ਕਿਸਾਨਾਂ ਦੀ ਕਰਜ਼ਾ ਮੁਆਫ਼ੀ ’ਤੇ KBC ’ਚ ਸਵਾਲ, ਅਮਿਤਾਭ ਨੇ ਕਿਵੇਂ ਕਰ ਦਿੱਤੀ ਇਹ ਗਲਤੀ? ਚੈਨਲ ਨੇ ਦੱਸਿਆ ਸੱਚ
Saturday, Nov 18, 2023 - 10:56 AM (IST)
ਮੁੰਬਈ (ਬਿਊਰੋ)– ਬਾਲੀਵੁੱਡ ਮੈਗਾਸਟਾਰ ਅਮਿਤਾਭ ਬੱਚਨ ਇਨ੍ਹੀਂ ਦਿਨੀਂ ਗੇਮ ਸ਼ੋਅ ‘ਕੌਣ ਬਣੇਗਾ ਕਰੋੜਪਤੀ’ ਦੀ ਮੇਜ਼ਬਾਨੀ ਕਰ ਰਹੇ ਹਨ। ਇਨ੍ਹੀਂ ਦਿਨੀਂ ‘ਕੇ. ਬੀ. ਸੀ. 15’ ਟੀ. ਵੀ. ’ਤੇ ਚੱਲ ਰਿਹਾ ਹੈ ਤੇ ਦਰਸ਼ਕ ਇਸ ਨੂੰ ਬਹੁਤ ਪਸੰਦ ਕਰ ਰਹੇ ਹਨ। ਦੇਸ਼ ਭਰ ਤੋਂ ਕਈ ਮੁਕਾਬਲੇਬਾਜ਼ ਆਪਣੀ ਕਿਸਮਤ ਅਜ਼ਮਾ ਰਹੇ ਹਨ ਤੇ ਸ਼ੋਅ ’ਚ ਹਿੱਸਾ ਲੈ ਰਹੇ ਹਨ। ਕਈਆਂ ਨੂੰ ਹੌਟ ਸੀਟ ’ਤੇ ਪਹੁੰਚ ਕੇ ਵੱਡੀ ਰਕਮ ਜਿੱਤਣ ਦਾ ਮੌਕਾ ਵੀ ਮਿਲਿਆ ਹੈ। ਇਸ ਦੌਰਾਨ ‘ਕੇ. ਬੀ. ਸੀ.’ ਤੋਂ ਇਕ ਵੀਡੀਓ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਹੀ ਹੈ।
ਇਹ ਖ਼ਬਰ ਵੀ ਪੜ੍ਹੋ : ਮੂਸੇਵਾਲਾ ਕਤਲ ਮਾਮਲੇ 'ਚ ਮਾਨਸਾ ਅਦਾਲਤ 'ਚ 25 ਮੁਲਜ਼ਮ ਹੋਏ ਪੇਸ਼, 30 ਨਵੰਬਰ ਨੂੰ ਹੋਵੇਗੀ ਬਹਿਸ
‘ਕੇ. ਬੀ. ਸੀ.’ ਦੀ ਵੀਡੀਓ ਹੋ ਰਹੀ ਵਾਇਰਲ
ਇਸ ਵੀਡੀਓ ’ਚ ਅਮਿਤਾਭ ਬੱਚਨ ਇਕ ਮੁਕਾਬਲੇਬਾਜ਼ ਨੂੰ ਮੱਧ ਪ੍ਰਦੇਸ਼ ਦੀ ਕਮਲਨਾਥ ਸਰਕਾਰ ਬਾਰੇ ਸਵਾਲ ਕਰ ਰਹੇ ਹਨ। ਅਮਿਤਾਭ ਮੁਕਾਬਲੇਬਾਜ਼ ਨੂੰ ਪੁੱਛਦੇ ਹਨ ਕਿ ਕਮਲਨਾਥ ਜੀ ਨੇ ਇੰਨੇ ਕਿਸਾਨਾਂ ਦਾ ਕਰਜ਼ਾ ਮੁਆਫ਼ ਕੀਤਾ ਸੀ। ਇਸ ਦੇ ਲਈ ਉਹ ਮੋਟੀ ਰਕਮ ਦੇ ਨਾਲ ਵਿਕਲਪ ਵੀ ਪੇਸ਼ ਕਰਦੇ ਹਨ। ਪ੍ਰਤੀਯੋਗੀ ਜਵਾਬ ਦਿੰਦਾ ਹੈ– 27 ਲੱਖ। ਇਹ ਜਵਾਬ ਸਹੀ ਕਿਹਾ ਜਾਂਦਾ ਹੈ। ਹੁਣ ਸ਼ੋਅ ਨਾਲ ਜੁੜੇ ਚੈਨਲ ਨੇ ਇਸ ਵੀਡੀਓ ਨੂੰ ਸ਼ੇਅਰ ਕਰਕੇ ਸਪੱਸ਼ਟ ਕੀਤਾ ਹੈ ਕਿ ਇਹ ਵੀਡੀਓ ਅਸਲ ’ਚ ਫਰਜ਼ੀ ਹੈ। ਇਹ ਸਵਾਲ ਅਮਿਤਾਭ ਦੇ ਸ਼ੋਅ ’ਚ ਕਿਸੇ ਪ੍ਰਤੀਯੋਗੀ ਨੂੰ ਨਹੀਂ ਪੁੱਛਿਆ ਗਿਆ ਸੀ।
ਚੈਨਲ ਨੇ ਦਿੱਤਾ ਸਪੱਸ਼ਟੀਕਰਨ
ਸੋਨੀ ਟੀ. ਵੀ. ਚੈਨਲ ਨੇ ਆਪਣੇ ਅਧਿਕਾਰਤ ਟਵਿਟਰ ਤੇ ਇੰਸਟਾਗ੍ਰਾਮ ਹੈਂਡਲ ਰਾਹੀਂ ਇਸ ਵੀਡੀਓ ਦੀ ਸੱਚਾਈ ਦਾ ਖ਼ੁਲਾਸਾ ਕੀਤਾ ਹੈ। ਇੰਸਟਾਗ੍ਰਾਮ ’ਤੇ ਵੀਡੀਓ ਸ਼ੇਅਰ ਕਰਦਿਆਂ ਲਿਖਿਆ ਗਿਆ, ‘‘ਕੌਣ ਬਣੇਗਾ ਕਰੋੜਪਤੀ ਦੀ ਇਹ ਫਰਜ਼ੀ ਵੀਡੀਓ ਲੋਕਾਂ ਨੂੰ ਗੁੰਮਰਾਹ ਕਰ ਰਹੀ ਹੈ। ਜੇਕਰ ਤੁਸੀਂ ਸਹੀ ਐਪੀਸੋਡ ਦੇਖਣਾ ਚਾਹੁੰਦੇ ਹੋ ਤਾਂ ਸਾਡੇ YouTube ਚੈਨਲ ’ਤੇ ਜਾਓ।’’
ਟਵਿਟਰ ’ਤੇ ਸ਼ੇਅਰ ਕੀਤੀ ਗਈ ਪੋਸਟ ’ਚ ਲਿਖਿਆ ਗਿਆ, ‘‘ਸਾਨੂੰ ਸਾਡੇ ਸ਼ੋਅ ‘ਕੌਣ ਬਣੇਗਾ ਕਰੋੜਪਤੀ’ ਦੀ ਇਕ ਫਰਜ਼ੀ ਵੀਡੀਓ ਵਾਇਰਲ ਹੋਣ ਬਾਰੇ ਚਿਤਾਵਨੀ ਦਿੱਤੀ ਗਈ ਹੈ। ਇਨ੍ਹਾਂ ਵੀਡੀਓਜ਼ ’ਚ ਹੋਸਟ ਤੇ ਮੁਕਾਬਲੇਬਾਜ਼ਾਂ ਦੀਆਂ ਜਾਅਲੀ ਆਵਾਜ਼ਾਂ ਦੀ ਵਰਤੋਂ ਕਰਕੇ ਝੂਠੀ ਸਮੱਗਰੀ ਦਿਖਾਈ ਗਈ ਹੈ। ਅਸੀਂ ਅਜਿਹੀ ਗਲਤ ਜਾਣਕਾਰੀ ਦੀ ਸਖ਼ਤ ਨਿੰਦਿਆ ਕਰਦੇ ਹਾਂ। ਅਸੀਂ ਇਸ ਮਾਮਲੇ ’ਤੇ ਸਾਈਬਰ ਸੈੱਲ ਨਾਲ ਮਿਲ ਕੇ ਕੰਮ ਕਰ ਰਹੇ ਹਾਂ। ਦਰਸ਼ਕਾਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਉਹ ਗੈਰ-ਪ੍ਰਮਾਣਿਤ ਸਮੱਗਰੀ ਨੂੰ ਸਾਂਝਾ ਕਰਨ ਤੋਂ ਬਚਣ।’’
ਸੋਸ਼ਲ ਮੀਡੀਆ ’ਤੇ ਇਸ ਫਰਜ਼ੀ ਵੀਡੀਓ ’ਤੇ ਯੂਜ਼ਰਸ ਵਲੋਂ ਵੱਖ-ਵੱਖ ਪ੍ਰਤੀਕਿਰਿਆਵਾਂ ਆ ਰਹੀਆਂ ਹਨ। ਫਰਜ਼ੀ ਵੀਡੀਓ ਦੇਖ ਕੇ ਕਈ ਲੋਕ ਚੈਨਲ ਤੇ ਸ਼ੋਅ ਦੀ ਆਲੋਚਨਾ ਕਰ ਰਹੇ ਸਨ। ਹਾਲਾਂਕਿ ਹੁਣ ਚੈਨਲ ਤੋਂ ਸੱਚਾਈ ਸਾਹਮਣੇ ਆਉਣ ਤੋਂ ਬਾਅਦ ਸਭ ਕੁਝ ਸਪੱਸ਼ਟ ਹੋ ਗਿਆ ਹੈ। ਅਮਿਤਾਭ ਬੱਚਨ 2001 ਤੋਂ ‘ਕੇ. ਬੀ. ਸੀ.’ ਦੀ ਮੇਜ਼ਬਾਨੀ ਕਰ ਰਹੇ ਹਨ। ਪ੍ਰਸ਼ੰਸਕ ਵੀ ਉਨ੍ਹਾਂ ਨੂੰ ਹੋਸਟ ਦੇ ਤੌਰ ’ਤੇ ਕਾਫ਼ੀ ਪਸੰਦ ਕਰਦੇ ਹਨ। ਸ਼ੋਅ ਦਾ 15ਵਾਂ ਸੀਜ਼ਨ ਵੀ ਦਰਸ਼ਕਾਂ ਦੇ ਪਸੰਦੀਦਾ ਸ਼ੋਅ ਬਣ ਗਿਆ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।