ਥੀਏਟਰਾਂ ''ਚ ਨਹੀਂ ਹੁਣ OTT ''ਤੇ ਇਸ ਦਿਨ ਰਿਲੀਜ਼ ਹੋਵੇਗੀ ''ਭੂਲ ਚੁਕ ਮਾਫ਼'', ਇਸ ਕਾਰਨ ਲਿਆ ਗਿਆ ਫੈਸਲਾ
Thursday, May 08, 2025 - 02:08 PM (IST)

ਨਵੀਂ ਦਿੱਲੀ (ਏਜੰਸੀ)- ਮੈਡੌਕ ਫਿਲਮਜ਼ ਨੇ ਵੀਰਵਾਰ ਨੂੰ ਐਲਾਨ ਕੀਤਾ ਕਿ ਰਾਜਕੁਮਾਰ ਰਾਓ ਅਤੇ ਵਾਮਿਕਾ ਗੱਬੀ ਦੀ ਨਵੀਂ ਫਿਲਮ 'ਭੂਲ ਚੁਕ ਮਾਫ' ਸ਼ੁੱਕਰਵਾਰ ਨੂੰ ਵੱਡੇ ਪਰਦੇ (ਥੀਏਟਰਾਂ) 'ਤੇ ਰਿਲੀਜ਼ ਨਹੀਂ ਹੋਵੇਗੀ। ਦੇਸ਼ ਭਰ ਵਿੱਚ ਹਾਲੀਆ ਘਟਨਾਵਾਂ ਅਤੇ ਸੁਰੱਖਿਆ ਉਪਾਵਾਂ ਦੇ ਮੱਦੇਨਜ਼ਰ, ਇਹ ਫਿਲਮ ਹੁਣ 16 ਮਈ ਨੂੰ ਪ੍ਰਾਈਮ ਵੀਡੀਓ 'ਤੇ ਰਿਲੀਜ਼ ਕੀਤੀ ਜਾਵੇਗੀ। ਫਿਲਮ ਨਿਰਮਾਣ ਕੰਪਨੀ ਨੇ ਇਕ ਬਿਆਨ ਵਿਚ ਕਿਹਾ, "ਹਾਲੀਆ ਘਟਨਾਵਾਂ ਅਤੇ ਦੇਸ਼ ਵਿਆਪੀ ਸੁਰੱਖਿਆ ਅਭਿਆਸਾਂ ਦੇ ਮੱਦੇਨਜ਼ਰ, ਮੈਡੌਕ ਫਿਲਮਜ਼ ਅਤੇ ਐਮਾਜ਼ਾਨ ਐੱਮਜੀਐੱਮ ਸਟੂਡੀਓਜ਼ ਨੇ ਫੈਸਲਾ ਕੀਤਾ ਹੈ ਕਿ ਪਰਿਵਾਰਕ ਮਨੋਰੰਜਨ ਫਿਲਮ 'ਭੂਲ ਚੁਕ ਮਾਫ਼' ਹੁਣ ਸਿੱਧੇ ਤੁਹਾਡੇ ਘਰਾਂ ਤੱਕ ਪਹੁੰਚੇਗੀ। ਇਹ ਫਿਲਮ 16 ਮਈ ਨੂੰ ਪ੍ਰਾਈਮ ਵੀਡੀਓ 'ਤੇ ਰਿਲੀਜ਼ ਹੋਵੇਗੀ।"
ਇਹ ਐਲਾਨ ਭਾਰਤੀ ਹਥਿਆਰਬੰਦ ਬਲਾਂ ਵੱਲੋਂ ਮੰਗਲਵਾਰ ਦੇਰ ਰਾਤ 'ਆਪ੍ਰੇਸ਼ਨ ਸਿੰਦੂਰ' ਤਹਿਤ ਪਾਕਿਸਤਾਨ ਵਿੱਚ ਅੱਤਵਾਦੀ ਕੈਂਪਾਂ 'ਤੇ ਮਿਜ਼ਾਈਲ ਹਮਲੇ ਕਰਨ ਤੋਂ ਇੱਕ ਦਿਨ ਬਾਅਦ ਆਇਆ ਹੈ। ਇਹ ਹਮਲਾ ਪਹਿਲਗਾਮ ਵਿੱਚ ਹੋਏ ਅੱਤਵਾਦੀ ਹਮਲੇ ਦੇ ਜਵਾਬ ਵਿੱਚ ਕੀਤਾ ਗਿਆ ਸੀ ਜਿਸ ਵਿੱਚ 26 ਲੋਕਾਂ ਦੀ ਜਾਨ ਚਲੀ ਗਈ ਸੀ। ਬਿਆਨ ਵਿੱਚ ਅੱਗੇ ਕਿਹਾ ਗਿਆ ਹੈ, "ਅਸੀਂ ਤੁਹਾਡੇ ਨਾਲ ਸਿਨੇਮਾਘਰਾਂ ਵਿੱਚ ਇਹ ਫਿਲਮ ਦੇਖਣ ਲਈ ਉਤਸ਼ਾਹਿਤ ਸੀ, ਪਰ ਦੇਸ਼ ਪਹਿਲਾਂ ਆਉਂਦਾ ਹੈ। ਜੈ ਹਿੰਦ!" ਇਸ ਫਿਲਮ ਦਾ ਨਿਰਦੇਸ਼ਨ ਅਤੇ ਸਕ੍ਰੀਨਲੇਖ ਕਰਨ ਸ਼ਰਮਾ ਨੇ ਕੀਤਾ ਹੈ।