ਪੰਜਾਬੀ ਲੋਕ ਗਾਇਕ ਹੁੰਦੇ ਸਨ ਕਦੇ ਪੰਜਾਬੀਆਂ ਦੇ ‘ਨਾਇਕ’! ਅੱਜ ਪੈਸੇ ਦੇ ਪੁੱਤ ਬਣੇ

Tuesday, Dec 20, 2022 - 05:54 PM (IST)

ਲੁਧਿਆਣਾ (ਮੁੱਲਾਂਪੁਰੀ)– ਪੰਜਾਬ ਦੀ ਧਰਤੀ ’ਤੇ ਅੱਜ ਤੋਂ ਤਿੰਨ ਦਹਾਕੇ ਪਹਿਲਾਂ ਪੰਜਾਬੀ ਗਾਇਕ ਪੰਜਾਬੀਆਂ ਦੇ ਲੋਕ ਨਾਇਕ ਥੋੜ੍ਹੇ ਪੈਸਿਆਂ ਨਾਲ ਲੋਕਾਂ ਦੀਆਂ ਖ਼ੁਸ਼ੀਆਂ ’ਚ ਢੇਰ ਸਾਰਾ ਵਾਧਾ ਕਰਦੇ ਸਨ ਤੇ ਲੋਕ ਵੀ ਉਨ੍ਹਾਂ ਨੂੰ ਸੁਣਨ ਲਈ ਅਖਾੜਿਆਂ ਤੇ ਵਿਆਹਾਂ-ਸ਼ਾਦੀਆਂ ’ਚ ਦੇਖਣ ਲਈ ਕੋਈ ਮੌਕਾ ਹੱਥੋਂ ਨਹੀਂ ਸੀ ਛੱਡਦੇ ਪਰ ਮਾਇਆ ਦੀ ਦੌੜ ਨੇ ਐਸੀ ਦੌੜ ਲਗਵਾਈ ਹੈ ਕਿ ਪੰਜਾਬ ਦੇ ਲੋਕ ਗਾਇਕ ਜੋ ਕਿਸੇ ਸਮੇਂ ਲੋਕ ਨਾਇਕ ਹੁੰਦੇ ਸਨ, ਅੱਜ ਉਹ ਪੈਸੇ ਦੇ ਪੁੱਤ ਬਣ ਗਏ ਹਨ ਕਿਉਂਕਿ ਉਨ੍ਹਾਂ ਦਿਨਾਂ ’ਚ ਕਲਾਕਾਰ ਦਸ ਹਜ਼ਾਰ, ਵੀਹ ਹਜ਼ਾਰ, ਪੱਚੀ ਤੋਂ ਤੀਹ ਹਜ਼ਾਰ ਤੱਕ ਸਬਰ ਕਰਕੇ ਲੋਕਾਂ ਦੇ ਸਮਾਗਮਾਂ ’ਚ ਸ਼ਾਮਲ ਹੁੰਦੇ ਸਨ।

ਕਦੇ ਵੀ ਉਨ੍ਹਾਂ ਦੇ ਘਰਾਂ ’ਤੇ ਇਨਕਮ ਟੈਕਸ ਜਾਂ ਕਿਸੇ ਹੋਰ ਏਜੰਸੀ ਵਲੋਂ ਛਾਪਾ ਨਹੀਂ ਮਾਰਿਆ ਗਿਆ ਸੁਣਿਆ ਸੀ। ਉਸ ਵੇਲੇ ਪੰਜਾਬੀ ਕਲਾਕਾਰ ਇਹ ਜਾਣਦੇ ਸਨ ਕਿ ਜੋ ਉਨ੍ਹਾਂ ਦਾ ਪ੍ਰੋਗਰਾਮ ਬੁੱਕ ਕਰਵਾਉਣ ਆਇਆ ਹੈ, ਉਸ ਦੀ ਭਾਵਨਾ ਦੀ ਕਦਰ ਕਰਦਿਆਂ ਉਸ ਨੂੰ ਖਾਲੀ ਨਾ ਮੋੜਿਆ ਜਾਵੇ ਪਰ ਅੱਜ ਦੇ ਪੰਜਾਬੀ ਗਾਇਕ ਕਲਾਕਾਰ ਲੱਖਾਂ ਰੁਪਏ ਤੋਂ ਸ਼ੁਰੂ ਹੁੰਦੇ ਹਨ ਤੇ ਕਈ ਲੱਖ ਟੱਪ ਕੇ ਫਿਰ ਕਿਤੇ ਜਾ ਕੇ ਰੁੱਕਦੇ ਹਨ।

ਇਹ ਖ਼ਬਰ ਵੀ ਪੜ੍ਹੋ : Year Ender 2022: ਸਾਲ 2022 ਇਨ੍ਹਾਂ ਕਲਾਕਾਰਾਂ ਲਈ ਬਣਿਆ 'ਕਾਲ', ਅਚਾਨਕ ਦੁਨੀਆ ਨੂੰ ਕਿਹਾ ਅਲਵਿਦਾ

ਇਹ ਵੀ ਪਤਾ ਲੱਗਾ ਹੈ ਕਿ ਇਨ੍ਹਾਂ ਨੂੰ ਬੁੱਕ ਕਰਵਾਉਣ ਲਈ ਕਈ ਸੱਜਣ ਪੁਲਸ ਦੇ ਅਧਿਕਾਰੀਆਂ ਦੀ ਮਦਦ ਜਾਂ ਕਿਸੇ ਵੱਡੇ ਅਹਿਲਕਾਰ ਦੀ ਸਿਫਾਰਸ਼ ਪਵਾ ਕੇ ਬੁੱਕ ਕਰਵਾਉਂਦੇ ਹਨ। ਅੱਜ ਇਕ ਮਿੱਤਰ ਨੇ ਦੱਸਿਆ ਕਿ ਭਾਵੇਂ ਮੁਹੰਮਦ ਸਦੀਕ ਵਿਧਾਇਕ ਤੇ ਐੱਮ. ਪੀ. ਵੀ ਬਣ ਗਿਆ ਹੈ ਪਰ ਹੁਣ ਵੀ ਕਿਤੇ ਲੰਘੇ ਡੰਗ ਅਖਾੜਾ ਲਗਾਉਂਦਾ ਹੋਵੇਗਾ। ਇਹ ਕਦੇ ਨਹੀਂ ਸੁਣਿਆ ਸੀ ਕਿ ਉਹ ਲੱਖਾਂ ਰੁਪਇਆ ਲੈਣ ਲੱਗ ਗਿਆ। 

ਬਾਕੀ ਹੁਣ ਉਹ ਐੱਮ. ਪੀ. ਵੀ ਹੈ। ਉਸ ਸੱਜਣ ਨੇ ਗੱਲ ਅੱਗੇ ਤੋਰਦਿਆਂ ਕਿਹਾ ਕਿ ਉਸ ਨੇ ਇਹੋ-ਜਿਹਾ ਸਮਾਂ ਦੇਖਿਆ ਹੈ ਕਿ ਜਿਸ ਮੌਕੇ ਸੁਰਿੰਦਰ ਕੌਰ, ਜਗਮੋਹਨ ਕੌਰ, ਨਰਿੰਦਰ ਬੀਬਾ ਜਾਂ ਹੋਰ ਲੇਡੀਜ਼ ਕਲਾਕਾਰਾਂ ਨੂੰ ਲੋਕ ਆਪਣੀਆਂ ਭੈਣਾਂ ਵਾਂਗ ਸਮਝਦੇ ਸਨ ਤੇ ਹਰਚਰਨ ਗਰੇਵਾਲ, ਦੀਦਾਰ ਸੰਧੂ, ਸੁਰਿੰਦਰ ਛਿੰਦਾ ਆਦਿ ਕਲਾਕਾਰ ਨੂੰ ਭਰਾਵਾਂ ਵਾਂਗ ਮੰਨਦੇ ਸਨ ਪਰ ਉਨ੍ਹਾਂ ਦੀ ਲੋਕਾਂ ਨਾਲ ਆਪਸੀ ਸਾਂਝ ਤੇ ਭਾਈਚਾਰਕ ਸਾਂਝ ਬਹੁਤ ਗੂੜ੍ਹੀ ਸੀ ਪਰ ਇਸ ਮਾਇਆ ਦੀ ਦੌੜ ਨੇ ਸਾਡੇ ਨੌਜਵਾਨ ਪੰਜਾਬੀ ਗਾਇਕਾਂ ਨੂੰ ਲੋਕਾਂ ਤੋਂ ਇੰਨਾ ਦੂਰ ਕਰ ਦਿੱਤਾ ਹੈ ਕਿ ਉਹ ਪੰਜਾਬੀਆਂ ਦੇ ਪੁੱਤ ਨਹੀਂ ਸਗੋਂ ਪੈਸੇ ਦੇ ਪੁੱਤ ਬਣ ਗਏ ਹਨ। ਉਹ ਹੁਣ ਪੰਜਾਬ ’ਚੋਂ ਪੈਸੇ ਇਕੱਠੇ ਕਰਕੇ ਚੰਡੀਗੜ੍ਹ ਲਾਗੇ ਵੱਸ ਰਹੇ ਹਨ, ਜਦਕਿ ਆਮ ਪੰਜਾਬੀ ਦੇ ਧੀ-ਪੁੱਤ ਦੇ ਵਿਆਹ ’ਚ ਇਨ੍ਹਾਂ ਨੂੰ ਬੁਲਾਉਣਾ ਸੰਭਵ ਨਹੀਂ ਹੈ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


Rahul Singh

Content Editor

Related News