ਗਾਇਕੀ ਤੋਂ ਪਹਿਲਾਂ ਇਹ ਕੰਮ ਕਰਦੇ ਸਨ ਸੁਰਿੰਦਰ ਛਿੰਦਾ, ਇਕੋ ਝਟਕੇ ''ਚ ਬਦਲੀ ਸੀ ਪੂਰੀ ਜ਼ਿੰਦਗੀ
Wednesday, Jul 26, 2023 - 10:16 AM (IST)
ਚੰਡੀਗੜ੍ਹ (ਬਿਊਰੋ) : 80-90 ਦੇ ਦਹਾਕੇ ਦੇ ਮਸ਼ਹੂਰ ਲੋਕ ਗਾਇਕ ਸੁਰਿੰਦਰ ਛਿੰਦਾ ਅੱਜ ਫ਼ਾਨੀ ਦੁਨੀਆ ਨੂੰ ਅਲਵਿਦਾ ਕਹਿ ਗਏ ਹਨ। ਦੱਸਿਆ ਜਾ ਰਿਹਾ ਹੈ ਕਿ ਉਹ ਪਿਛਲੇ ਲੰਬੇ ਸਮੇਂ ਤੋਂ ਬੀਮਾਰ ਸਨ। ਅੱਜ ਸਵੇਰੇ 7.30 ਵਜੇ ਉਨ੍ਹਾਂ ਨੇ ਡੀ. ਐੱਮ. ਸੀ. ਹਸਪਤਾਲ ਵਿਖੇ ਆਖ਼ਰੀ ਸਾਹ ਲਏ। ਪਿਛਲੇ ਕਈ ਦਿਨਾਂ ਤੋਂ ਉਨ੍ਹਾਂ ਦੀ ਹਾਲਤ ਬਹੁਤ ਨਾਜ਼ੁਕ ਬਣੀ ਹੋਈ ਸੀ। ਉਨ੍ਹਾਂ ਨੂੰ ਲੁਧਿਆਣਾ ਦੇ ਮਾਡਲ ਟਾਊਨ ਵਿਖੇ ਸਥਿਤ ਦੀਪ ਹਸਪਤਾਲ ’ਚ ਦਾਖ਼ਲ ਕਰਵਾਇਆ ਗਿਆ। ਇਹ ਵੀ ਖ਼ਬਰ ਸੀ ਕਿ ਉਨ੍ਹਾਂ ਨੂੰ ਵੈਂਟੀਲੇਟਰ ’ਤੇ ਰੱਖਿਆ ਗਿਆ ਹੈ ਪਰ ਇਨ੍ਹਾਂ ਖ਼ਬਰਾਂ ਵਿਚਾਲੇ ਹੀ ਉਨ੍ਹਾਂ ਦਾ ਪੁੱਤਰ ਮਨਿੰਦਰ ਛਿੰਦਾ ਆਪਣੇ ਪਿਤਾ ਦੀ ਫੇਸਬੁੱਕ 'ਤੇ ਲਾਈਵ ਹੋਇਆ ਹੈ ਤੇ ਇਨ੍ਹਾਂ ਸਾਰੀਆਂ ਖ਼ਬਰਾਂ ਦਾ ਖੰਡਨ ਕਰਦਿਆਂ ਕਿਹਾ, ''ਮੇਰੇ ਪਿਤਾ ਜੀ ਦੀ ਸਿਹਤ ਬਿਲਕੁਲ ਠੀਕ ਨੇ, ਉਹ ਆਪਣਾ ਇਲਾਜ ਕਰਵਾ ਰਹੇ ਹਨ। ਮੈਂ ਉਨ੍ਹਾਂ ਦਾ ਪੁੱਤਰ ਉਨ੍ਹਾਂ ਦੀਆਂ ਸਿਹਤ ਸਬੰਧੀ ਸਾਰੀਆਂ ਖ਼ਬਰਾਂ ਦਾ ਖੰਡਨ ਕਰਦਾ ਹਾਂ।''
80-90 ਦੇ ਦਹਾਕੇ 'ਚ ਸੁਰਿੰਦਰ ਛਿੰਦਾ ਕੋਲ ਕੋਈ ਪਲੇਟਫਾਰਮ ਨਹੀਂ ਸੀ ਪਰ ਉਨਾਂ ਨੇ ਆਪਣੀ ਮਿਹਨਤ ਸਦਕਾ ਉਹ ਮੁਕਾਮ ਹਾਸਲ ਕੀਤਾ, ਜਿਸ ਨੂੰ ਪਾਉਣ ਲਈ ਉਨ੍ਹਾਂ ਨੂੰ ਇਕ ਲੰਬਾ ਸੰਘਰਸ਼ ਕਰਨਾ ਪਿਆ। ਸੁਰਿੰਦਰ ਛਿੰਦਾ ਨੇ ਆਪਣੀ ਮਿਹਨਤ ਸਦਕਾ 'ਪੰਜਾਬੀ ਸੰਗੀਤ ਜਗਤ' ਨੂੰ ਨਵੀਆਂ ਬੁਲੰਦੀਆਂ 'ਤੇ ਪਹੁੰਚਾਇਆ ਅਤੇ ਆਪਣੇ ਗੀਤਾਂ ਰਾਹੀਂ ਪੰਜਾਬੀ ਸਭਿਆਚਾਰ ਨੂੰ ਲੋਕਾਂ ਤੱਕ ਪਹੁੰਚਾਉਣ ਲਈ ਬਹੁਤ ਵੱਡਾ ਯੋਗਦਾਨ ਪਾਇਆ।
ਸੁਰਿੰਦਰ ਪਾਲ ਧੰਮੀ ਤੋਂ ਬਣੇ ਸੁਰਿੰਦਰ ਛਿੰਦਾ
ਮਸ਼ਹੂਰ ਗਾਇਕ ਸੁਰਿੰਦਰ ਪਾਲ ਧੰਮੀ, ਜਿਨ੍ਹਾਂ ਨੂੰ ਅਸੀਂ ਸੁਰਿੰਦਰ ਛਿੰਦਾ ਵਜੋਂ ਜਾਣਦੇ ਹਾਂ। ਉਨ੍ਹਾਂ ਦਾ ਜਨਮ 20 ਮਈ 1953 ਨੂੰ ਪਿੰਡ ਚੋਟੀ ਈਯਾਲੀ, ਜ਼ਿਲ੍ਹਾ ਲੁਧਿਆਣਾ, ਪੰਜਾਬ 'ਚ ਹੋਇਆ ਸੀ। ਸੁਰਿੰਦਰ ਛਿੰਦਾ ਦਾ ਜਨਮ ਸੁਰਿੰਦਰ ਪਾਲ ਧਾਮ ਦਾ ਜਨਮ ਇੱਕ ਰਾਮਗੜ੍ਹੀਆ ਪਰਿਵਾਰ 'ਚ ਹੋਇਆ ਸੀ।
ਸੰਗੀਤਕ ਸਫ਼ਰ ਤੋਂ ਪਹਿਲਾਂ ਕਰਦੇ ਸਨ ਇਹ ਕੰਮ
ਪੰਜਾਬੀ ਸੰਗੀਤ ਜਗਤ 'ਚ ਆਉਣ ਤੋਂ ਪਹਿਲਾਂ ਛਿੰਦਾ ਸਰੂਪ ਮਕੈਨੀਕਲ ਵਰਕਸ 'ਚ ਨੌਕਰੀ ਕਰਦੇ ਸਨ। ਉਨ੍ਹਾਂ ਨੇ ਸਾਲ 1981 'ਚ 'ਪੁੱਤ ਜੱਟਾਂ ਦੇ ਬੁਲਾਉਂਦੇ ਬੱਕਰੇ' ਗੀਤ ਨਾਲ ਪੰਜਾਬੀ ਮਿਊਜ਼ਿਕ ਇੰਡਸਟਰੀ 'ਚ ਕਦਮ ਰੱਖਿਆ ਸੀ, ਜਿਸ ਤੋਂ ਬਾਅਦ ਉਨ੍ਹਾਂ ਨੇ ਕਦੇ ਵਾਪਸ ਮੁੜ ਕੇ ਨਹੀਂ ਦੇਖਿਆ। ਉਨ੍ਹਾਂ ਦਾ ਇਹ ਗੀਤ ਉਸ ਸਮੇਂ ਕਾਫੀ ਹਿੱਟ ਰਿਹਾ ਸੀ। ਇਸ ਤੋਂ ਬਾਅਦ ਉਨਾਂ ਨੇ 'ਢੋਲਾ ਵੇ ਢੋਲਾ ਹਾਏ ਢੋਲਾ', 'ਨਵਾਂ ਲੈ ਲਿਆ ਟਰੱਕ ਤੇਰੇ ਯਾਰ ਨੇ ਨੀ ਬਾਬਿਆਂ ਦੇ ਚੱਲ ਚੱਲੀਏ' ਤੇ 'ਬਦਲਾ ਲੈ ਲਈਂ ਸੋਹਣਿਆਂ' ਸਮੇਤ ਕਈ ਗੀਤ ਗਾਏ।
ਇੰਝ ਸ਼ੁਰੂ ਹੋਇਆ ਸੰਗੀਤਕ ਤਾਲੀਮ ਦਾ ਦੌਰ
1972-73 'ਚ ਸੁਰਿੰਦਰ ਛਿੰਦਾ ਉਸਤਾਦ ਜਸਵੰਤ ਭੰਵਰਾ ਦੇ ਲੜ ਲੱਗ ਗਏ ਅਤੇ ਸੰਗੀਤਕ ਤਾਲੀਮ ਦਾ ਦੌਰ ਸ਼ੁਰੂ ਹੋਇਆ। ਸੁਰਿੰਦਰ ਛਿੰਦਾ ਨੇ ਬਹੁਤ ਸੰਘਰਸ਼ ਕੀਤਾ। ਪ੍ਰਸਿੱਧ ਕੰਪਨੀ ਐੱਚ. ਐੱਮ. ਵੀ. ਨੇ ਉਨ੍ਹਾਂ ਦਾ ਪਹਿਲਾ ਰਿਕਾਰਡ, 'ਘੱਗਰਾ ਸੂਫ ਦਾ' ਤਿਆਰ ਕੀਤਾ ਅਤੇ ਫਿਰ ਹੌਲੀ-ਹੌਲੀ ਉਸ ਤੋਂ ਬਾਅਦ ਚਰਚਾ ਦਾ ਦੌਰ ਸ਼ੁਰੂ ਹੋਇਆ।
ਸੁਪਰਹਿੱਟ ਗੀਤ
ਇਨ੍ਹਾਂ ਗੀਤਾਂ 'ਚੋਂ 'ਦੋ ਊਠਾਂ ਵਾਲੇ ਨੀਂ', 'ਜੰਞ ਚੜ੍ਹੀ ਅਮਲੀ ਦੀ', 'ਬੱਦਲਾਂ ਨੂੰ ਪੁੱਛ ਗੋਰੀਏ', 'ਜਿਊਣਾ ਮੋੜ', 'ਉੱਚਾ ਬੁਰਜ ਲਾਹੌਰ ਦਾ', 'ਜੱਟ ਮਿਰਜ਼ਾ ਖਰਲਾਂ ਦਾ', 'ਸੁੱਚਾ ਸੂਰਮਾ', 'ਤਾਰਾ ਰੋਂਦੀ ਤੇ ਕਰਲਾਉਂਦੀ', 'ਪੁੱਤ ਜੱਟਾਂ ਦੇ ਬੁਲਾਉਂਦੇ ਬੱਕਰੇ', 'ਮਾਲਵੇ ਦੇ ਜੱਟ', 'ਮੈਂ ਕਿਹੜੀ ਖੁਦਾਈ ਮੰਗ ਲਈ', 'ਦਿੱਲੀ ਸ਼ਹਿਰ ਦੀਆਂ ਕੁੜੀਆਂ' ਆਦਿ ਜ਼ਿਕਰਯੋਗ ਹਨ। ਛਿੰਦਾ ਨੇ ਅਨੇਕਾਂ ਪੰਜਾਬੀ ਫ਼ਿਲਮਾਂ 'ਚ ਅਦਾਕਾਰੀ ਅਤੇ ਸੰਗੀਤ ਵੀ ਦਿੱਤਾ ਅਤੇ ਇੱਕ ਹਿੰਦੀ ਫ਼ਿਲਮ 'ਚ ਵੀ ਗੀਤ ਗਾਉਣ ਦਾ ਮਾਣ ਮਿਲਿਆ। ਸੁਰਿੰਦਰ ਛਿੰਦਾ ਨੇ ਆਪਣੀ ਗਾਇਕੀ 'ਚ ਨਵੇਂ ਤਜਰਬੇ ਵੀ ਕੀਤੇ ਜੋ ਸਫ਼ਲ ਰਹੇ।
ਗਾਇਕੀ ਦੇ ਕਾਇਮ ਕੀਤੇ ਨਵੇਂ ਮਾਪਦੰਡ
ਇੱਕ ਸਮਾਂ ਅਜਿਹਾ ਵੀ ਆਇਆ ਜਦੋਂ ਸੁਰਿੰਦਰ ਛਿੰਦੇ ਦਾ ਕੋਈ ਵੀ ਰਿਕਾਰਡ ਆਉਂਦਾ ਸੀ ਤਾਂ ਉਸ ਸਮੇਂ ਦੇ ਹੋਰ ਚਰਚਿਤ ਗਾਇਕਾਂ ਨੂੰ ਆਪਣਾ ਫ਼ਿਕਰ ਪੈ ਜਾਂਦਾ ਸੀ। ਉਸ ਦੀ ਗਾਇਕੀ ਦੀ ਵਿਸ਼ੇਸ਼ਤਾ ਰਹੀ ਹੈ ਕਿ ਭਾਵੇਂ ਉਸ ਨੇ ਲੋਕ-ਗਾਥਾਵਾਂ ਗਾਈਆਂ ਜਾਂ ਦੋਗਾਣੇ ਗਾਏ ਪਰ ਉਨ੍ਹਾਂ 'ਚ ਕਲਾਸੀਕਲ ਟੱਚ ਨੂੰ ਕਾਇਮ ਰੱਖਿਆ। ਸੁਰਿੰਦਰ ਛਿੰਦੇ ਦੇ ਕਈ ਗੀਤ ਇੰਨੇ ਮਕਬੂਲ ਹੋਏ ਕਿ ਉਨ੍ਹਾਂ ਨੇ ਸਫ਼ਲਤਾ ਦੇ ਨਵੇਂ ਮਾਪਦੰਡ ਕਾਇਮ ਕੀਤੇ।