ਐਮੀ ਵਿਰਕ ਤੇ ਸੋਨਮ ਬਾਜਵਾ ‘ਪੁਆੜਾ’ ਨਾਲ ਆ ਰਹੇ ਨੇ ਵਾਪਸ, 12 ਅਗਸਤ ਨੂੰ ਦੁਨੀਆ ਭਰ ’ਚ ਹੋਵੇਗੀ ਰਿਲੀਜ਼
Monday, Jul 26, 2021 - 03:30 PM (IST)
ਚੰਡੀਗੜ੍ਹ (ਬਿਊਰੋ)– ਆਖਿਰਕਾਰ ਉੱਤਰ ਭਾਰਤ ਦੇ ਸਿਨੇਮਾਘਰ ਬਾਕੀ ਦੁਨੀਆ ਨਾਲ ਮੁੜ ਖੁੱਲ੍ਹ ਗਏ ਹਨ। ਇਸ ਦਾ ਮਤਲਬ ਇਹ ਹੈ ਕਿ ਪੰਜਾਬੀ ਸਿਨੇਮਾ ਦਾ ਪਰਦੇ ’ਤੇ ਛਾਉਣ ਤੇ ਦੁਨੀਆ ਭਰ ਦੇ ਦਰਸ਼ਕਾਂ ਦਾ ਮਨੋਰੰਜਨ ਕਰਨ ਦਾ ਸਮਾਂ ਆ ਗਿਆ ਹੈ। ਐਮੀ ਵਿਰਕ ਤੇ ਸੋਨਮ ਬਾਜਵਾ ਸਟਾਰਰ ਪੰਜਾਬੀ ਫ਼ਿਲਮ ‘ਪੁਆੜਾ’, ਜਿਸ ਦਾ ਮਤਲਬ ਹੈ ‘ਪੰਗਾ’, 17 ਮਹੀਨਿਆਂ ਬਾਅਦ ਦੁਨੀਆ ਭਰ ਦੇ ਸਿਨੇਮਾਘਰਾਂ ’ਚ ਰਿਲੀਜ਼ ਹੋਣ ਵਾਲੀ ਪਹਿਲੀ ਪੰਜਾਬੀ ਫ਼ਿਲਮ ਹੋਵੇਗੀ।
ਇਹ ਮੈਡ, ਦੇਸੀ, ਕਾਮੇਡੀ, ਰੋਮਾਂਸ ਵੀਰਵਾਰ 12 ਅਗਸਤ, 2021 ਨੂੰ ਯਾਨੀ ਆਜ਼ਾਦੀ ਹਫਤੇ ਨੂੰ ਦੁਨੀਆ ਭਰ ਦੇ ਸਿਨੇਮਾਘਰਾਂ ’ਚ ਰਿਲੀਜ਼ ਹੋਣ ਲਈ ਤਿਆਰ ਹੈ। ਸਿਨੇਮਾ ਪ੍ਰੇਮੀਆਂ ਲਈ ਸਿਨੇਮਾਘਰਾਂ ’ਚ ਵਾਪਸ ਆਉਣ ਦਾ ਇਹ ਇਕ ਸਹੀ ਸਮਾਂ ਹੈ।
‘ਪੁਆੜਾ’ ਸ਼ੁਰੂ ’ਚ ਇਸ ਸਾਲ ਦੀ ਸ਼ੁਰੂਆਤ ’ਚ ਰਿਲੀਜ਼ ਹੋਣ ਵਾਲੀ ਸੀ ਪਰ ਮਹਾਮਾਰੀ ਕਾਰਨ ਇਸ ਨੂੰ ਅੱਗੇ ਵਧਾ ਦਿੱਤਾ ਗਿਆ। ਫ਼ਿਲਮ ਦੇ ਟਰੇਲਰ ਤੇ ‘ਆਏ ਹਾਏ ਜੱਟੀਏ’ ਗੀਤ ਨੂੰ ਦਰਸ਼ਕਾਂ ਵਲੋਂ ਖੂਬ ਸਰਾਹਿਆ ਗਿਆ, ਜਿਸ ਨੂੰ ਆਨਲਾਈਨ 20 ਮਿਲੀਅਨ ਤੋਂ ਵੱਧ ਵਾਰ ਦੇਖਿਆ ਗਿਆ। ਆਉਣ ਵਾਲੇ ਕੁਝ ਦਿਨਾਂ ’ਚ ਫ਼ਿਲਮ ਦੇ ਬਾਕੀ ਗੀਤਾਂ ਤੇ ਪੋਸਟਰਾਂ ਨੂੰ ਲਾਂਚ ਕਰਨ ਦੇ ਨਾਲ ਹੀ ਮੇਕਰਜ਼ ਆਪਣੀ ਕਾਸਟ ਨਾਲ ਫ਼ਿਲਮ ਦੀ ਮਾਰਕੀਟਿੰਗ ਕੈਂਪੇਨ ਨੂੰ ਮੁੜ ਤੋਂ ਸ਼ੁਰੂ ਕਰਨ ਲਈ ਤਿਆਰ ਹਨ।
ਏ ਐਂਡ ਏ ਪਿਕਰਚਜ਼ ਤੇ ਬ੍ਰੈਟ ਫ਼ਿਲਮਜ਼ ਵਲੋਂ ਨਿਰਮਿਤ, ਐਮੀ ਵਿਰਕ ਤੇ ਸੋਨਮ ਬਾਜਵਾ ਸਟਾਰਰ, ਰੁਪਿੰਦਰ ਚਹਿਲ ਵਲੋਂ ਨਿਰਦੇਸ਼ਿਤ, ਅਤੁਲ ਭੱਲਾ, ਪਵਨ ਗਿੱਲ, ਅਨੁਰਾਗ ਸਿੰਘ, ਅਮਨ ਗਿੱਲ, ਬਲਵਿੰਦਰ ਸਿੰਘ ਜੰਜੂਆ ਵਲੋਂ ਨਿਰਮਿਤ ‘ਪੁਆੜਾ’ 12 ਅਗਸਤ, 2021 ਨੂੰ ਦੁਨੀਆ ਭਰ ’ਚ ਜ਼ੀ ਸਟੂਡੀਓਜ਼ ਵਲੋਂ ਰਿਲੀਜ਼ ਕੀਤੀ ਜਾਵੇਗੀ।
ਨੋਟ– ਇਸ ਫ਼ਿਲਮ ਦੀ ਤੁਸੀਂ ਕਿੰਨੀ ਉਡੀਕ ਕਰ ਰਹੇ ਹੋ? ਸਾਨੂੰ ਕੁਮੈਂਟ ਕਰਕੇ ਜ਼ਰੂਰ ਦੱਸੋ।