''ਕੋਰੋਨਾ'' ਨੂੰ ਮਾਤ ਦੇਣ ਤੋਂ ਬਾਅਦ ਗਾਇਕ ਕੁਲਵਿੰਦਰ ਬਿੱਲਾ ਨੇ ਕੀਤਾ ਇਹ ਨੇਕ ਕੰਮ, ਛਿੜੀ ਹਰ ਪਾਸੇ ਚਰਚਾ
Thursday, Sep 10, 2020 - 12:27 PM (IST)
ਜਲੰਧਰ (ਬਿਊਰੋ) : ਪ੍ਰਸਿੱਧ ਗਾਇਕ ਤੇ ਅਦਾਕਾਰ ਕੁਲਵਿੰਦਰ ਬਿੱਲਾ ਨੇ 'ਕੋਰੋਨਾ ਵਾਇਰਸ' ਨੂੰ ਮਾਤ ਦੇ ਦਿੱਤੀ ਹੈ। ਹੁਣ ਕੁਲਵਿੰਦਰ ਬਿੱਲਾ ਬਿਲਕੁਲ ਤੰਦਰੁਸਤ ਹੈ। ਇਸ ਗੱਲ ਦੀ ਜਾਣਕਾਰੀ ਖ਼ੁਦ ਕੁਲਵਿੰਦਰ ਬਿੱਲਾ ਨੇ ਆਪਣੇ ਇੰਸਟਾਗ੍ਰਾਮ 'ਤੇ ਪੋਸਟ ਕਰਕੇ ਦਿੱਤੀ ਹੈ। ਕੁਲਵਿੰਦਰ ਬਿੱਲਾ ਨੇ ਠੀਕ ਹੋਣ ਤੋਂ ਬਾਅਦ ਆਪਣਾ ਪਲਾਜਮਾ ਦਾਨ ਕੀਤਾ ਹੈ। ਇਸ ਦੇ ਨਾਲ ਹੀ ਉਹਨਾਂ ਨੇ ਹੋਰਨਾਂ ਨੂੰ ਵੀ ਇਸ ਤਰ੍ਹਾਂ ਕਰਨ ਲਈ ਪ੍ਰੇਰਿਆ ਹੈ। ਇੱਕ ਤਸਵੀਰ ਸਾਂਝਾ ਕਰਦਿਆਂ ਕੁਲਵਿੰਦਰ ਬਿੱਲਾ ਨੇ ਲਿਖਿਆ ਹੈ ‘ਕੋਵਿਡ 19 ਤੋਂ ਠੀਕ ਹੋਣ ਤੋਂ ਬਾਅਦ ਅੱਜ ਮੈਂ ਪਲਾਜ਼ਮਾ ਦਾਨ ਕਰਨ ਗਿਆ। 0ਮੈਂ ਸਾਰਿਆਂ ਨੂੰ ਬੇਨਤੀ ਕਰਦਾ ਹਾਂ ਕਿ ਜਿਹੜੇ ਵੀ ਕੋਵਿਡ ਤੋਂ ਠੀਕ ਹੋਏ ਹਨ, ਉਹ ਆਪਣੇ ਪਲਾਜ਼ਮਾ ਦਾਨ ਕਰਨ ਤਾਂ ਜੋ ਕਿਸੇ ਜ਼ਰੂਰਤਮੰਦ ਦੀ ਮਦਦ ਹੋ ਸਕੇ। ਇਹ ਬਹੁਤ ਸੌਖਾ ਤਰੀਕਾ ਹੈ ਅਤੇ ਤੁਹਾਡੇ ਵਲੋਂ ਦਾਨ ਕੀਤਾ ਪਲਾਜਮਾ ਕਿਸੇ ਦੀ ਜ਼ਿੰਦਗੀ ਬਚਾ ਸਕਦਾ ਹੈ। ਵਾਹਿਗੁਰੂ ਜੀ ਸਾਰਿਆਂ 'ਤੇ ਮਿਹਰ ਕਰਨ।’
ਦੱਸਣਯੋਗ ਹੈ ਕਿ ਕੋਰੋਨਾ ਪਾਜ਼ੇਟਿਵ ਆਉਣ ਤੋਂ ਬਾਅਦ ਕੁਲਵਿੰਦਰ ਬਿੱਲਾ ਨੇ ਆਪਣੇ ਸੋਸ਼ਲ ਮੀਡੀਆ ਹੈਂਡਲ ਤੋ ਲਾਈਵ ਹੋ ਕੇ ਆਪਣੀ ਸਿਹਤ ਬਾਰੇ ਜਾਣਕਾਰੀ ਦਿੱਤੀ ਅਤੇ ਦੱਸਿਆ ਕਿ ਉਨ੍ਹਾਂ ਨੂੰ ਕਿਹੜੀਆਂ-ਕਿਹੜੀਆਂ ਤਕਲੀਫਾਂ 'ਚੋਂ ਗੁਜ਼ਰਨਾ ਪਿਆ। ਲਾਈਵ ਦੌਰਾਨ ਕੁਲਵਿੰਦਰ ਬਿੱਲਾ ਨੇ ਦੱਸਿਆ ਕਿ ਸ਼ੁਰੂਆਤੀ ਦਿਨਾਂ 'ਚ ਉਨ੍ਹਾਂ ਨੂੰ ਬੁਖ਼ਾਰ ਹੋਇਆ ਸੀ, ਜਿਸ ਦੇ ਚਲਦਿਆਂ ਉਨ੍ਹਾਂ ਨੇ ਕੋਰੋਨਾ ਟੈਸਟ ਕਰਵਾਇਆ ਅਤੇ ਉਹ ਪਾਜ਼ੇਟਿਵ ਆ ਗਏ ਸਨ। ਇਸ ਤੋਂ ਬਾਅਦ ਉਨ੍ਹਾਂ ਦੇ ਪਰਿਵਾਰ ਦਾ ਕੋਰੋਨਾ ਟੈਸਟ ਹੋਇਆ ਸੀ, ਜਿਸ 'ਚ ਉਹ ਸਾਰੇ ਨੈਗੇਟਿਵ ਪਾਏ ਗਏ। ਕੁਲਵਿੰਦਰ ਬਿੱਲਾ ਨੇ ਕਿਹਾ ਕਿ ਪਹਿਲਾਂ-ਪਹਿਲਾਂ ਮੈਨੂੰ ਕਾਫ਼ੀ ਡਰ ਲੱਗਦਾ ਸੀ। ਕੁਲਵਿੰਦਰ ਬਿੱਲਾ ਨੇ ਆਪਣੇ ਆਪ ਨੂੰ ਘਰ ਵਿਚ ਹੀ ਇਕਾਂਤਵਾਸ ਵਿਚ ਰੱਖਿਆ ਸੀ।