ਮੂਸੇਵਾਲਾ ਦੀ ਮਾਂ ਚਰਨ ਕੌਰ ਨੇ ਬਿਆਨ ਕੀਤਾ ਹੋਣ ਵਾਲੀ ਨੂੰਹ ਦਾ ਦਰਦ, ਸਰਕਾਰਾਂ ’ਤੇ ਵਿੰਨ੍ਹਿਆ ਨਿਸ਼ਾਨਾ (ਵੀਡੀਓ)
Monday, Aug 22, 2022 - 02:54 PM (IST)
ਜਲੰਧਰ (ਬਿਊਰੋ) - ਪੰਜਾਬ ਦਾ ਮਸ਼ਹੂਰ ਗਾਇਕ ਤੇ ਅਦਾਕਾਰ ਸਿੱਧੂ ਮੂਸੇਵਾਲਾ ਦੇ ਕਤਲ ਕਾਂਡ ਨੂੰ ਲੈ ਕੇ ਰੋਜ਼ਾਨਾ ਨਵੀਆਂ-ਨਵੀਆਂ ਖ਼ਬਰਾਂ ਸਾਹਮਣੇ ਆ ਰਹੀਆਂ ਹਨ। ਉਸ ਦੇ ਕਤਲ ਨੂੰ ਕਰੀਬ 3 ਮਹੀਨੇ ਹੋਣ ਵਾਲੇ ਹਨ ਪਰ ਹਾਲੇ ਤੱਕ ਉਸ ਨੂੰ ਇਨਸਾਫ ਨਹੀਂ ਮਿਲਿਆ। ਜਵਾਨ ਪੁੱਤ ਨੂੰ ਹੱਥੀਂ ਅਗਨੀ ਭੇਟ ਕਰਨ ਵਾਲੇ ਮਾਤਾ-ਪਿਤਾ ਦਾ ਵੀ ਬੁਰਾ ਹਾਲ ਹੋਇਆ ਹੈ। ਹਾਲ ਹੀ ਵਿਚ ਸਿੱਧੂ ਮੂਸੇਵਾਲਾ ਦੀ ਮਾਂ ਚਰਨ ਕੌਰ ਦਾ ਇਕ ਵੀਡੀਓ ਸਾਹਮਣੇ ਆਇਆ ਹੈ, ਜਿਸ ਵਿਚ ਉਨ੍ਹਾਂ ਨੇ ਆਪਣੀ ਹੋਣ ਵਾਲੀ ਨੂੰਹ ਦਾ ਦੁੱਖ ਬਿਆਨ ਕੀਤਾ ਹੈ। ਉਨ੍ਹਾਂ ਨੇ ਕਿਹਾ ਕਿ ਉਹ ਬੱਚੀ, ਜੋ ਮੇਰੀ ਹੋਣ ਵਾਲੀ ਨੂੰਹ ਸੀ, ਉਸ ਦੀ ਹਾਲਤ ਸਾਡੇ ਕੋਲੋਂ ਵੇਖੀ ਨਹੀਂ ਜਾਂਦੀ। ਮੇਰੀ ਬਦੁਆ ਹੈ ਜਿਹੜੇ ਮੇਰੇ ਬੱਚੇ ਨੂੰ ਇਨਸਾਫ ਨਹੀਂ ਦੇ ਰਹੇ, ਉਨ੍ਹਾਂ ਦੀਆਂ ਧੀਆਂ-ਭੈਣਾਂ ਵੀ ਇੰਝ ਹੀ ਵਿਲਕਣ।
ਗੈਂਗਸਟਰਾਂ ਦਾ ਨਾਂ ਲੈ ਕੇ ਅਜਿਹੇ ਲੋਕਾਂ ਨੂੰ ਬਚਾ ਲੈਂਦੇ ਹਨ, ਜਿਨ੍ਹਾਂ ਦਾ ਇਨ੍ਹਾਂ ਕੰਮਾਂ ਵਿਚ ਹੱਥ ਹੁੰਦਾ ਹੈ। ਤੁਸੀਂ ਇਹ ਨਾ ਸੋਚਣਾ ਕਿ ਕੈਨੇਡਾ ਜਾ ਕੇ ਤੁਸੀਂ ਬਚ ਜਾਵੋਗੇ, ਰੱਬ ਦੀ ਮਾਰ ਤੋਂ ਤੁਸੀਂ ਕਿਵੇਂ ਬਚੋਗੇ। ਅਸੀਂ ਪੜ੍ਹੇ-ਲਿਖੇ ਹੋਣ ਦੇ ਨਾਅਤੇ ਸਰਕਾਰਾਂ ਦਾ ਸਾਥ ਦਿੱਤਾ ਪਰ ਸਾਨੂੰ ਹੁਣ ਉਮੀਦ ਨਹੀਂ ਹੈ ਕਿ ਸਰਕਾਰ ਕੁਝ ਕਰੇਗੀ, ਕਿਉਂਕਿ ਮੇਰੇ ਪੁੱਤ ਦੀ ਮੌਤ ਨੂੰ 3 ਮਹੀਨੇ ਹੋ ਚਲੇ ਹਨ ਅਤੇ ਹਾਲੇ ਤੱਕ ਕੁਝ ਨਹੀਂ ਹੋਇਆ। ਮੇਰਾ ਪੁੱਤ ਸੱਚਾ-ਸੁੱਚਾ ਭਗਤ ਸੀ। ਅਸੀਂ ਉਸ ਦੇ ਇਨਸਾਫ ਲਈ ਸ਼ਾਂਤੀਪੂਰਵਕ ਕੈਂਡਲ ਮਾਰਚ ਕੱਢਾਂਗੇ।
ਇਥੇ ਵੇਖੋ ਸਿੱਧੂ ਮੂਸੇਵਾਲਾ ਦੀ ਮਾਂ ਨੇ ਹੋਰ ਕੀ-ਕੀ ਕਿਹਾ -
ਦੱਸਣਯੋਗ ਹੈ ਕਿ 29 ਮਈ ਨੂੰ ਸਿੱਧੂ ਮੂਸੇਵਾਲਾ ਦਾ ਗੋਲ਼ੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਕਤਲ ਤੋਂ ਕੁਝ ਸਮੇਂ ਬਾਅਦ ਇਸ ਘਟਨਾ ਦੀ ਪੂਰੀ ਜ਼ਿੰਮੇਵਾਰੀ ਕੈਨੇਡਾ ਬੈਠੇ ਗੋਲਡੀ ਬਰਾੜ ਨੇ ਲਈ ਸੀ। ਮਾਮਲੇ ਵਿਚ ਪੰਜਾਬ ਪੁਲਸ ਨੇ ਕਤਲ ਵਾਲੇ ਦਿਨ ਤਿੰਨ ਮੈਂਬਰੀ ਐੱਸ. ਆਈ. ਟੀ. ਦਾ ਗਠਨ ਕੀਤਾ ਸੀ ਪਰ ਉਸੇ ਦਿਨ ਇਸ ਦਾ ਪੁਨਰਗਠਨ 6 ਮੈਂਬਰ ਕਰ ਦਿੱਤਾ ਗਿਆ। ਇਸ ਮਾਮਲੇ ਦੀ ਜਾਂਚ ਦਾ ਕੰਮ ਐਂਟੀ ਗੈਂਗਸਟਰ ਟਾਸਕ ਫੋਰਸ ਨੂੰ ਦਿੱਤਾ ਗਿਆ ਸੀ। ਇਸ ਮਾਮਲੇ ਵਿਚ ਗ੍ਰਿਫ਼ਤਾਰ ਕੀਤੇ ਮੁਲਜ਼ਮਾਂ ਤੋਂ ਇਲਾਵਾ 10 ਵੱਖ-ਵੱਖ ਜੇਲ੍ਹਾਂ 'ਚ ਬੰਦ ਗੈਂਗਸਟਰਾਂ ਨੂੰ ਪ੍ਰੋਡਕਸ਼ਨ ਵਾਰੰਟ ’ਤੇ ਲਿਆਂਦਾ ਗਿਆ ਸੀ।
ਨੋਟ- ਇਸ ਖ਼ਬਰ ਸੰਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ।