ਗਾਇਕ ਗੁਰਦਾਸ ਮਾਨ ਦਾ ਫੈਨਜ਼ ਨੂੰ ਖ਼ਾਸ ਤੋਹਫ਼ਾ, ਸਾਂਝੀ ਕੀਤੀ ਪਿਆਰੀ ਝਲਕ

Friday, Oct 04, 2024 - 01:19 PM (IST)

ਗਾਇਕ ਗੁਰਦਾਸ ਮਾਨ ਦਾ ਫੈਨਜ਼ ਨੂੰ ਖ਼ਾਸ ਤੋਹਫ਼ਾ, ਸਾਂਝੀ ਕੀਤੀ ਪਿਆਰੀ ਝਲਕ

ਜਲੰਧਰ (ਬਿਊਰੋ) - ਪੰਜਾਬੀ ਗਾਇਕ ਗੁਰਦਾਸ ਮਾਨ ਦਾ ਨਵਾਂ ਗੀਤ 'ਲੱਗੀਆਂ ਨੇ ਮੌਜਾਂ' ਰਿਲੀਜ਼ ਹੋ ਚੁੱਕਿਆ ਹੈ। ਇਸ ਗੀਤ ਦੇ ਬੋਲ ਖੁਦ ਗੁਰਦਾਸ ਮਾਨ ਨੇ ਲਿਖੇ ਨੇ ਅਤੇ ਡਾਇਰੈਕਸ਼ਨ ਉਨ੍ਹਾਂ ਦੀ ਪਤਨੀ ਮਨਜੀਤ ਮਾਨ ਦੇ ਵੱਲੋਂ ਕੀਤੀ ਗਈ ਹੈ। ਇਸ ਗੀਤ ਦੇ ਜ਼ਰੀਏ ਗੁਰਦਾਸ ਮਾਨ ਨੇ ਇਸ਼ਕ ਮਿਜਾਜ਼ੀ ਦੇ ਜ਼ਰੀਏ ਇਸ਼ਕ ਹਕੀਕੀ ਦੀ ਗੱਲ ਕੀਤੀ ਹੈ, ਜਿਸ 'ਚ ਗਾਇਕ ਆਪਣੇ ਮੁਰਸ਼ਦ ਅੱਗੇ ਫਰਿਆਦ ਕਰਦਾ ਹੋਇਆ ਕਹਿ ਰਿਹਾ ਹੈ ਕਿ ਅਸੀਂ ਭਾਵੇਂ ਚੰਗੇ ਹਾਂ ਜਾਂ ਮੰਦੇ…ਪਰ ਸਾਡੇ ਨਾਲ ਨਿਭਾਈ ਜਾਵੀਂ।

ਇਸ ਤੋਂ ਇਲਾਵਾ ਇਸ ਗੀਤ ਦੇ ਜ਼ਰੀਏ ਉਨ੍ਹਾਂ ਨੇ ਬਹੁਤ ਹੀ ਸੋਹਣਾ ਸੁਨੇਹਾ ਦੇਣ ਦੀ ਕੋਸ਼ਿਸ਼ ਕੀਤੀ ਹੈ ਕਿ ਜਦੋਂ ਡੋਰ ਉਸ ਮੁਰਸ਼ਦ ਦੇ ਹੱਥ ‘ਚ ਦੇ ਦਿੱਤੀ ਜਾਵੇ ਤਾਂ ਉਹ ਖੁਦ ਹੀ ਉਸ ਦੀ ਗੁੱਡੀ ਚੜ੍ਹਾ ਦਿੰਦਾ ਹੈ। ਫਿਰ ਕੋਈ ਵੀ ਕਮੀ ਇਨਸਾਨ ਨੂੰ ਨਹੀਂ ਰਹਿੰਦੀ ਅਤੇ ਫਿਰ ਉਹ ਦੁਨਿਆਵੀ ਤੌਰ ਤਾਂ ਹਰ ਮੁਰਾਦ ਤਾਂ ਪੂਰੀ ਕਰ ਦਿੰਦਾ ਹੈ ਅਤੇ ਉਸ ਅਲੌਕਿਕ ਅਨੰਦ ਦੀ ਵੀ ਪ੍ਰਾਪਤੀ ਹੋ ਜਾਂਦੀ ਹੈ ਕਿਉਂਕਿ ਉਸ ਮੁਰਸ਼ਦ ਤੋਂ ਬਿਨ੍ਹਾਂ ਕੋਈ ਵੀ ਗਲ ਨਹੀਂ ਲਾਉਂਦਾ ਕਿਉਂਕਿ ਜਦੋਂ ਇਨਸਾਨ ‘ਤੇ ਔਖਾ ਸਮਾਂ ਆਉਂਦਾ ਹੈ ਤਾਂ ਇੱਕ ਮੁਰਸ਼ਦ ਹੀ ਹੁੰਦਾ ਹੈ, ਜੋ ਆਪਣੇ ਸਿੱਖ ਨੂੰ ਗਲ ਨਾਲ ਲਾਉਂਦਾ ਹੈ ਅਤੇ ਉਸ  ਦੀ ਬਾਂਹ ਫੜ੍ਹਦਾ ਹੈ। 

ਵਾਕਏ ਹੀ ਗੁਰਦਾਸ ਮਾਨ ਨੇ ਇਸ਼ਕ ਮਿਜਾਜ਼ੀ ਦੀ ਗੱਲ ਕਰਦੇ ਕਰਦੇ ਇਸ਼ਕ ਹਕੀਕੀ ਨੂੰ ਬਿਆਨ ਕਰਦੇ ਹੋਏ ਗਾਗਰ ‘ਚ ਸਾਗਰ ਭਰਨ ਦੀ ਕੋਸ਼ਿਸ਼ ਕੀਤੀ ਹੈ। ਇਸ ਗੀਤ ਨੂੰ ਸਰੋਤਿਆਂ ਦੇ ਵੱਲੋਂ ਵੀ ਪਸੰਦ ਕੀਤਾ ਜਾ ਰਿਹਾ ਹੈ। 


author

sunita

Content Editor

Related News