿਆ। ਰਾਖੀ ਸਾਵੰਤ ਦੇ ਭਰਾ ਰਾਕੇਸ਼ ਸਾਵੰਤ ਨੇ ਆਦਿਲ ਖ਼ਾਨ ਬਾਰੇ ਖ਼ੁਲਾਸਾ ਕੀਤਾ ਹੈ। ਉਸ ਨੇ ਦੱਸਿਆ ਕਿ ਮਾਂ ਦੀ ਮੌਤ ਵਾਲੇ ਦਿਨ ਆਦਿਲ ਖ਼ਾਨ ਨੇ ਰਾਖੀ ਸਾਵੰਤ ਨਾਲ ਕੁੱਟਮਾਰ ਕੀਤੀ ਸੀ। ਖ਼ਬਰਾਂ ਮੁਤਾਬਕ ਰਾਖੀ ਸਾਵੰਤ ਨੇ ਪਿਛਲੇ ਸਾਲ 29 ਮਈ ਨੂੰ ਆਦਿਲ ਖ਼ਾਨ ਨਾਲ ਮੁਸਲਿਮ ਰੀਤੀ-ਰਿਵਾਜ਼ਾਂ ਨਾਲ ਵਿਆਹ ਕਰਵਾਇਆ ਸੀ। ਇਸ ਤੋਂ ਪਹਿਲਾਂ ਰਾਖੀ ਨੇ ਰਿਤੇਸ਼ ਰਾਜ ਸਿੰਘ ਨਾਲ ਸੱਤ ਫੇਰੇ ਲਏ ਸਨ ਪਰ ਦੋਵਾਂ ਦਾ ਇਹ ਵਿਆਹ ਜ਼ਿਆਦਾ ਦਿਨ ਨਹੀਂ ਚੱਲ ਸਕਿਆ।
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।