ਬਿਜਲੀ ਦਾ ਬਿੱਲ ਵੇਖ ਉੱਡੇ ਪ੍ਰੀਤ ਹਰਪਾਲ ਦੇ ਰੰਗ, ਸਮੇਂ ਦੀਆਂ ਸਰਕਾਰਾਂ ਨੂੰ ਇੰਝ ਲਾਈ ਫਟਕਾਰ
07/21/2020 2:06:23 PM

ਜਲੰਧਰ (ਵੈੱਬ ਡੈਸਕ) — ਸੋਚ ਕੇ ਦੇਖੋ ਜੇਕਰ ਤੁਹਾਡਾ ਬਿਜਲੀ ਦਾ ਬਿੱਲ ਤੁਹਾਡੀ ਸੋਚ ਤੋਂ ਕਈ ਗੁਣਾ ਜ਼ਿਆਦਾ ਆ ਜਾਵੇ ਤਾਂ, ਤੁਹਾਨੂੰ ਕਿੰਨੇ ਜ਼ੋਰ ਦਾ ਝਟਕਾ ਲੱਗੇਗਾ। ਬਿਜਲੀ ਦਾ ਬਿੱਲ ਦੇਖ ਕੇ ਆਮ ਲੋਕਾਂ ਨੂੰ ਹੀ ਨਹੀਂ ਪੰਜਾਬੀ ਫ਼ਿਲਮ ਇੰਡਸਟਰੀ ਅਤੇ ਸੰਗੀਤ ਜਗਤ ਦੇ ਸਿਤਾਰਿਆਂ ਨੂੰ ਵੀ ਝਟਕਾ ਲੱਗ ਰਿਹਾ ਹੈ। ਅਜਿਹਾ ਹੀ ਝਟਕਾ ਹਾਲ ਹੀ 'ਚ ਪੰਜਾਬੀ ਗਾਇਕ ਪ੍ਰੀਤ ਹਰਪਾਲ ਨੂੰ ਵੀ ਲੱਗਿਆ ਹੈ, ਜਿਨ੍ਹਾਂ ਨੇ ਆਪਣੇ ਬਿਜਲੀ ਦੇ ਬਿੱਲ ਦੀ ਤਸਵੀਰ ਸੋਸ਼ਲ ਮੀਡੀਆ 'ਤੇ ਸਾਂਝੀ ਕਰਕੇ ਦੱਸਿਆ ਹੈ ਕਿ ਉਨ੍ਹਾਂ ਨੂੰ ਬਿਜਲੀ ਦੇ ਬਿੱਲ ਨੇ ਜ਼ੋਰਦਾਰ ਝਟਕਾ ਦਿੱਤਾ ਹੈ।
ਪ੍ਰੀਤ ਹਰਪਾਲ ਨੇ ਆਪਣੇ ਦਰਦ ਨੂੰ ਬਿਆਨ ਕਰਦੇ ਹੋਏ ਸੋਸ਼ਲ ਮੀਡੀਆ 'ਤੇ ਲਿਖਿਆ ਹੈ 'ਸਾਵਧਾਨ ਹੋ ਜਾਓ ਲੋਕੋ ਤਾਲਾਬੰਦੀ ਖ਼ਤਮ ਹੋ ਚੁੱਕੀ ਹੈ। ਦੋ ਮਹੀਨਿਆਂ ਦਾ ਬਿਜਲੀ ਦਾ ਬਿੱਲ 22400 ਰੁਪਏ ਆਇਆ ਹੈ। ਪੂਰੀ ਦੁਨੀਆ ਦੀਆਂ ਸਰਕਾਰਾਂ ਆਪਣੇ ਲੋਕਾਂ ਦੀ ਜਿੰਨੀ ਮਦਦ ਹੋ ਸਕਦੀ ਹੈ ਕਰ ਰਹੀਆਂ ਹਨ। ਇੱਕ ਸਾਡੀ ਸਰਕਾਰ ਆ ਕਿ ਬਸ ਦਾਨ ਕਰੀ ਜਾਓ ਮੰਗੋ ਕੁਝ ਨਾ, ਇਹ ਹਾਲ ਆ ਬਿਜਲੀ ਦੇ ਬਿੱਲ ਦਾ। ਘਰ ਕੋਈ ਚੱਕੀ ਤਾਂ ਨਹੀਂ ਚੱਲ ਰਹੀ ਸਾਡੇ। ਆਮ ਬੰਦੇ ਦਾ ਕੀ ਬਣੂੰ ਰੱਬ ਜਾਣੇ।'
ਦੱਸ ਦਈਏ ਕਿ ਬਿਜਲੀ ਦੇ ਬਿੱਲ ਤੋਂ ਪ੍ਰੀਤ ਹਰਪਾਲ ਹੀ ਪਰੇਸ਼ਾਨ ਨਹੀਂ ਬਾਲੀਵੁੱਡ ਦੇ ਕਈ ਸਿਤਾਰੇ ਵੀ ਪਰੇਸ਼ਾਨ ਹਨ। ਕੁਝ ਦਿਨ ਪਹਿਲਾਂ ਤਾਪਸੀ ਪਨੂੰ ਨੇ ਵੀ ਆਪਣੇ ਬਿਜਲੀ ਦਾ ਬਿੱਲ ਸਾਂਝਾ ਕਰਕੇ ਆਪਣਾ ਦੁੱਖੜਾ ਰੋਇਆ ਸੀ। ਇਸ ਤੋਂ ਪਹਿਲਾਂ ਵੀ ਕਈ ਹੋਰ ਫ਼ਿਲਮੀ ਸਿਤਾਰੇ ਵੀ ਬਿਜਲੀ ਦੇ ਬਿੱਲ ਨੂੰ ਲੈ ਕੇ ਦਰਦ ਬਿਆਨ ਕਰ ਚੁੱਕੇ ਹਨ।