ਅਮਰਿੰਦਰ ਗਿੱਲ ਦੀ ਹਿਰਦੇਵੇਦਕ ਹੂਕ, ਬਿਆਨ ਕੀਤਾ ਕਿਸਾਨਾਂ ਦੇ ਮਰ ਰਹੇ ਸੁਫ਼ਨਿਆਂ ਦਾ ਦਰਦ (ਵੀਡੀਓ)

09/30/2020 11:44:09 AM

ਜਲੰਧਰ (ਬਿਊਰੋ) - ਕੇਂਦਰ ਸਰਕਾਰ ਵੱਲੋਂ ਕਿਸਾਨਾਂ ਨਾਲ ਕੀਤੀਆਂ ਜਾ ਰਹੀਆਂ ਥੱਕੇਸ਼ਾਹੀਆਂ ਖ਼ਿਲਾਫ ਪੰਜਾਬੀ ਕਲਾਕਾਰ ਰੋਜ਼ਾਨਾ ਧਰਨੇ ਲਾ ਕੇ ਆਪਣੀ ਆਵਾਜ਼ ਬੁਲੰਦ ਕਰ ਰਹੇ ਹਨ। ਪਹਿਲੀ ਵਾਰ ਅਜਿਹਾ ਹੋਇਆ ਹੈ ਕਿ ਕਿਸਾਨਾਂ ਨਾਲ ਪੰਜਾਬੀ ਕਲਾਕਾਰ ਮੋਢੇ ਨਾਲ ਮੋਢਾ ਜੋੜ ਕੇ ਖੜ੍ਹੇ ਹਨ। ਉਨ੍ਹਾਂ ਦਾ ਇੱਕਠ ਬਾਕੀ ਲੋਕਾਂ ਨੂੰ ਵੀ ਉਤਸ਼ਾਹਿਤ ਕਰਦਾ ਹੈ।  ਦੱਸ ਦਈਏ ਕਿ ਜਿਵੇਂ ਸਾਰੇ ਜਾਣਦੇ ਹੀ ਹਨ ਖੇਤੀ ਬਿੱਲਾਂ ਖ਼ਿਲਾਫ਼ ਪੰਜਾਬ ‘ਚ ਵੱਡੇ ਪੱਧਰ ਉੱਤੇ ਰੋਸ ਪ੍ਰਦਰਸ਼ਨ ਚੱਲ ਰਹੇ ਹਨ। ਪੰਜਾਬੀ ਗਾਇਕ ਤੇ ਕਲਾਕਾਰ ਕਿਸਾਨਾਂ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜ੍ਹੇ ਹੋਏ ਹਨ। ਇਸ ਦੇ ਚੱਲਦਿਆਂ ਪੰਜਾਬੀ ਗਾਇਕ ਵੀ ਆਪਣੀ ਗਾਇਕੀ ਨਾਲ ਕਿਸਾਨਾਂ ਦੇ ਦਰਦਾਂ ਨੂੰ ਲੋਕਾਂ ਤੱਕ ਪਹੁੰਚਾ ਰਹੇ ਹਨ।

ਹਾਲ ਹੀ ਵਿਚ ਪੰਜਾਬੀ ਗਾਇਕ ਤੇ ਅਦਾਕਾਰ ਅਮਰਿੰਦਰ ਗਿੱਲ ਆਪਣੇ ਨਵੇਂ ਗੀਤ ‘ਸੂਰਜਾਂ ਵਾਲੇ’ ਨਾਲ ਦਰਸ਼ਕਾਂ ਦੇ ਸਨਮੁਖ ਹੋਏ ਹਨ। ਇਸ ਗੀਤ ਦੀ ਸਭ ਤੋਂ ਖ਼ਾਸ ਗੱਲ ਇਹ ਹੈ ਕਿ ਇਸ ਵਿਚ ਕਿਸਾਨਾਂ ਦੀਆਂ ਮੁਸ਼ਕਿਲਾਂ ਨੂੰ ਦਿਖਾਇਆ ਗਿਆ ਹੈ। ਇਸ ਤੋਂ ਇਲਾਵਾ ਇਹ ਦਿਖਾਇਆ ਹੈ ਕਿ ਕਿਵੇਂ ਕਿਸਾਨਾਂ ਨੂੰ ਆਪਣੀ ਪੁੱਤਾਂ ਵਾਂਗ ਪਾਲੀ ਫ਼ਸਲ ਨੂੰ ਪਾਲਣ ‘ਚ ਕਿੰਨੀਆਂ ਔਕੜਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਦੂਜੇ ਪਾਸੇ ਸਰਕਾਰ ਦੀਆਂ ਮਾਰੂ ਨੀਤੀਆਂ ਕਿਸਾਨਾਂ ਨੂੰ ਕਰਜ਼ੇ ਦੇ ਬੋਝ ਥੱਲੇ ਦੱਬ ਦਿੰਦੀਆਂ ਹਨ। ਇਸੇ ਚੱਕਰ ਕਿਸਾਨ ਆਪਣੇ ਹੀ ਨਹੀਂ ਸਗੋਂ ਆਪਣੇ ਘਰ ਵਾਲਿਆਂ ਦੇ ਸੁਫ਼ਨਿਆਂ ਨੂੰ ਵੀ ਹਮੇਸ਼ਾ ਹੀ ਦੱਬ ਦਿੰਦੇ ਹਨ।

ਜੇ ਗੱਲ ਕਰੀਏ ਅਮਰਿੰਦਰ ਗਿੱਲ ਦੇ ਗੀਤ ‘ਸੂਰਜਾਂ ਵਾਲੇ’ ਦੇ ਬੋਲਾਂ ਦੀ ਤਾਂ ਉਹ ਬਿੱਟੂ ਚੀਮਾ ਨੇ ਸ਼ਿੰਗਾਰੇ ਹਨ, ਜਿਸ ਦਾ ਸੰਗੀਤ Lowkey ਵਲੋਂ ਤਿਆਰ ਕੀਤਾ ਗਿਆ ਹੈ। ਇਸ ਗੀਤ ਦਾ ਸ਼ਾਨਦਾਰ ਵੀਡੀਓ ਸਟਾਲਿਨਵੀਰ ਸਿੰਘ ਨੇ ਡਾਇਰੈਕਟ ਕੀਤਾ ਹੈ। ਇਸ ਗੀਤ ਦੀ ਵੀਡੀਓ ਵਿਚ ਐਮੀ ਵਿਰਕ ਤੇ ਨਿਮਰਤ ਖਹਿਰਾ ਦੀ ਬਾਕਮਾਲ ਦੀ ਅਦਾਕਾਰੀ ਦੇਖਣ ਨੂੰ ਮਿਲ ਰਹੀ ਹੈ, ਜੋ ਦਰਸ਼ਕਾਂ ਨੂੰ ਭਾਵੁਕ ਕਰ ਰਹੀ ਹੈ। ਇਸ ਗੀਤ ਨੂੰ ਰਿਦਮ ਬੋਆਇਜ਼ ਦੇ ਯੂਟਿਊਬ ਚੈਨਲ ਉੱਤੇ ਰਿਲੀਜ਼ ਕੀਤਾ ਗਿਆ ਹੈ। 


sunita

Content Editor

Related News