ਸ਼ਹਿਨਾਜ਼ ਗਿੱਲ ਨੇ ਐਵਾਰਡ ਸ਼ੋਅ 'ਚ 'ਆਜ਼ਾਨ' ਦੀ ਅਵਾਜ਼ ਸੁਣ ਕੀਤਾ ਇਹ ਕੰਮ, ਹਰ ਪਾਸੇ ਹੋ ਰਹੀ ਹੈ ਤਾਰੀਫ਼
Thursday, Feb 23, 2023 - 03:44 PM (IST)
ਜਲੰਧਰ (ਬਿਊਰੋ) : ਖ਼ੁਦ ਨੂੰ ਪੰਜਾਬ ਦੀ ਕੈਟਰੀਨਾ ਕੈਫ਼ ਅਖਵਾਉਣ ਵਾਲੀ ਸ਼ਹਿਨਾਜ਼ ਗਿੱਲ ਭਾਰਤ ਦੀਆਂ ਸਭ ਤੋਂ ਪਸੰਦੀਦਾ ਅਭਿਨੇਤਰੀਆਂ 'ਚੋਂ ਇੱਕ ਹੈ। ਰਿਐਲਿਟੀ ਟੀ. ਵੀ. ਸ਼ੋਅ 'ਬਿੱਗ ਬੌਸ 13' 'ਚ ਨਜ਼ਰ ਆਉਣ ਤੋਂ ਬਾਅਦ ਗਲੈਮਰ ਦੀ ਦੁਨੀਆ 'ਚ ਹਰ ਪਾਸੇ ਉਸ ਦੀ ਚਮਕ ਦੇਖਣ ਨੂੰ ਮਿਲ ਰਹੀ ਹੈ। ਹਾਲ ਹੀ 'ਚ ਸ਼ਹਿਨਾਜ਼ ਗਿੱਲ ਨੇ ਇੱਕ ਐਵਾਰਡ ਨਾਈਟ 'ਚ ਸ਼ਿਰਕਤ ਕੀਤੀ, ਜਿਥੇ ਉਸ ਨੇ ਸਾਰਿਆਂ ਦਾ ਧਿਆਨ ਆਪਣੇ ਵੱਲ ਅਕਰਸ਼ਿਤ ਕੀਤਾ। ਉਸ ਦਾ ਇਕ ਵੀਡੀਓ ਸੋਸ਼ਲ ਮੀਡੀਆ 'ਤੇ ਕਾਫ਼ੀ ਵਾਇਰਲ ਹੋ ਰਿਹਾ ਹੈ, ਜਿਸ ਨੂੰ ਦੇਖ ਕੇ ਪ੍ਰਸ਼ੰਸਕ ਉਨ੍ਹਾਂ 'ਤੇ ਪਿਆਰ ਦੀ ਵਰਖਾ ਕਰ ਰਹੇ ਹਨ। ਦਰਅਸਲ, ਬੀਤੀ ਰਾਤ 22 ਫਰਵਰੀ 2023 ਨੂੰ ਮੁੰਬਈ 'ਚ ਲੋਕਮਤ ਡਿਜੀਟਲ ਕ੍ਰਿਏਟਰਜ਼ ਐਵਾਰਡ ਦਾ ਆਯੋਜਨ ਕੀਤਾ ਗਿਆ ਸੀ, ਜਿੱਥੇ ਟੀ. ਵੀ. ਨਾਲ ਜੁੜੇ ਕਈ ਸਿਤਾਰੇ ਨਜ਼ਰ ਆਏ ਸਨ। ਸ਼ਹਿਨਾਜ਼ ਨੇ ਵੀ ਇਸ ਸਮਾਗਮ 'ਚ ਸ਼ਿਰਕਤ ਕੀਤੀ। ਉਨ੍ਹਾਂ ਨੂੰ 'ਡਿਜੀਟਲ ਪਰਸਨੈਲਿਟੀ ਆਫ ਦਿ ਈਅਰ' ਦਾ ਪੁਰਸਕਾਰ ਮਿਲਿਆ। ਐਵਾਰਡ ਲੈਂਦੇ ਹੋਏ ਕੁੱਝ ਅਜਿਹਾ ਹੋਇਆ, ਜਿਸ 'ਤੇ ਸ਼ਹਿਨਾਜ਼ ਦਾ ਰੀਐਕਸ਼ਨ ਵੇਖ ਲੋਕ ਉਸ ਦੀ ਖੂਬ ਤਾਰੀਫ਼ ਕਰ ਰਹੇ ਹਨ।
ਦੱਸ ਦਈਏ ਕਿ ਜਦੋਂ ਸ਼ਹਿਨਾਜ਼ ਨੂੰ ਐਵਾਰਡ ਲਈ ਸਟੇਜ 'ਤੇ ਬੁਲਾਇਆ ਗਿਆ ਤਾਂ ਉਸ ਨੂੰ ਗੀਤ ਗਾਉਣ ਲਈ ਕਿਹਾ ਗਿਆ ਪਰ ਜਦੋਂ ਸ਼ਹਿਨਾਜ਼ ਨੇ 'ਆਜ਼ਾਨ' ਦੀ ਅਵਾਜ਼ ਸੁਣੀ ਤਾਂ ਉਸ ਨੇ ਆਪਣਾ ਗੀਤ ਬੰਦ ਕਰ ਦਿੱਤਾ ਅਤੇ ਇੱਜ਼ਤ ਨਾਲ ਸਿਰ ਝੁਕਾ ਕੇ ਖੜੀ ਹੋ ਗਈ। ਸਾਰੇ ਧਰਮਾਂ ਪ੍ਰਤੀ ਸਨਮਾਨ ਨੂੰ ਦੇਖਦੇ ਹੋਏ ਸਨਾ ਦੀ ਸੋਸ਼ਲ ਮੀਡੀਆ 'ਤੇ ਕਾਫ਼ੀ ਤਾਰੀਫ਼ ਹੋ ਰਹੀ ਹੈ।
ਦੱਸਣਯੋਗ ਹੈ ਕਿ ਐਵਾਰਡ ਸ਼ੋਅ 'ਚ ਜਦੋਂ ਸ਼ਹਿਨਾਜ਼ ਤੋਂ ਪੁੱਛਿਆ ਗਿਆ ਕਿ ਉਸ ਦਾ ਲੱਕੀ ਨੰਬਰ ਕੀ ਹੈ ਤਾਂ ਅਦਾਕਾਰਾ ਨੇ ਤੁਰੰਤ ਜਵਾਬ ਦਿੱਤਾ '12:12'। ਇਸ ਦਾ ਕਾਰਨ ਦੱਸਣ 'ਤੇ ਸ਼ਹਿਨਾਜ਼ ਨੇ ਕਿਹਾ ਕਿ ਇਹ ਨੰਬਰ ਉਸ ਦੇ ਫੋਨ 'ਚ ਸਭ ਤੋਂ ਜ਼ਿਆਦਾ ਦਿਖਾਈ ਦਿੰਦਾ ਹੈ, ਇਸ ਲਈ ਇਹ ਉਸ ਦਾ ਲੱਕੀ ਨੰਬਰ ਹੈ। ਹਾਲਾਂਕਿ, ਅਸਲ 'ਚ ਇਹ ਮਰਹੂਮ ਅਦਾਕਾਰ ਸਿਧਾਰਥ ਸ਼ੁਕਲਾ ਦੀ ਜਨਮ ਤਾਰੀਖ ਹੈ। ਸਿਧਾਰਥ ਦਾ ਜਨਮਦਿਨ 12 ਦਸੰਬਰ 1980 ਹੈ। ਸਿਧਾਰਥ ਦੀ 2 ਸਤੰਬਰ 2021 ਨੂੰ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ ਸੀ । ਕਿਹਾ ਜਾਂਦਾ ਹੈ ਕਿ ਸਿਧਾਰਥ ਅਤੇ ਸ਼ਹਿਨਾਜ਼ ਰਿਲੇਸ਼ਨਸ਼ਿਪ 'ਚ ਸਨ। ਕਈ ਵਾਰ ਅਦਾਕਾਰਾ ਇਸ ਗੱਲ ਨੂੰ ਸਵੀਕਾਰ ਵੀ ਕਰ ਚੁੱਕੀ ਹੈ ।
ਨੋਟ - ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਜ਼ਰੂਰ ਦੱਸੋ।