ਨੀਤਾ ਅੰਬਾਨੀ ਨੂੰ 'ਮਿਸ ਵਰਲਡ' ਈਵੈਂਟ 'ਚ ਮਿਲਿਆ 'ਹਿਊਮੈਨਿਟੇਰੀਅਨ ਐਵਾਰਡ', ਪ੍ਰਿਅੰਕਾ ਨੇ ਤਾਰੀਫ਼ 'ਚ ਆਖੀ ਇਹ ਗੱਲ
Monday, Mar 11, 2024 - 04:32 PM (IST)
ਐਂਟਰਟੇਨਮੈਂਟ ਡੈਸਕ : ਬੀਤੇ ਸ਼ਨੀਵਾਰ ਯਾਨੀਕਿ 9 ਮਾਰਚ ਨੂੰ '71ਵੀਂ ਮਿਸ ਵਰਲਡ' ਜੇਤੂ ਦਾ ਐਲਾਨ ਕੀਤਾ ਗਿਆ ਹੈ। ਇਸ ਵਾਰ ਇਹ ਖਿਤਾਬ ਚੈੱਕ ਗਣਰਾਜ ਦੀ ਕ੍ਰਿਸਟੀਨਾ ਪਿਸਜਕੋਵਾ ਦੇ ਨਾਂ ਗਿਆ। ਜਦੋਂਕਿ ਲੇਬਨਾਨ ਦੀ ਯਾਸਮੀਨਾ ਫਸਟ ਰਨਰ ਅੱਪ ਬਣੀ। 28 ਸਾਲਾਂ ਬਾਅਦ, ਭਾਰਤ ਨੇ ਜੀਓ ਵਰਲਡ ਸੈਂਟਰ 'ਚ ਇਸ ਸ਼ਾਨਦਾਰ ਈਵੈਂਟ ਦੀ ਮੇਜ਼ਬਾਨੀ ਕੀਤੀ। ਇਸ ਦੇ ਨਾਲ ਹੀ ਭਾਰਤ ਦੀ ਨੁਮਾਇੰਦਗੀ ਕਰ ਰਹੀ ਸਿਨੀ ਸ਼ੈੱਟੀ ਨੇ ਟਾਪ 8 'ਚ ਜਗ੍ਹਾ ਬਣਾਈ ਅਤੇ ਇਸ ਤੋਂ ਬਾਅਦ ਉਹ ਬਾਹਰ ਹੋ ਗਈ। ਸਾਲ 2000 'ਚ 'ਮਿਸ ਵਰਲਡ' ਦਾ ਖਿਤਾਬ ਜਿੱਤਣ ਵਾਲੀ ਅਦਾਕਾਰਾ ਪ੍ਰਿਅੰਕਾ ਚੋਪੜਾ ਨੇ ਵੀ ਇਸ ਈਵੈਂਟ 'ਚ ਖ਼ਾਸ ਮੈਸੇਜ ਦਿੱਤਾ। ਇਸ ਵੀਡੀਓ 'ਚ ਉਨ੍ਹਾਂ ਨੇ 'ਮਿਸ ਵਰਲਡ ਆਰਗੇਨਾਈਜ਼ੇਸ਼ਨ' ਦੀ ਪ੍ਰਧਾਨ ਅਤੇ ਸੀ. ਈ. ਓ. ਜੂਲੀਆ ਮੋਰਲੇ ਅਤੇ ਨੀਤਾ ਅੰਬਾਨੀ ਦੀ ਤਾਰੀਫ਼ ਕੀਤੀ ਹੈ।
ਮਿਸ ਵਰਲਡ ਦੇ ਮੰਚ ਦਿਖਾਇਆ ਗਿਆ ਪ੍ਰਿਅੰਕਾ ਦਾ ਵੀਡੀਓ
'ਮਿਸ ਵਰਲਡ 2024' ਦੇ ਮੰਚ 'ਤੇ ਪ੍ਰਿਅੰਕਾ ਚੋਪੜਾ ਦਾ ਇੱਕ ਵੀਡੀਓ ਦਿਖਾਇਆ ਗਿਆ, ਜਿਸ 'ਚ ਉਨ੍ਹਾਂ ਨੇ ਕਿਹਾ, ''ਮਕਸਦ ਇੱਕ ਅਜਿਹਾ ਸ਼ਬਦ ਹੈ, ਜੋ ਮੇਰੇ ਨਿੱਜੀ ਅਨੁਭਵਾਂ ਕਾਰਨ ਮੇਰੇ ਲਈ ਬਹੁਤ ਮਾਅਨੇ ਰੱਖਦਾ ਹੈ। ਮੈਂ ਆਪਣੀ ਮਾਂ ਡਾ: ਮਧੂ ਚੋਪੜਾ ਤੇ ਪਿਤਾ ਨੂੰ ਨਾ ਸਿਰਫ਼ ਭਾਰਤੀ ਫ਼ੌਜ 'ਚ ਡਾਕਟਰ ਵਜੋਂ ਆਪਣੀਆਂ ਡਿਊਟੀਆਂ ਨਿਭਾਉਂਦੇ ਦੇਖਿਆ ਹੈ ਸਗੋਂ ਲੋੜਵੰਦ ਲੋਕਾਂ ਦੀ ਮਦਦ ਲਈ ਆਪਣੇ ਗਿਆਨ, ਅਹੁਦੇ ਅਤੇ ਪ੍ਰਤਿਭਾ ਦੀ ਵਰਤੋਂ ਵੀ ਕਰਦੇ ਹੋਏ ਦੇਖਿਆ ਹੈ।''
ਗਲੋਬਲ ਆਈਕਨ ਪ੍ਰਿਅੰਕਾ ਚੋਪੜਾ ਨੇ ਅੱਗੇ ਕਿਹਾ, ''ਮੈਨੂੰ ਉਹ ਅਣਗਿਣਤ ਘੰਟੇ ਯਾਦ ਹਨ, ਜੋ ਮੈਂ ਤੇ ਮੇਰਾ ਭਰਾ ਇੰਤਜ਼ਾਰ ਕਰਦੇ ਸੀ, ਜਦੋਂ ਉਸ ਨੇ ਆਪਣੀ ਛੁੱਟੀ ਦੀ ਵਰਤੋਂ ਉਨ੍ਹਾਂ ਲੋਕਾਂ ਦੀ ਮਦਦ ਕਰਨ ਲਈ ਕੀਤੀ, ਜਿਨ੍ਹਾਂ ਕੋਲ ਸਹੀ ਡਾਕਟਰੀ ਦੇਖਭਾਲ ਤੱਕ ਪਹੁੰਚ ਨਹੀਂ ਸੀ। ਮੈਂ ਉਨ੍ਹਾਂ ਔਰਤਾਂ 'ਚ ਆਪਣੀ ਯਾਤਰਾ ਜਾਰੀ ਰੱਖਣ ਲਈ ਬਹੁਤ ਭਾਗਿਆਸ਼ਾਲੀ ਰਹੀ ਹਾਂ, ਜਿਨ੍ਹਾਂ ਨੇ ਨਾਰੀਵਾਦ ਨੂੰ ਮੁੜ ਪਰਿਭਾਸ਼ਿਤ ਕੀਤਾ ਹੈ। ਉਨ੍ਹਾਂ ਦੀ ਸ਼ਕਤੀ, ਉਨ੍ਹਾਂ ਦੀ ਸੁੰਦਰਤਾ ਤੇ ਸੰਸਾਰ ਨੂੰ ਬਦਲਣ ਦੀ ਉਨ੍ਹਾਂ ਦੀ ਯੋਗਤਾ।'
ਪ੍ਰਿਅੰਕਾ ਚੋਪੜਾ ਨੇ ਕੀਤੀ ਨੀਤਾ ਅੰਬਾਨੀ ਦੀ ਤਾਰੀਫ਼
ਇਸ ਦੇ ਨਾਲ ਹੀ ਪ੍ਰਿਅੰਕਾ ਨੇ ਨੀਤਾ ਅੰਬਾਨੀ ਦੀ ਵੀ ਕਾਫ਼ੀ ਤਾਰੀਫ਼ ਕੀਤੀ। 71ਵੇਂ ਮਿਸ ਵਰਲਡ 2024 'ਚ ਨੀਤਾ ਅੰਬਾਨੀ ਨੂੰ 'ਹਿਊਮੈਨਟੇਰੀਅਨ ਐਵਾਰਡ' ਨਾਲ ਸਨਮਾਨਿਤ ਕੀਤਾ ਗਿਆ ਸੀ। ਅਜਿਹੇ 'ਚ ਪ੍ਰਿਅੰਕਾ ਨੇ ਉਨ੍ਹਾਂ ਦੀ ਤਾਰੀਫ਼ ਕਰਦੇ ਹੋਏ ਕਿਹਾ, ''ਮੈਨੂੰ ਪਿਛਲੇ ਕੁਝ ਸਾਲਾਂ ਤੋਂ ਨੀਤਾ ਅੰਬਾਨੀ ਨੂੰ ਜਾਣਨ ਦਾ ਸੁਭਾਗ ਮਿਲਿਆ ਹੈ। ਇਹ ਉਹ ਔਰਤ ਹੈ, ਜਿਨ੍ਹਾਂ ਦੀ ਮੈਂ ਹਰ ਚੀਜ਼ ਲਈ ਪ੍ਰਸ਼ੰਸਾ ਕਰਦੀ ਹਾਂ। ਸਾਲਾਂ ਦੌਰਾਨ, ਮੈਂ ਉਨ੍ਹਾਂ ਦੇ ਵੱਖ-ਵੱਖ ਯਤਨਾਂ ਦੁਆਰਾ ਚੀਜ਼ਾਂ 'ਤੇ ਉਨ੍ਹਾਂ ਦਾ ਡੂੰਘਾ ਪ੍ਰਭਾਵ ਦੇਖਿਆ ਹੈ। ਉਹ ਭਾਰਤ ਦੀ ਕਲਾ ਦੀ ਸਮਰਥਕ ਅਤੇ ਰੱਖਿਅਕ ਹੈ।''