ਦਰਸ਼ਕਾਂ ਨੂੰ ਪਸੰਦ ਆਇਆ ਐਮੀ-ਸੋਨਮ ਦਾ ‘ਪੁਆੜਾ’, 6 ਮਿਲੀਅਨ ਤੋਂ ਵੱਧ ਵਾਰ ਦੇਖਿਆ ਗਿਆ ਟਰੇਲਰ

Wednesday, Mar 17, 2021 - 01:49 PM (IST)

ਦਰਸ਼ਕਾਂ ਨੂੰ ਪਸੰਦ ਆਇਆ ਐਮੀ-ਸੋਨਮ ਦਾ ‘ਪੁਆੜਾ’, 6 ਮਿਲੀਅਨ ਤੋਂ ਵੱਧ ਵਾਰ ਦੇਖਿਆ ਗਿਆ ਟਰੇਲਰ

ਚੰਡੀਗੜ੍ਹ (ਬਿਊਰੋ)– ਲਗਭਗ ਇਕ ਸਾਲ ਤੋਂ ਵੱਧ ਸਮੇਂ ਬਾਅਦ ਕੋਈ ਪੰਜਾਬੀ ਫ਼ਿਲਮ ਸਿਨੇਮਾਘਰਾਂ ਦਾ ਸ਼ਿੰਗਾਰ ਬਣਨ ਜਾ ਰਹੀ ਹੈ। ਤਾਲਾਬੰਦੀ ਤੋਂ ਬਾਅਦ ਜੋ ਪਹਿਲੀ ਪੰਜਾਬੀ ਫ਼ਿਲਮ ਰਿਲੀਜ਼ ਹੋਣ ਜਾ ਰਹੀ ਹੈ, ਉਸ ਦਾ ਨਾਂ ਹੈ ‘ਪੁਆੜਾ’। ਐਮੀ ਵਿਰਕ ਤੇ ਸੋਨਮ ਬਾਜਵਾ ਦੀ ਮੁੱਖ ਭੂਮਿਕਾ ਵਾਲੀ ਇਸ ਫ਼ਿਲਮ ਦਾ ਟਰੇਲਰ 13 ਮਾਰਚ ਨੂੰ ਰਿਲੀਜ਼ ਹੋਇਆ ਹੈ, ਜਿਸ ਨੂੰ ਦਰਸ਼ਕਾਂ ਵਲੋਂ ਖੂਬ ਪਸੰਦ ਕੀਤਾ ਜਾ ਰਿਹਾ ਹੈ।

ਯੂਟਿਊਬ ’ਤੇ ਫ਼ਿਲਮ ਦਾ ਟਰੇਲਰ ਖ਼ਬਰ ਲਿਖੇ ਜਾਣ ਤਕ 10ਵੇਂ ਨੰਬਰ ’ਤੇ ਟਰੈਂਡ ਕਰ ਰਿਹਾ ਸੀ, ਜਿਸ ਨੂੰ 6 ਮਿਲੀਅਨ ਤੋਂ ਵੱਧ ਵਾਰ ਦੇਖਿਆ ਜਾ ਚੁੱਕਾ ਹੈ। ਇਹ ਸੰਕੇਤ ਹਨ ਕਿ ਪੰਜਾਬੀ ਦਰਸ਼ਕ ਇਸ ਫ਼ਿਲਮ ਨੂੰ ਸਿਨੇਮਾਘਰਾਂ ’ਚ ਦੇਖਣ ਲਈ ਤਿਆਰ ਹਨ।

ਫ਼ਿਲਮ ਕਾਮੇਡੀ ਤੇ ਰੋਮਾਂਸ ਨਾਲ ਭਰਪੂਰ ਨਜ਼ਰ ਆ ਰਹੀ ਹੈ, ਜਿਸ ’ਚ ਐਮੀ ਤੇ ਸੋਨਮ ਤੋਂ ਇਲਾਵਾ ਅਨੀਤਾ ਦੇਵਗਨ, ਹਰਦੀਪ ਗਿੱਲ, ਸੀਮਾ ਕੌਸ਼ਲ, ਸੁਖਵਿੰਦਰ ਸਿੰਘ ਚਾਹਲ, ਨਿਸ਼ਾ ਬਾਨੋ, ਗੁਰਪ੍ਰੀਤ ਭੰਗੂ, ਪ੍ਰਕਾਸ਼ ਗਾਧੂ, ਸੁਖਵਿੰਦਰ ਰਾਜ, ਮਿੰਟੂ ਕਾਪਾ ਤੇ ਹਨੀ ਮੱਟੂ ਵੀ ਅਹਿਮ ਭੂਮਿਕਾਵਾਂ ’ਚ ਨਜ਼ਰ ਆਉਣਗੇ। ਫ਼ਿਲਮ ਰੁਪਿੰਦਰ ਚਾਹਲ ਨੇ ਡਾਇਰੈਕਟ ਕੀਤੀ ਹੈ, ਜਿਸ ਨੂੰ ਪ੍ਰੋਡਿਊਸ ਅਤੁਲ ਭੱਲਾ, ਪਵਨ ਗਿੱਲ, ਅਨੁਰਾਗ ਸਿੰਘ, ਅਮਨ ਗਿੱਲ ਤੇ ਬਲਵਿੰਦਰ ਸਿੰਘ ਜੰਜੂਆ ਨੇ ਕੀਤਾ ਹੈ ਤੇ ਇਸ ਦੇ ਕੋ-ਪ੍ਰੋਡਿਊਸਰ ਆਦਿਤਿਆ ਸ਼ਾਸਤਰੀ ਹਨ।

ਫ਼ਿਲਮ ਦੀ ਕਹਾਣੀ ਤੇ ਸਕ੍ਰੀਨਪਲੇਅ ਬਲਵਿੰਦਰ ਸਿੰਘ ਜੰਜੂਆ, ਰੁਪਿੰਦਰ ਚਾਹਲ ਤੇ ਅਨਿਲ ਰੋਧਾਨ ਨੇ ਲਿਖਿਆ ਹੈ, ਜਦਕਿ ਐਡੀਸ਼ਨਲ ਸਕ੍ਰੀਨਪਲੇਅ ਤੇ ਡਾਇਲਾਗਸ ਰਾਕੇਸ਼ ਧਵਨ ਦੇ ਹਨ। ਫ਼ਿਲਮ ਦਾ ਸੰਗੀਤ ਵੀ. ਰੈਕਸ ਮਿਊਜ਼ਿਕ ਨੇ ਤਿਆਰ ਕੀਤਾ ਹੈ ਤੇ ਇਸ ਦੇ ਗੀਤ ਹੈਪੀ ਰਾਏਕੋਟੀ ਤੇ ਹਰਮਨਜੀਤ ਨੇ ਲਿਖੇ ਹਨ।

ਫ਼ਿਲਮ ਜ਼ੀ ਸਟੂਡੀਓਜ਼ ਤੇ ਏ ਐਂਡ ਏ ਪਿਕਚਰਜ਼ ਦੀ ਪੇਸ਼ਕਸ਼ ਹੈ ਤੇ ਪ੍ਰੋਡਕਸ਼ਨ ਬ੍ਰੈਟ ਫ਼ਿਲਮਜ਼ ਦੀ ਹੈ। ਯੂਟਿਊਬ ’ਤੇ ਫ਼ਿਲਮ ਦਾ ਟਰੇਲਰ ਤੇ ਸੰਗੀਤ ਜ਼ੀ ਸਟੂਡੀਓਜ਼ ’ਤੇ ਰਿਲੀਜ਼ ਕੀਤਾ ਜਾ ਰਿਹਾ ਹੈ। ਕਾਮੇਡੀ ਨਾਲ ਭਰਪੂਰ ਇਹ ਫ਼ਿਲਮ ਦੁਨੀਆ ਭਰ ’ਚ 2 ਅਪ੍ਰੈਲ, 2021 ਨੂੰ ਰਿਲੀਜ਼ ਹੋਣ ਜਾ ਰਹੀ ਹੈ।

ਨੋਟ– ‘ਪੁਆੜਾ’ ਫ਼ਿਲਮ ਨੂੰ ਲੈ ਕੇ ਤੁਸੀਂ ਕਿੰਨੇ ਉਤਸ਼ਾਹਿਤ ਹੋ? ਕੁਮੈਂਟ ਕਰਕੇ ਜ਼ਰੂਰ ਦੱਸੋ।


author

Rahul Singh

Content Editor

Related News