NIA ਦੀ ਪੁੱਛਗਿੱਛ ਤੋਂ ਮਗਰੋਂ ਮੂਸੇਵਾਲਾ ਦੇ ਘਰ ਪਹੁੰਚੀ ਅਫਸਾਨਾ ਖ਼ਾਨ, ਮਾਪਿਆਂ ਲਈ ਆਖੀਆਂ ਇਹ ਗੱਲਾਂ
Friday, Oct 28, 2022 - 01:54 PM (IST)
ਜਲੰਧਰ (ਬਿਊਰੋ) : ਕੇਂਦਰੀ ਜਾਂਚ ਏਜੰਸੀ (ਐੱਨ. ਆਈ. ਏ.) ਵਲੋਂ ਸਿੱਧੂ ਮੂਸੇ ਵਾਲਾ ਕਤਲ ਕਾਂਡ 'ਚ ਪੁੱਛਗਿੱਛ ਕੀਤੇ ਜਾਣ ਮਗਰੋਂ ਗਾਇਕਾ ਅਫਸਾਨਾ ਖ਼ਾਨ ਨੇ ਇੰਸਟਾਗ੍ਰਾਮ 'ਤੇ ਲਾਈਵ ਹੋ ਕੇ ਕਈ ਗੱਲਾਂ ਸਾਂਝੀਆਂ ਕੀਤੀਆਂ ਸਨ। ਇਸ ਤੋਂ ਬਾਅਦ ਅਫਸਾਨਾ ਖ਼ਾਨ ਨੇ ਮਰਹੂਮ ਗਾਇਕ ਤੇ ਮੂੰਹ ਬੋਲੇ ਭਰਾ ਸਿੱਧੂ ਮੂਸੇਵਾਲਾ ਦੇ ਮਾਪਿਆਂ ਨਾਲ ਮੁਲਾਕਾਤ ਕੀਤੀ। ਇਸ ਦੌਰਾਨ ਦੀਆਂ ਕਈ ਤਸਵੀਰਾਂ ਵੀ ਉਸ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਸਾਂਝੀਆਂ ਕੀਤੀਆਂ ਹਨ।
ਇਨ੍ਹਾਂ ਤਸਵੀਰਾਂ ਨੂੰ ਸਾਂਝਾ ਕਰਦੇ ਹੋਏ ਅਫਸਾਨਾ ਖ਼ਾਨ ਨੇ ਲਿਖਿਆ ਹੈ, ''ਨਾ ਅਸੀਂ ਮੰਗਦੇ ਧੁੱਪ ਵੇ ਰੱਬਾ, ਨਾ ਹੀ ਮੰਗਦੇ ਛਾਵਾਂ ਨੂੰ, ਇੱਕ ਬਾਪੂ ਨੂੰ ਕੁਝ ਨਾ ਹੋਵੇ ਦੂਜਾ ਸੁੱਖੀ ਰੱਖੀ ਮਾਵਾਂ ਨੂੰ। ਇੱਕ ਚੰਗੀ ਮਾਂ ਹਰ ਪੁੱਤ ਕੋਲ ਹੁੰਦੀ ਹੈ ਪਰ ਇੱਕ ਚੰਗਾ ਪੁੱਤ ਕਿਸੇ-ਕਿਸੇ ਮਾਂ ਕੋਲ ਹੁੰਦਾ ਹੈ। ਮਿਸ ਯੂ ਸਿੱਧੂ ਮੂਸੇਵਾਲਾ ਵੱਡੇ ਬਾਈ ਸੱਚੀਂ ਦਿਲ ਬਹੁਤ ਉਦਾਸ ਹੋ ਜਾਂਦਾ ਜਦੋਂ ਸਾਨੂੰ ਤੁਸੀਂ ਨਹੀਂ ਦਿਸਦੇ ਪਿੰਡ।'' ਇਸ ਦੇ ਨਾਲ ਹੀ ਅਫਸਾਨਾ ਖ਼ਾਨ ਨੇ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਸਿੱਧੂ ਨੂੰ ਵੀ ਟੈਗ ਕੀਤਾ ਹੈ।
ਦੱਸ ਦਈਏ ਕਿ ਸਿੱਧੂ ਮੂਸੇਵਾਲਾ ਦਾ 29 ਮਈ 2022 ਨੂੰ ਮਾਨਸਾ ਦੇ ਪਿੰਡ ਜਵਾਹਰਕੇ ਵਿਖੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਮੂਸੇਵਾਲਾ ਦੀ ਮੌਤ ਨੂੰ 5 ਮਹੀਨੇ ਪੂਰੇ ਹੋਣ ਵਾਲੇ ਹਨ ਪਰ ਅਜੇ ਤੱਕ ਸਿੱਧੂ ਮੂਸੇਵਾਲਾ ਦੇ ਪਰਿਵਾਰ ਨੂੰ ਇਨਸਾਫ਼ ਨਹੀਂ ਮਿਲਿਆ ਹੈ। ਇਸ ਕਰਕੇ ਸਿੱਧੂ ਮੂਸੇਵਾਲਾ ਦੇ ਮਾਪਿਆਂ ਨੇ ਆਪਣੇ ਮਰਹੂਮ ਪੁੱਤਰ ਨੂੰ ਇਨਸਾਫ਼ ਦਿਵਾਉਣ ਲਈ ਸੋਸ਼ਲ ਮੀਡੀਆ ‘ਤੇ ਵੀ ਮੁਹਿੰਮ ਛੇੜੀ ਹੋਈ ਹੈ। ਦੱਸਿਆ ਜਾ ਰਿਹਾ ਹੈ ਕਿ ਅਫਸਾਨਾ ਸਿੱਧੂ ਮੂਸੇਵਾਲਾ ਦੀ ਕਰੀਬੀ ਭੈਣ ਹੈ ਅਤੇ ਉਸ ਨੂੰ ਆਪਣਾ ਭਰਾ ਮੰਨਦੀ ਸੀ।
ਦੱਸਣਯੋਗ ਹੈ ਕਿ ਸਿੱਧੂ ਮੂਸੇਵਾਲਾ ਅਤੇ ਅਫਸਾਨਾ ਖ਼ਾਨ ਭੈਣ-ਭਰਾ ਸਨ। ਹਰ ਸਾਲ ਰੱਖੜੀ ਮੌਕੇ ਅਫਸਾਨਾ ਗਾਇਕ ਸਿੱਧੂ ਨੂੰ ਰੱਖੜੀ ਬੰਨਣ ਲਈ ਉਨ੍ਹਾਂ ਦੇ ਘਰ ਜਾਂਦੀ ਹੁੰਦੀ ਸੀ।
ਸਿੱਧੂ ਮੂਸੇਵਾਲਾ ਅਜਿਹਾ ਗਾਇਕ ਸੀ, ਜਿਸ ਨੇ ਬਹੁਤ ਹੀ ਘੱਟ ਸਮੇਂ ‘ਚ ਇੰਡਸਟਰੀ ‘ਚ ਆਪਣੀ ਪਛਾਣ ਬਣਾ ਲਈ ਸੀ। ਉਨ੍ਹਾਂ ਦੇ ਹਿੱਟ ਗੀਤਾਂ ਦੀ ਲਿਸਟ ਕਾਫੀ ਲੰਮੀ ਹੈ। ਆਪਣੀ ਵੱਖਰੀ ਗਾਉਣ ਸ਼ੈਲੀ ਕਾਰਨ ਸਿੱਧੂ ਮੂਸੇਵਾਲਾ ਅਕਸਰ ਚਰਚਾ 'ਚ ਰਹਿੰਦਾ ਸੀ।
ਨੋਟ - ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਜ਼ਰੂਰ ਦੱਸੋ।