B''Day Spl : ''ਲੌਂਗ ਦਾ ਲਿਸ਼ਕਾਰਾ'' ਤੋਂ ''ਅਰਦਾਸ ਕਰਾਂ'' ਤੱਕ ਸਰਦਾਰ ਸੋਹੀ ਨੇ ਇੰਝ ਨਿਭਾਏ ਸੀ ਬਾਕਮਾਲ ਕਿਰਦਾਰ

Friday, Nov 20, 2020 - 01:11 PM (IST)

B''Day Spl : ''ਲੌਂਗ ਦਾ ਲਿਸ਼ਕਾਰਾ'' ਤੋਂ ''ਅਰਦਾਸ ਕਰਾਂ'' ਤੱਕ ਸਰਦਾਰ ਸੋਹੀ ਨੇ ਇੰਝ ਨਿਭਾਏ ਸੀ ਬਾਕਮਾਲ ਕਿਰਦਾਰ

ਜਲੰਧਰ (ਬਿਊਰੋ) — ਪਿੰਡ ਟਿੱਬੇ (ਨੇੜੇ ਸ਼ੇਰਪੁਰ) ਦੀਆਂ ਗਲੀਆਂ 'ਚ ਖ਼ੇਡ ਕੇ ਜਵਾਨ ਹੋਏ ਪਰਮਜੀਤ ਬਾਰੇ ਕੋਈ ਨਹੀਂ ਜਾਣਦਾ ਸੀ ਕਿ ਇਹ ਚੁੱਪ ਕੀਤਾ ਜਿਹਾ ਮੁੰਡਾ ਇਕ ਦਿਨ ਫ਼ਿਲਮੀ ਪਰਦੇ 'ਤੇ ਸਰਦਾਰ ਸੋਹੀ ਬਣ ਕੇ ਸਰਦਾਰੀ ਕਾਇਮ ਕਰੇਗਾ। ਸਰਦਾਰ ਸੋਹੀ ਦਾ ਜਨਮ 20 ਨਵੰਬਰ ਨੂੰ ਹੋਇਆ। ਉਨ੍ਹਾਂ ਦਾ ਪਿੰਡ ਟਿੱਬਾ (ਨਾਨਕਾ ਪਿੰਡ) ਕਾਮਰੇਡਾਂ ਦਾ ਪਿੰਡ ਰਿਹਾ ਹੈ।

PunjabKesari

ਪਰਮਜੀਤ ਤੋਂ ਸਰਦਾਰ ਸੋਹੀ ਬਣਨ ਦਾ ਸਫ਼ਰ
ਪਰਮਜੀਤ ਤੋਂ ਸਰਦਾਰ ਸੋਹੀ ਬਣਨਾ ਹਰ ਕਿਸੇ ਦੇ ਵੱਸ ਦੀ ਗੱਲ ਨਹੀਂ ਹੈ। ਸੋਹੀ, ਹਰਪਾਲ ਟਿਵਾਣਾ ਦਾ ਚੰਡਿਆ ਚੇਲਾ ਹੈ। ਉਨ੍ਹਾਂ ਨੇ ਹਰਪਾਲ ਟਿਵਾਣਾ ਦੀ ਨਾਟਸ਼ਾਲਾ 'ਚ 12 ਸਾਲ ਸ਼ਾਗਿਰਦੀ ਕੀਤੀ ਤਾਂ ਕਿਤੇ ਜਾ ਕੇ ਹਰਪਾਲ ਟਿਵਾਣਾ ਨੇ ਉਨ੍ਹਾਂ ਨੂੰ ਸਰਦਾਰ ਸੋਹੀ ਦਾ ਨਾਂ ਦਿੱਤਾ।

PunjabKesari

ਹਰ ਕਿਰਦਾਰ 'ਚ ਪਾਉਂਦੇ ਨੇ ਜਾਨ
ਅੱਜ ਸਰਦਾਰ ਸੋਹੀ ਇਕ ਸਫ਼ਲ ਚਰਿੱਤਰ ਅਭਿਨੇਤਾ ਹਨ। ਕਈ ਦ੍ਰਿਸ਼ਾਂ 'ਚ ਉਹ ਆਪ ਨਹੀਂ ਬੋਲਦੇ, ਉਨ੍ਹਾਂ ਦੀ ਅਦਾਕਾਰੀ ਬੋਲਦੀ ਹੈ। ਰੋਹਬਦਾਰ ਕਿਰਦਾਰਾਂ ਨਾਲ ਖੇਡਣਾ ਉਨ੍ਹਾਂ ਨੂੰ ਚੰਗਾ ਲੱਗਦਾ ਹੈ। ਭਾਵੇਂ ਪੁਲਸ ਅਫ਼ਸਰ ਹੋਵੇ ਜਾਂ ਵੈਲੀਪੁਣੇ ਵਾਲਾ, ਹਰ ਕਿਰਦਾਰ 'ਚ ਜਾਨ ਪਾਉਣਾ ਉਨ੍ਹਾਂ ਦੀ ਕਲਾਕਾਰੀ ਦਾ ਰੰਗ ਹੈ।

PunjabKesari

ਫ਼ਿਲਮਾਂ ਦੀਆਂ ਕਹਾਣੀਆਂ ਤੇ ਡਾਇਲਾਗ ਵੀ ਲਿਖਦੇ ਨੇ
ਦਰਜਨਾਂ ਫ਼ਿਲਮਾਂ 'ਚ ਅਦਾਕਾਰੀ ਕਰਨ ਦੇ ਨਾਲ-ਨਾਲ ਸਰਦਾਰ ਸੋਹੀ ਨੇ ਅਨੇਕਾਂ ਫ਼ਿਲਮਾਂ ਦੀਆਂ ਕਹਾਣੀਆਂ ਤੇ ਡਾਇਲਾਗ ਵੀ ਲਿਖੇ।

ਨਿਆਣੀ ਉਮਰੇ ਲੱਗਾ ਅਦਾਕਾਰੀ ਦਾ ਸ਼ੌਕ
ਸਰਦਾਰ ਸੋਹੀ ਨੂੰ ਕਲਾ ਰੂਪੀ ਜਾਗ ਨਿਆਣੀ ਉਮਰੇ ਹੀ ਲੱਗਿਆ। ਉਨ੍ਹਾਂ ਦਾ ਪਿੰਡ ਟਿੱਬਾ (ਨਾਨਕਾ ਪਿੰਡ) ਕਾਮਰੇਡਾਂ ਦਾ ਪਿੰਡ ਰਿਹਾ ਹੈ। ਲੋਕ ਲਹਿਰ ਦੇ ਸਿਰਕੱਢ ਬੁਲਾਰਿਆਂ ਤੇ ਸੰਗੀਤਕ ਕਾਮਰੇਡੀ ਡਰਾਮੇ ਕਰਨ ਵਾਲਿਆਂ ਦਾ ਇੱਥੇ ਬਹੁਤ ਆਉਣਾ-ਜਾਣਾ ਸੀ। ਜਲਾਲਦੀਵਾਲ ਵਾਲਾ ਦਲੀਪ ਸਿੰਘ ਮਸਤ ਕਹਿੰਦਾ-ਕਹਾਉਂਦਾ ਕਾਮਰੇਡ ਬੁਲਾਰਾ ਸੀ, ਜੋ ਅਕਸਰ ਮੇਰੇ ਨਾਨਾ ਜੀ ਕੋਲ ਆਉਂਦੇ ਸਨ। 'ਬਾਹਰਲੇ ਘਰ' ਵੱਜਦੇ ਤੂੰਬੀ-ਢੋਲਕੀ ਵਾਲੇ ਮਾਹੌਲ ਨੇ ਮੈਨੂੰ ਵੀ ਪ੍ਰਭਾਵਿਤ ਕੀਤਾ। ਇਸੇ ਸਦਕਾ ਮੈਂ ਸਕੂਲ 'ਚ ਗਾਉਣ ਲੱਗਾ। ਸ਼ਨੀਵਾਰ ਦੀ ਸਭਾ 'ਚ ਮੈਂ 'ਚਾਹ ਦੇ ਨਸ਼ੇ' ਬਾਰੇ ਗੀਤ ਗਾਉਂਦਾ, ਜੋ ਬਹੁਤ ਸਲਾਹਿਆ ਜਾਂਦਾ। ਉਦੋਂ ਆਮ ਚਰਚਾ ਸੀ ਕਿ ਅੰਗਰੇਜ਼ ਜਾਣ ਲੱਗੇ ਦੁੱਧ-ਲੱਸੀਆਂ ਪੀਣ ਵਾਲੇ ਪੰਜਾਬੀਆਂ ਨੂੰ ਚਾਹ ਦੇ ਅਮਲ 'ਤੇ ਲਾ ਗਏ।

PunjabKesari

ਸਕੂਲੀ ਦੌਰ ਦੌਰਾਨ ਪਿਆ ਫ਼ਿਲਮਾਂ ਦੇਖਣ ਦਾ ਸ਼ੌਕ
ਸਕੂਲ-ਕਾਲਜ 'ਚ ਪੜ੍ਹਦਿਆਂ ਸੋਹੀ ਨੂੰ ਫ਼ਿਲਮਾਂ ਦੇਖਣ ਦਾ ਸ਼ੌਕ ਪੈ ਗਿਆ, ਜਿਸ ਨਾਲ ਉਸ ਅੰਦਰਲਾ ਕਲਾਕਾਰ ਅੰਗੜਾਈਆਂ ਲੈਣ ਲੱਗਾ ਤੇ ਇਹੀ ਉਸ ਨੂੰ ਮੁੰਬਈ ਲੈ ਗਿਆ ਪਰ ਉਸ ਅੰਦਰਲਾ ਕਲਾਕਾਰ ਅਜੇ ਕੱਚਾ ਸੀ। ਉਸਤਾਦ ਗੁਰੂ ਦਾ ਜਾਗ ਨਹੀਂ ਸੀ ਲੱਗਾ, ਇਸ ਕਰਕੇ ਉਹ ਕੁਝ ਮਹੀਨੇ ਖੱਜਲ-ਖੁਆਰ ਹੋ ਕੇ ਪਿੰਡ ਮੁੜ ਆਇਆ ਤੇ ਹਲ ਦਾ ਮੁੰਨਾ ਫੜ੍ਹ ਬਾਪੂ ਨਾਲ ਖੇਤ ਦੀਆਂ ਵੱਟਾਂ ਮਿੱਧਣ ਲੱਗਾ। ਬਾਪੂ ਨੇ ਉਸ ਦਾ ਉਦਾਸ ਚਿਹਰਾ ਪੜ੍ਹ ਕੇ ਕਿਹਾ, ਜੇ ਤੇਰਾ ਮਨ ਐਕਟਰ ਬਣਨ ਦਾ ਹੀ ਹੈ ਤਾਂ ਜਾਹ, ਆਪਣੀ ਮੰਜ਼ਿਲ ਲੱਭ ਲੈ, ਪਰ ਕੁਝ ਬਣ ਕੇ ਮੁੜੀਂ।

PunjabKesari

ਬਾਪ ਨੇ ਦਿੱਤੀ ਪੁੱਤਰ ਦੀ ਕਲਾ ਨੂੰ ਉਡਾਰੀ ਮਾਰਨ ਦੀ ਖੁੱਲ੍ਹ
ਸਰਦਾਰ ਸੋਹੀ ਦਾ ਬਾਪੂ ਇਕ ਸੁਲਝਿਆ ਬੰਦਾ ਸੀ। ਅੰਗਰੇਜ਼ਾਂ ਦੇ ਵੇਲੇ ਉਹ ਫੌਜ 'ਚ ਵੈਦਗਿਰੀ ਦੀ ਨੌਕਰੀ ਕਰਦੇ ਸਨ, ਜਿਸ ਕਰਕੇ ਉਨ੍ਹਾਂ ਨੂੰ ਉਰਦੂ, ਫ਼ਾਰਸੀ ਤੇ ਪੰਜਾਬੀ ਸਮੇਤ ਕਈ ਜ਼ੁਬਾਨਾਂ ਦਾ ਗਿਆਨ ਸੀ। ਉਨ੍ਹਾਂ ਨੇ ਆਪਣੇ ਪੁੱਤਰ ਦੀਆਂ ਭਾਵਨਾਵਾਂ ਨੂੰ ਪੜ੍ਹਿਆ ਤੇ ਉਨ੍ਹਾਂ ਨੂੰ ਕਲਾ ਦੇ ਅਸਮਾਨ 'ਚ ਉਡਾਰੀ ਮਾਰਨ ਦੀ ਖੁੱਲ੍ਹ ਦੇ ਦਿੱਤੀ।

PunjabKesari

ਇਨ੍ਹਾਂ ਨਾਟਕਾਂ 'ਚ ਕਰ ਚੁੱਕੈ ਕੰਮ
ਆਪਣੀ ਮੰਜ਼ਿਲ ਦੀ ਤਲਾਸ਼ 'ਚ ਤੁਰਦੇ-ਫਿਰਦੇ ਸੋਹੀ ਨੂੰ ਉਨ੍ਹਾਂ ਦੇ ਇਕ ਖ਼ਾਸ ਮਿੱਤਰ ਨੇ ਹਰਪਾਲ ਟਿਵਾਣਾ ਦੇ ਦਰ ਦਾ ਕੁੰਡਾ ਖੜਕਾਉਣ ਦੀ ਸਲਾਹ ਦਿੱਤੀ। ਕਰੜੇ ਇਮਤਿਹਾਨਾਂ 'ਚੋਂ ਲੰਘਦਿਆਂ, ਜੀ ਹਜ਼ੂਰੀ ਕਰਦਿਆਂ ਸੋਹੀ ਆਪਣੀ ਮੰਜ਼ਿਲ ਵੱਲ ਵਧਣ ਲੱਗਾ। ਉਨ੍ਹਾਂ ਨੇ 'ਹਿੰਦ ਦੀ ਚਾਦਰ', 'ਚਮਕੌਰ ਦੀ ਗੜ੍ਹੀ', 'ਰਮਾਇਣ', 'ਦੀਵਾ ਬਲੇ ਸਾਰੀ ਰਾਤ', 'ਲੌਂਗ ਦਾ ਲਿਸ਼ਕਾਰਾ', 'ਮੇਲਾ ਮੁੰਡੇ ਕੁੜੀਆਂ ਦਾ', 'ਮੱਸਿਆ ਦੀ ਰਾਤ', 'ਚੰਡੀਗੜ੍ਹ ਮੁਸੀਬਤਾਂ ਦਾ ਘਰ', 'ਲੋਹਾ ਕੁੱਟ' ਆਦਿ ਨਾਟਕਾਂ 'ਚ ਵੱਖ-ਵੱਖ ਕਿਰਦਾਰ ਖੇਡੇ।

PunjabKesari

'ਲੌਂਗ ਦਾ ਲਿਸ਼ਕਾਰਾ' ਨਾਲ ਕੀਤੀ ਫ਼ਿਲਮੀ ਕਰੀਅਰ ਦੀ ਸ਼ੁਰੂਆਤ
ਸਰਦਾਰ ਸੋਹੀ ਨੇ ਆਪਣੇ ਫ਼ਿਲਮੀ ਸਫ਼ਰ ਦੀ ਸ਼ੁਰੂਆਤ ਵੀ ਹਰਪਾਲ ਟਿਵਾਣਾ ਦੀ ਫ਼ਿਲਮ 'ਲੌਂਗ ਦਾ ਲਿਸ਼ਕਾਰਾ' (1983) ਤੋਂ ਕੀਤੀ। ਉਨ੍ਹਾਂ ਦੀ ਦੂਜੀ ਫ਼ਿਲਮ 'ਦੀਵਾ ਬਲੇ ਸਾਰੀ ਰਾਤ' ਨੇ ਸਰਦਾਰ ਸੋਹੀ ਨੂੰ ਉਸੇ ਮੁੰਬਈ ਪਹੁੰਚਾ ਦਿੱਤਾ, ਜਿੱਥੋਂ ਕਦੇ ਉਹ ਨਿਰਾਸ਼ ਹੋ ਕੇ ਪਰਤੇ ਸਨ।

PunjabKesari

ਹਿੰਦੀ ਫ਼ਿਲਮਾਂ 'ਚ ਵੀ ਅਜਮਾ ਚੁੱਕੇ ਨੇ ਕਿਸਮਤ
ਗੁਲਜ਼ਾਰ ਦੇ ਨਾਟਕ 'ਮਿਰਜਾ ਗਾਲਿਬ' ਸਮੇਤ ਕਈ ਚਰਚਿਤ ਲੜੀਵਾਰਾਂ 'ਚ ਕੰਮ ਕਰਨ ਤੋਂ ਇਲਾਵਾ ਕਈ ਹਿੰਦੀ ਫ਼ਿਲਮਾਂ- 'ਵਾਰਿਸ', 'ਵਿਜੈ ਸ਼ਕਤੀ', 'ਐਲਾਨ', 'ਪਿਆਸੀ ਨਿਗਾਹੇ', 'ਦਿਵਿਆ ਸ਼ਕਤੀ', 'ਸ਼ਹੀਦ ਭਗਤ ਸਿੰਘ', 'ਹਵਾਏਂ' ਅਤੇ 'ਕਾਫਲਾ' ਕੀਤੀਆਂ। ਪੰਜਾਬੀ ਫਿਲਮਾਂ 'ਚ ਚੰਗਾ ਕੰਮ ਨਾ ਹੋਣ ਕਰਕੇ ਉਹ ਕਈ ਸਾਲ ਪੰਜਾਬੀ ਫ਼ਿਲਮਾਂ ਤੋਂ ਦੂਰ ਹੀ ਰਹੇ।

PunjabKesari

ਪੰਜਾਬੀ ਫਿਲਮ ਇੰਡਸਟਰੀ ਮਕੂਬਲ ਹੋਏ ਸੋਹੀ ਦਾ ਨਾਂ
1997 'ਚ ਆਈ ਪੰਜਾਬੀ ਫਿਲਮ 'ਮੇਲਾ' ਨਾਲ ਉਹ ਪੰਜਾਬੀ ਫਿਲਮਾਂ ਲਈ ਮੁੜ ਸਰਗਰਮ ਹੋਏ। ਫਿਰ ਸੁਖਮੰਦਰ ਧੰਜਲ ਦੀ ਨੈਸ਼ਨਲ ਐਵਾਰਡ ਜੇਤੂ ਫਿਲਮ 'ਬਾਗੀ' 'ਚ ਉਨ੍ਹਾਂ ਦੀ ਅਦਾਕਾਰੀ ਪੂਰੇ ਜਲੌਅ 'ਤੇ ਰਹੀ। 'ਖੇਲ ਤਕਦੀਰਾਂ ਦੇ', 'ਲੱਗਦਾ ਇਸ਼ਕ ਹੋ ਗਿਆ', 'ਜਿਹਨੇ ਮੇਰਾ ਦਿਲ ਲੁੱਟਿਆ', 'ਜੱਟ ਜੇਮਸ਼ ਬਾਂਡ', 'ਕੈਰੀ ਆਨ ਜੱਟਾ', 'ਸਾਬ੍ਹ ਬਹਾਦਰ', 'ਦੁੱਲਾ ਭੱਟੀ', 'ਨਿੱਕਾ ਜੈਲਦਾਰ 2', 'ਆਟੇ ਦੀ ਚਿੜੀ', 'ਸੂਬੇਦਾਰ ਜੋਗਿੰਦਰ ਸਿੰਘ', 'ਕੌਮ ਦੇ ਹੀਰੇ', 'ਮੋਟਰ ਮਿੱਤਰਾਂ ਦੀ', 'ਬਲੱਡ ਸਟਰੀਟ', 'ਸਰਦਾਰ ਮੁਹੰਮਦ' ਆਦਿ ਦਰਜਨਾਂ ਚਰਚਿਤ ਪੰਜਾਬੀ ਫਿਲਮਾਂ 'ਚ ਯਾਦਗਰੀ ਕਿਰਦਾਰ ਨਿਭਾਏ।

PunjabKesari

ਜਿੱਤ ਚੁੱਕੇ ਨੇ ਕਈ ਐਵਾਰਡਜ਼
ਆਪਣੀ ਜ਼ਿੰਦਗੀ 'ਚ ਮਸਤ ਰਹਿਣ ਵਾਲੇ ਸਰਦਾਰ ਸੋਹੀ ਪੰਜਾਬ ਦੀ ਮਿੱਟੀ ਨਾਲ ਜੁੜੇ ਕਲਾਕਾਰ ਹੈ। ਉਨ੍ਹਾਂ ਨੂੰ ਚੰਗੀ ਅਦਾਕਾਰੀ ਦੀਆਂ ਵੱਖ-ਵੱਖ ਵੰਨਗੀਆਂ 'ਚ ਬਿਹਤਰੀਨ ਅਦਾਕਾਰੀ ਬਦਲੇ ਵਿਸ਼ੇਸ਼ ਐਵਾਰਡ ਵੀ ਮਿਲੇ। ਉਂਝ ਉਨ੍ਹਾਂ ਦਾ ਕਹਿਣਾ ਹੈ ਕਿ ਸਿਨੇਮਾ ਹਾਲ 'ਚ ਦਰਸ਼ਕਾਂ ਦੀਆਂ ਤਾੜੀਆਂ, ਸੀਟੀਆਂ ਉਨ੍ਹਾਂ ਦੇ ਅਸਲ ਐਵਾਰਡ ਹੁੰਦੇ ਹਨ।

PunjabKesari


author

sunita

Content Editor

Related News