ਰਾਜਵੀਰ ਜਵੰਦਾ ਦੀ ਸਿਹਤ ਬਾਰੇ ਵੱਡੀ ਅਪਡੇਟ ! ਨਵੀਂ ਰਿਪੋਰਟ ਨੇ ਵਧਾਈ ਚਿੰਤਾ
Tuesday, Sep 30, 2025 - 04:25 PM (IST)

ਐਂਟਰਟੇਨਮੈਂਟ ਡੈਸਕ- ਮੋਹਾਲੀ ਦੇ ਫੋਰਟਿਸ ਹਸਪਤਾਲ ਵੱਲੋਂ ਗਾਇਕ ਰਾਜਵੀਰ ਜਵੰਦਾ ਦੀ ਸਿਹਤ ਨਾਲ ਸਬੰਧਤ ਨਵਾਂ ਅਪਡੇਟ ਜਾਰੀ ਕੀਤਾ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਪੰਜਾਬੀ ਗਾਇਕ ਰਾਜਵੀਰ ਜਵੰਦਾ ਦੀ ਸਿਹਤ ਅਜੇ ਵੀ ਨਾਜ਼ੁਕ ਬਣੀ ਹੋਈ ਹੈ। ਐਮਆਰਆਈ ਸਕੈਨ ’ਚ ਪਾਇਆ ਗਿਆ ਕਿ ਬ੍ਰੇਨ ’ਚ ਗੰਭੀਰ ਸੱਟਾਂ ਲੱਗੀਆਂ ਹਨ। ਗਾਇਕ ਰਾਜਵੀਰ ਜਵੰਦਾ ਫੋਰਟਿਸ ਹਸਪਤਾਲ ਮੋਹਾਲੀ ਵਿਖੇ ਲਾਈਫ ਸਪੋਰਟ 'ਤੇ ਹਨ। ਉਨ੍ਹਾਂ ਦੀ ਨਿਊਰੋਲੋਜੀਕਲ ਸਥਿਤੀ ਨਾਜ਼ੁਕ ਬਣੀ ਹੋਈ ਹੈ, ਦਿਮਾਗ ਦੀ ਗਤੀਵਿਧੀ ਘੱਟ ਹੈ ਅਤੇ ਉੱਨਤ ਡਾਕਟਰੀ ਇਲਾਜ ਦੇ ਬਾਵਜੂਦ ਕੋਈ ਮਹੱਤਵਪੂਰਨ ਸੁਧਾਰ ਨਹੀਂ ਹੋਇਆ ਹੈ।
ਹਸਪਤਾਲ ਨੇ ਇਹ ਵੀ ਦੱਸਿਆ ਕਿ ਇੱਕ ਦਿਮਾਗ ਦੇ ਐਮਆਰਆਈ ਸਕੈਨ ਵਿੱਚ ਹਾਈਪੋਕਸਿਕ ਤਬਦੀਲੀਆਂ ਦਿਖਾਈਆਂ ਗਈਆਂ ਜੋ ਪ੍ਰਾਇਮਰੀ ਸੈਂਟਰ ਵਿੱਚ ਸੀਪੀਆਰ ਦਿੱਤੇ ਜਾਣ ਤੋਂ ਬਾਅਦ ਹੋਈਆਂ ਸਨ। ਇੱਕ ਰੀੜ੍ਹ ਦੀ ਹੱਡੀ ਦੇ ਐਮਆਰਆਈ ਨੇ ਸਰਵਾਈਕਲ ਅਤੇ ਡੋਰਸਲ ਖੇਤਰਾਂ ਨੂੰ ਵਿਆਪਕ ਨੁਕਸਾਨ ਦਾ ਖੁਲਾਸਾ ਕੀਤਾ, ਜਿਸਦੇ ਨਤੀਜੇ ਵਜੋਂ ਸਾਰੇ ਚਾਰੇ ਅੰਗਾਂ ਵਿੱਚ ਗੰਭੀਰ ਕਮਜ਼ੋਰੀ ਆਈ। ਉਨ੍ਹਾਂ ਨੂੰ ਲੰਬੇ ਸਮੇਂ ਲਈ ਵੈਂਟੀਲੇਟਰ ਸਹਾਇਤਾ ਦੀ ਲੋੜ ਹੈ।
ਜ਼ਿਕਰਯੋਗ ਹੈ ਕਿ ਰਾਜਵੀਰ ਸ਼ਨੀਵਾਰ ਨੂੰ ਹਿਮਾਚਲ ਪ੍ਰਦੇਸ਼ ਦੇ ਸੋਲਾਨ ਜ਼ਿਲ੍ਹੇ ਵਿੱਚ ਸ਼ਿਮਲਾ ਜਾਂਦੇ ਸਮੇਂ ਮੋਟਰਸਾਈਕਲ ਤੋਂ ਕੰਟਰੋਲ ਗੁਆ ਬੈਠੇ ਅਤੇ ਗੰਭੀਰ ਜ਼ਖ਼ਮੀ ਹੋ ਗਏ ਸਨ। ਮੋਹਾਲੀ ਦੇ ਫੋਰਟਿਸ ਹਸਪਤਾਲ ਵਿੱਚ ਉਨ੍ਹਾਂ ਦਾ ਇਲਾਜ ਜਾਰੀ ਹੈ। ਰਾਜਵੀਰ ਦੇ ਗੀਤਾਂ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ‘ਖੁਸ਼ ਰਿਹਾ ਕਰ’, ‘ਸਰਦਾਰੀ’’, ‘ਲੈਂਡਲਾਰਡ’, ‘ਡਾਊਨ ਟੂ ਅਰਥ’ ਤੇ ‘ਕੰਗਣੀ’ ਵਰਗੇ ਮਸ਼ਹੂਰ ਗੀਤ ਪ੍ਰਸ਼ੰਸਕਾਂ ਦੀ ਝੋਲੀ ਪਾਏ ਹਨ। ਉਹਨਾਂ ਨੇ 2018 ਵਿੱਚ ਗਿੱਪੀ ਗਰੇਵਾਲ-ਸਟਾਰਰ ਫਿਲਮ 'ਸੂਬੇਦਾਰ ਜੋਗਿੰਦਰ ਸਿੰਘ', 2019 ਵਿੱਚ 'ਜਿੰਦ ਜਾਨ' ਅਤੇ 'ਮਿੰਦੋ ਤਸੀਲਦਾਰਨੀ' ਵਿੱਚ ਵੀ ਅਦਾਕਾਰੀ ਕੀਤੀ ਸੀ।