ਪ੍ਰਸਿੱਧ ਗਾਇਕ ਰਾਜ ਬਰਾੜ ਦੀ ਧੀ ਸਵੀਤਾਜ਼ ਬਰਾੜ ਦੀ ਖੁੱਲ੍ਹੀ ਕਿਸਮਤ
Thursday, Jul 23, 2020 - 03:45 PM (IST)

ਜਲੰਧਰ (ਬਿਊਰੋ) — ਪ੍ਰਸਿੱਧ ਗਾਇਕ ਰਾਜ ਬਰਾੜ ਦੀ ਧੀ ਸਵੀਤਾਜ਼ ਬਰਾੜ ਪੰਜਾਬੀ ਫ਼ਿਲਮ ਉਦਯੋਗ ਤੇ ਸੰਗੀਤ ਜਗਤ 'ਚ ਪਛਾਣ ਬਣਾਉਣ ਲਈ ਲਗਾਤਾਰ ਮਿਹਨਤ ਕਰ ਰਹੀ ਹੈ। ਸਵੀਤਾਜ਼ ਨੂੰ ਇੱਕ ਹੋਰ ਪੰਜਾਬੀ ਫ਼ਿਲਮ ਮਿਲ ਗਈ ਹੈ। ਇਸ ਫ਼ਿਲਮ 'ਚ ਉਨ੍ਹਾਂ ਨਾਲ ਕੁਲਵਿੰਦਰ ਬਿੱਲਾ ਪਰਦੇ 'ਤੇ ਨਜ਼ਰ ਆਉਣਗੇ। ਇਸ ਫ਼ਿਲਮ ਨੂੰ 'ਗੋਲੇ ਦੀ ਬੇਗੀ' ਟਾਈਟਲ ਹੇਠ ਰਿਲੀਜ਼ ਕੀਤਾ ਜਾਵੇਗਾ। ਫ਼ਿਲਮ ਦੇ ਟਾਈਟਲ ਤੋਂ ਲਗਦਾ ਹੈ ਕਿ ਇਹ ਰੋਮਾਂਟਿਕ ਕਾਮੇਡੀ ਹੋਵੇਗੀ।
ਇਸ ਫ਼ਿਲਮ ਦਾ ਪੋਸਟਰ ਕੁਲਵਿੰਦਰ ਬਿੱਲਾ ਤੇ ਸਵੀਤਾਜ਼ ਬਰਾੜ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਸਾਂਝਾ ਕੀਤਾ ਹੈ। ਇਸ ਫ਼ਿਲਮ 'ਚ ਇਸ ਜੋੜੀ ਨਾਲ ਜੱਗੀ ਬੈਂਸ, ਰੁਪਿੰਦਰ ਰੂਪੀ, ਜਤਿੰਦਰ ਕੌਰ, ਸੁਖਵਿੰਦਰ ਚਾਹਲ ਸਮੇਤ ਹੋਰ ਕਈ ਕਲਾਕਾਰ ਨਜ਼ਰ ਆਉਣਗੇ।
ਕਹਾਣੀ ਦੀ ਗੱਲ ਕੀਤੀ ਜਾਵੇ ਤਾਂ ਇਹ ਸੁਖਜੀਤ ਜੈਤੋਂ ਦੀ ਹੈ ਜਦੋਂਕਿ ਸਕ੍ਰੀਨ ਪਲੇਅ ਅਤੇ ਡਾਈਲਾਗ ਸੁਰਿੰਦਰ ਦੇ ਹਨ। ਇਸ ਫ਼ਿਲਮ ਨੂੰ ਕਿਸ ਤਰ੍ਹਾਂ ਦਾ ਹੁੰਗਾਰਾ ਮਿਲੇਗਾ, ਇਹ ਤਾਂ ਰਿਲੀਜ਼ ਹੋਣ ਤੋਂ ਬਾਅਦ ਹੀ ਪਤਾ ਲੱਗੇਗਾ। ਹਾਲਾਂਕਿ ਕੋਰੋਨਾ ਵਾਇਰਸ ਕਰਕੇ ਫ਼ਿਲਮਾਂ ਦੀ ਸ਼ੂਟਿੰਗ 'ਤੇ ਵੀ ਕਾਫ਼ੀ ਅਸਰ ਪਿਆ ਹੈ, ਜਿਸ ਕਰਕੇ ਹੁਣ ਰਿਲੀਜ਼ਿੰਗ ਡੇਟ ਦੀ ਵੀ ਮਾਰਾ-ਮਾਰੀ ਸ਼ੁਰੂ ਹੋ ਗਈ ਹੈ। ਇਸ ਲਈ ਹੁਣ ਅਕਸਰ ਫ਼ਿਲਮਾਂ ਲਈ ਅਗਲੇ ਸਾਲ ਦੀਆਂ ਤਾਰੀਖਾਂ ਅਨਾਊਂਸ ਕੀਤੀਆਂ ਜਾ ਰਹੀਆਂ ਹਨ।