ਦੁਨੀਆ ਭਰ 'ਚ ਰਿਲੀਜ਼ ਹੋਈ ਗੁਰਨਾਮ ਭੁੱਲਰ ਦੀ ਪੰਜਾਬੀ ਫ਼ਿਲਮ 'ਖਿਡਾਰੀ'

Friday, Feb 09, 2024 - 10:56 AM (IST)

ਦੁਨੀਆ ਭਰ 'ਚ ਰਿਲੀਜ਼ ਹੋਈ ਗੁਰਨਾਮ ਭੁੱਲਰ ਦੀ ਪੰਜਾਬੀ ਫ਼ਿਲਮ 'ਖਿਡਾਰੀ'

ਗੁਰਨਾਮ ਭੁੱਲਰ ਜਦੋਂ ਜਲੰਧਰ ਦੇ ਏ. ਪੀ. ਜੇ. ਕਾਲਜ ’ਚ ਪੜ੍ਹਦਾ ਸੀ, ਗੀਤਾਂ ਨਾਲ ਇਸ਼ਕ ਉਦੋਂ ਵੀ ਕਰਦਾ ਸੀ ਤੇ ਹੁਣ ਵੀ। ਹੁਣ ਉਸ ਦਾ ਇਹ ਇਸ਼ਕ ਜਵਾਨੀ ਪਹਿਰ 'ਚ ਹੈ। ਉਸ ਦੇ  ਗਾਣੇ  ਵਿਕਦੇ ਹਨ, ਪ੍ਰੋਗਰਾਮ ਲੱਗਦੇ ਹਨ, ਫ਼ਿਲਮਾਂ ਚੱਲਦੀਆਂ ਹਨ। ਮਾਲਵੇ ਦੇ ਸਾਧਾਰਨ ਪਰਿਵਾਰ ਦੇ ਮੁੰਡੇ ਹਿੱਸੇ ਇੰਨੀ ਕਾਮਯਾਬੀ ਆਉਣੀ ਛੋਟੀ ਗੱਲ ਨਹੀਂ ਹੈ। ਉਹ ਸਾਧਾਰਨ ਪਰਿਵਾਰ ਦਾ ਜੰਮਿਆ ਜਾਇਆ ਹੈ, ਜਿਸ 'ਚੋਂ ਪਹਿਲਾਂ ਕਦੇ ਕਿਸੇ ਨੇ ਗਾਇਆ ਨਹੀਂ ਸੀ।

‘ਸਹੁਰਿਆਂ ਦਾ ਪਿੰਡ’ ਸਭ ਤੋਂ ਖ਼ੂਬਸੂਰਤ ਫ਼ਿਲਮ
ਗੁਰਨਾਮ ‘ਪੰਜਾਬੀ ਜਾਗ੍ਰਿਤੀ ਮਾਰਚ’ ਤੇ ਹੋਰ ਸਮਾਜਿਕ ਜਥੇਬੰਦੀਆਂ ਦੇ ਪ੍ਰੋਗਰਾਮਾਂ 'ਚ ਅਕਸਰ ਗਾਉਣ ਜਾਂਦਾ ਰਿਹਾ ਤੇ ਹੌਲੀ-ਹੌਲੀ ਉਸ ਦਾ ਦਾਇਰਾ ਵਧਦਾ ਗਿਆ। ਹੁਣ ਉਹ ਗਾਉਂਦਾ-ਗਾਉਂਦਾ ਪ੍ਰਪੱਕ ਹੋ ਚੁੱਕਾ ਹੈ। ਗਾਇਕ ਦੀ ਦਿਲੀ ਇੱਛਾ ਹੁੰਦੀ ਹੈ ਕਿ ਢਾਈ ਮਿੰਟ ਦੇ ਗੀਤ ਪਿੱਛੋਂ ਢਾਈ ਘੰਟੇ ਦੀ ਫ਼ਿਲਮ  'ਚ ਵੀ ਕੰਮ ਕਰੇ ਤੇ ਹੁਣ ਤੱਕ ਉਹ ਅਨੇਕਾਂ ਸਫ਼ਲ ਫ਼ਿਲਮਾਂ 'ਚ ਬਤੌਰ ਨਾਇਕ ਨਾਮਣਾ ਖੱਟ ਚੁੱਕਾ ਹੈ। ‘ਸਹੁਰਿਆਂ ਦਾ ਪਿੰਡ’ ਉਸ ਦੀ ਸਭ ਤੋਂ ਖ਼ੂਬਸੂਰਤ ਫ਼ਿਲਮ ਹੈ।

ਕੁਸ਼ਤੀ 'ਤੇ ਆਧਾਰਿਤ ਹੈ 'ਖਿਡਾਰੀ'
ਹੁਣ ਉਹ ਇਕ ਵਾਰ ਮੁੜ ਬਤੌਰ ਕੁਸ਼ਤੀ ਖਿਡਾਰੀ ਹਾਜ਼ਰ ਹੋ ਰਿਹਾ ਹੈ। ਫ਼ਿਲਮ ਹੈ ‘ਖਿਡਾਰੀ’, ਜਿਹੜੀ ਅੱਜ ਦੁਨੀਆ ਭਰ 'ਚ ਰਿਲੀਜ਼ ਹੋ ਰਹੀ ਹੈ। ਖੇਡਾਂ ਤੇ ਖਿਡਾਰੀਆਂ ’ਤੇ ਹੁਣ ਤੱਕ ਕਈ ਫ਼ਿਲਮਾਂ ਬਣੀਆਂ ਹਨ, ਜਿਨ੍ਹਾਂ ’ਚੋਂ ਕੁਝ ਚੱਲੀਆਂ ਵੀ ਹਨ। ਕਬੱਡੀ ਤੇ ਹਾਕੀ ’ਤੇ ਫ਼ਿਲਮਾਂ ਆਈਆਂ ਪਰ ਗੁਰਨਾਮ ਦੀ ਫ਼ਿਲਮ ‘ਖਿਡਾਰੀ’ ਕੁਸ਼ਤੀ ’ਤੇ ਆਧਾਰਿਤ ਹੈ। ਇਹ ਫ਼ਿਲਮ ਜ਼ਿੰਦਗੀ ਦੀ ਜੰਗ ’ਚ ਖਿਡਾਰੀ ਬਣ ਕੇ ਵਿਚਰਨ ਦੀ ਜਾਚ ਸਿਖਾਉਂਦੀ ਹੈ। 'ਖਿਡਾਰੀ' ਸਿਰਫ਼ ਮੈਦਾਨ ਵਾਲਾ ਨਹੀਂ ਹੁੰਦਾ, ਜ਼ਿੰਦਗੀ ਦੇ ਸਫ਼ਰ ਦੀ ਸ਼ਾਨਦਾਰ ਪਾਰੀ ਖੇਡਣ ਵਾਲਾ ਵੀ 'ਖਿਡਾਰੀ' ਹੀ ਹੁੰਦਾ ਹੈ।

ਚੰਗੇ ਕਲਾਕਾਰ ਫ਼ਿਲਮ ਦਾ ਹਿੱਸਾ
ਗੁਰਨਾਮ ਭੁੱਲਰ ‘ਖਿਡਾਰੀ’ ਪ੍ਰਤੀ ਬੇਹੱਦ ਆਸਵੰਦ ਹੈ। ਉਸ ਦੇ ਵੱਡੇ ਭਰਾ ਦਾ ਕਿਰਦਾਰ ਕਰਤਾਰ ਚੀਮਾ ਨੇ ਨਿਭਾਇਆ ਹੈ, ਜਿਸ ਨੇ ‘ਸਿਕੰਦਰ’ ਵਰਗੀ ਫ਼ਿਲਮ 'ਚ ਲਾਜਵਾਬ ਅਦਾਕਾਰੀ ਕੀਤੀ। ਕਰਤਾਰ ਚੀਮਾ ਨੂੰ ਪੰਜਾਬੀਆਂ ਨੇ ‘ਵ੍ਹਾਈਟ ਪੰਜਾਬ’ ’ਚ ਦੇਖਿਆ ਤੇ ਹੁਣ ਉਹ 'ਖਿਡਾਰੀ' ਵਜੋਂ ਦੇਖਣਗੇ। ਫ਼ਿਲਮ ਦੀ ਨਾਇਕਾ ਸੁਰਭੀ ਜੋਤੀ ਹੈ ਤੇ ਨਵਦੀਪ ਕਲੇਰ, ਮਨਦੀਪ ਸਿੰਘ, ਪ੍ਰਭ ਗਰੇਵਾਲ, ਸੰਜੂ ਸੋਲੰਕੀ, ਰੋਹਿਤ ਜੁੰਗਰਾਲ ਤੇ ਧੀਰਜ ਕੁਮਾਰ ਸਮੇਤ ਹੋਰ ਚੰਗੇ ਕਲਾਕਾਰ ਫ਼ਿਲਮ ਦਾ ਹਿੱਸਾ ਹਨ।

‘ਖਿਡਾਰੀ’ ਰਾਹੀਂ ਪੰਜਾਬੀ ਸਿਨੇਮਾ ਨੂੰ ਬਤੌਰ ਪ੍ਰੋਡਿਊਸਰ ਮਿਲੇ ਨਵੇਂ ਚਿਹਰੇ
ਤਸੱਲੀ ਦੀ ਗੱਲ ਇਹ ਹੈ ਕਿ ‘ਖਿਡਾਰੀ’ ਰਾਹੀਂ ਪੰਜਾਬੀ ਸਿਨੇਮਾ ਨੂੰ ਬਤੌਰ ਪ੍ਰੋਡਿਊਸਰ ਨਵੇਂ ਚਿਹਰੇ ਮਿਲ ਰਹੇ ਹਨ। ਰਵੀਸ਼ ਅਬਰੋਲ, ਜਿਨ੍ਹਾਂ ਦੇ ਪਰਿਵਾਰ ਨਾਲ ਗੁਰਨਾਮ ਭੁੱਲਰ ਦੀ ਪਰਿਵਾਰਕ ਸਾਂਝ ਹੈ, ਉਹ ਇਸ ਫ਼ਿਲਮ ਰਾਹੀਂ ਨਿਰਮਾਤਾ ਵਜੋਂ ਸਾਹਮਣੇ ਆ ਰਹੇ ਹਨ। ਅਕਾਸ਼ਦੀਪ ਚਲੇ, ਗਗਨਦੀਪ, ਪਰਮਜੀਤ ਸਿੰਘ ਵੀ ਬਤੌਰ ਨਿਰਮਾਤਾ ਕਮਾਲ ਕਰ ਰਹੇ ਹਨ। ਮਾਨਵ ਸ਼ਾਹ ਵਲੋਂ ਨਿਰਦੇਸ਼ਿਤ ਇਸ ਫ਼ਿਲਮ ਤੋਂ ਪੰਜਾਬੀ ਸਿਨੇਮਾ ਜਗਤ ਨੂੰ ਖ਼ਾਸ ਉਮੀਦਾਂ ਹਨ ਕਿਉਂਕਿ ਐਕਸ਼ਨ ਭਰਪੂਰ ਇਸ ਫ਼ਿਲਮ 'ਚ ਨੂੰ ਮਿਲਿਆ ਹੁੰਗਾਰਾ ਭਵਿੱਖ 'ਚ ਨਵੇਂ ਵਿਸ਼ੇ ਵਾਲੀਆਂ ਹੋਰ ਫ਼ਿਲਮਾਂ ਦਾ ਰਾਹ ਖੋਲ੍ਹੇਗਾ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt=8

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


author

sunita

Content Editor

Related News