ਗਾਇਕ ਸਤਵਿੰਦਰ ਬੁੱਗਾ ਦੀਆਂ ਵਧੀਆਂ ਮੁਸ਼ਕਿਲਾਂ, ਭਰਾ ਪਹੁੰਚਿਆ ਹਾਈ ਕੋਰਟ
Tuesday, Jan 09, 2024 - 02:53 PM (IST)
ਐਂਟਰਟੇਨਮੈਂਟ ਡੈਸਕ - ਪ੍ਰਸਿੱਧ ਲੋਕ ਗਾਇਕ ਸਤਵਿੰਦਰ ਬੁੱਗਾ ਇਨ੍ਹੀਂ ਦਿਨੀਂ ਆਪਣੇ ਪਰਿਵਾਰਕ ਵਿਵਾਦ ਨੂੰ ਲੈ ਕੇ ਖ਼ੂਬ ਸੁਰਖੀਆਂ 'ਚ ਛਾਇਆ ਹੋਇਆ ਹੈ। ਇੱਕ ਵਾਰ ਫਿਰ ਤੋਂ ਸਤਵਿੰਦਰ ਬੁੱਗਾ ਦੀਆਂ ਮੁਸ਼ਕਲਾਂ ਹੋਰ ਵੱਧ ਗਈਆਂ ਹਨ ਕਿਉਂਕਿ ਘਰੇਲੂ ਵਿਵਾਦ ਦੇ ਚੱਲਦੇ ਗਾਇਕ ਦੇ ਭਰਾ ਦਵਿੰਦਰ ਨੇ ਉਸ ਖ਼ਿਲਾਫ਼ ਹਾਈ ਕੋਰਟ ਤੱਕ ਪਹੁੰਚ ਕੀਤੀ ਹੈ।
ਸਤਵਿੰਦਰ ਬੁੱਗਾ ਹਮਲਾ ਕਰਦਾ ਆਇਆ ਨਜ਼ਰ
ਦੱਸ ਦਈਏ ਕਿ ਇਸ ਮਾਮਲੇ 'ਚ ਦਵਿੰਦਰ ਬੁੱਗਾ ਨੇ ਇੱਕ ਵੀਡੀਓ ਸ਼ੇਅਰ ਕਰਦੇ ਹੋਏ ਆਪਣੀ ਪਤਨੀ ਦਾ ਕਤਲ ਕਰਨ ਦੇ ਦੋਸ਼ ਗਾਇਕ ਸਤਵਿੰਦਰ ਬੁੱਗਾ 'ਤੇ ਲਾਏ ਸਨ। ਉਹ ਲਗਾਤਾਰ ਇਨਸਾਫ ਦੀ ਮੰਗ ਕਰ ਰਹੇ ਸਨ। ਇਸ ਦੇ ਨਾਲ ਹੀ ਦਵਿੰਦਰ ਬੁੱਗਾ ਨੇ ਇੱਕ ਵੀਡੀਓ ਸਾਂਝੀ ਕੀਤੀ ਹੈ, ਜਿਸ 'ਚ ਸਤਵਿੰਦਰ ਬੁੱਗਾ ਆਪਣੇ ਭਰਾ 'ਤੇ ਹਮਲਾ ਕਰਦੇ ਨਜ਼ਰ ਆ ਰਿਹਾ ਹੈ।
ਹਾਈਕੋਰਟ ਤੱਕ ਪਹੁੰਚ ਕਰੇਗਾ ਦਵਿੰਦਰ ਭੋਲਾ
ਦਵਿੰਦਰ ਇਸ ਤੋਂ ਸੰਤੁਸ਼ਟ ਨਹੀਂ ਹੈ, ਉਸ ਨੇ ਭਰਾ ਸਤਵਿੰਦਰ ਬੁੱਗਾ 'ਤੇ ਦੋਸ਼ ਲਾਇਆ ਕਿ ਉਸ ਦੇ ਭਰਾ ਦੀ ਸਰਕਾਰ ਦੇ ਉੱਚ ਅਧਿਕਾਰੀਆਂ ਤੱਕ ਪਹੁੰਚ ਹੈ। ਇਸ ਤੋਂ ਪਹਿਲਾਂ 23 ਦਸੰਬਰ ਨੂੰ ਉਸ ਦੀ ਮੌਤ ਤੋਂ ਬਾਅਦ ਉਸ ਦੀ ਪਤਨੀ ਦੀ ਲਾਸ਼ ਨੂੰ ਹਸਪਤਾਲ 'ਚ ਰੱਖਣ ਦੀ ਇਜਾਜ਼ਤ ਵੀ ਨਹੀਂ ਦਿੱਤੀ ਗਈ ਸੀ। ਪੁਲਸ ਨੇ ਜ਼ਬਰਦਸਤੀ ਮੇਰੀ ਪਤਨੀ ਦੀ ਲਾਸ਼ ਮੇਰੇ ਹਵਾਲੇ ਕਰ ਦਿੱਤੀ, ਜਿਸ ਤੋਂ ਬਾਅਦ ਮੈਨੂੰ ਹਾਈ ਕੋਰਟ ਦਾ ਸਹਾਰਾ ਲੈਣਾ ਪਿਆ। ਹੁਣ ਮੈਂ ਇਸ ਖ਼ਿਲਾਫ਼ ਵੀ ਹਾਈਕੋਰਟ ਵੀ ਜਾਂਵਾਗਾ। ਸਤਵਿੰਦਰ ਬੁੱਗਾ ਖ਼ਿਲਾਫ਼ ਐੱਫ. ਆਈ. ਆਰ. ਦਰਜ ਕਰਨ ਦੀ ਮੰਗ ਕੀਤੀ ਗਈ। ਪੁਲਸ ਨੇ ਧਾਰਾ 174 ਤਹਿਤ ਕਾਰਵਾਈ ਕੀਤੀ ਹੈ।
ਹਾਈਕੋਰਟ ਦੇ ਹੁਕਮਾਂ 'ਤੇ ਹੋਇਆ ਪੋਸਟਮਾਰਟਮ
ਹਾਈਕੋਰਟ ਦੇ ਹੁਕਮਾਂ ’ਤੇ ਡਾਕਟਰਾਂ ਦੀ ਟੀਮ ਨੇ ਸ੍ਰੀ ਫਤਿਹਗੜ੍ਹ ਸਾਹਿਬ ਦੇ ਸਿਵਲ ਹਸਪਤਾਲ ’ਚ ਅਮਰਜੀਤ ਕੌਰ ਦਾ ਪੋਸਟਮਾਰਟਮ ਕੀਤਾ ਗਿਆ ਸੀ। ਦਵਿੰਦਰ ਦਾ ਕਹਿਣਾ ਸੀ ਕਿ ਜਦੋਂ ਤੱਕ ਮੈਨੂੰ ਇਨਸਾਫ ਨਹੀਂ ਮਿਲ ਜਾਂਦਾ ਉਦੋਂ ਤੱਕ ਉਹ ਆਪਣੀ ਪਤਨੀ ਦਾ ਸੰਸਕਾਰ ਨਹੀਂ ਕਰੇਗਾ ਪਰ ਬਾਅਦ 'ਚ ਉਸ ਨੇ ਅਮਰਜੀਤ ਕੌਰ ਦਾ ਅੰਤਿਮ ਸੰਸਕਾਰ ਕਰ ਦਿੱਤਾ।
ਕੀ ਹੈ ਮਾਮਲਾ
ਗਾਇਕ ਸਤਵਿੰਦਰ ਬੁੱਗਾ ਅਤੇ ਉਸ ਦੇ ਭਰਾ ਦਵਿੰਦਰ ਭੋਲਾ ਦਾ ਜ਼ਮੀਨ ਨੂੰ ਲੈ ਕੇ ਪਿਛਲੇ ਕਈ ਸਮੇਂ ਤੋਂ ਵਿਵਾਦ ਚੱਲ ਰਿਹਾ ਹੈ। ਦੋਵਾਂ ਦਾ ਆਪਸੀ ਝਗੜਾ ਸੋਸ਼ਲ ਮੀਡੀਆ 'ਤੇ ਵੀ ਕਾਫ਼ੀ ਸਰਗਰਮ ਰਿਹਾ। 23 ਦਸੰਬਰ ਨੂੰ ਦੋਵੇਂ ਭਰਾਵਾਂ ਦੇ ਝਗੜੇ ਦੌਰਾਨ ਦਵਿੰਦਰ ਭੋਲਾ ਦੀ ਪਤਨੀ ਅਮਰਜੀਤ ਕੌਰ ਦੀ ਮੌਤ ਹੋ ਗਈ, ਜਿਸ 'ਤੇ ਦਵਿੰਦਰ ਭੋਲਾ ਨੇ ਆਪਣੀ ਪਤਨੀ ਦੀ ਮੌਤ ਦਾ ਜਿੰਮੇਵਾਰ ਕਥਿਤ ਤੌਰ 'ਤੇ ਭਰਾ ਸਤਵਿੰਦਰ ਬੁੱਗਾ ਨੂੰ ਦੱਸਿਆ। ਇਸ ਸਬੰਧੀ ਉਸ ਨੇ ਪੁਲਸ ਸ਼ਿਕਾਇਤ ਵੀ ਕੀਤੀ। ਪੁਲਸ ਦੀ ਕਾਰਵਾਈ ਤੋਂ ਨਾਖੁਸ਼ ਹੋ ਕੇ ਦਵਿੰਦਰ ਭੋਲਾ ਨੇ ਆਪਣੀ ਪਤਨੀ ਦਾ ਅੰਤਿਮ ਸੰਸਕਾਰ ਤੱਕ ਨਹੀਂ ਕੀਤਾ ਅਤੇ ਹਾਈਕੋਰਟ ਪਹੁੰਚ ਕੀਤੀ। ਉਥੇ ਹੀ ਮਾਨਯੋਗ ਹਾਈਕੋਰਟ ਨੇ ਅਮਰਜੀਤ ਕੌਰ ਦੀ ਲਾਸ਼ ਦਾ ਪੋਸਟਮਾਰਟਮ ਇਕ ਟੀਮ ਦਾ ਗਠਨ ਕਰ ਕਰਵਾਉਣ ਦੇ ਹੁਕਮ ਜਾਰੀ ਕਰ ਦਿੱਤੇ ਸਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ 'ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।