ਯੂ. ਕੇ. ’ਚ ਪ੍ਰਿਅੰਕਾ ਚੋਪੜਾ ਨੇ ਉਡਾਈਆਂ ਤਾਲਾਬੰਦੀ ਦੇ ਨਿਯਮਾਂ ਦੀਆਂ ਧੱਜੀਆਂ, ਸੈਲੂਨ ਪਹੁੰਚੀ ਪੁਲਸ

1/8/2021 2:37:01 PM

ਨਵੀਂ ਦਿੱਲੀ (ਬਿਊਰੋ)– ਕੋਰੋਨਾ ਵਾਇਰਸ ਦਾ ਨਵਾਂ ਰੂਪ ਮਿਲਣ ਤੋਂ ਬਾਅਦ ਬ੍ਰਿਟੇਨ ’ਚ ਸਖ਼ਤ ਤਾਲਾਬੰਦੀ ਲਗਾਇਆ ਗਿਆ ਹੈ ਪਰ ਲੱਗਦਾ ਹੈ ਕਿ ਬਾਲੀਵੁੱਡ ਅਦਾਕਾਰਾ ਪ੍ਰਿਅੰਕਾ ਚੋਪੜਾ ਨੂੰ ਨਿਯਮਾਂ ਦਾ ਪਾਲਣ ਕਰਨ ’ਚ ਪ੍ਰੇਸ਼ਾਨੀ ਹੋ ਰਹੀ ਹੈ। ਸਖ਼ਤ ਤਾਲਾਬੰਦੀ ਦੇ ਬਾਵਜੂਦ ਪ੍ਰਿਅੰਕਾ ਚੋਪੜਾ ਘਰੋਂ ਬਾਹਰ ਨਿਕਲੀ ਤਾਂ ਪੁਲਸ ਨੇ ਉਨ੍ਹਾਂ ਨੂੰ ਫੜ ਲਿਆ। ਸਥਾਨਕ ਮੀਡੀਆ ਰਿਪੋਰਟਸ ’ਚ ਇਹ ਖੁਲਾਸਾ ਹੋਇਆ ਹੈ।

ਜਾਣਕਾਰੀ ਅਨੁਸਾਰ ਪ੍ਰਿਅੰਕਾ ਚੋਪੜਾ ਖ਼ਿਲਾਫ਼ ਸਥਾਨਕ ਪੁਲਸ ਨੇ ਇਹ ਕਾਰਵਾਈ ਉਸ ਸਮੇਂ ਕੀਤੀ, ਜਦੋਂ ਉਹ ਨਾਟਿੰਗ ਹਿੱਲ ’ਚ ਜੋਸ਼ ਵੁੱਡ ਕਲਰ ਸੈਲੂਨ ’ਚ ਹੇਅਰ ਅਪਾਇੰਟਮੈਂਟ ਲਈ ਪਹੁੰਚੀ ਸੀ। ਘਟਨਾ ਬੁੱਧਵਾਰ ਦੀ ਹੈ। ਪ੍ਰਿਅੰਕਾ ਚੋਪੜਾ ਦੇ ਨਾਲ ਉਸ ਦੀ ਮਾਂ ਮਧੂ ਚੋਪੜਾ ਤੇ ਪਾਲਤੂ ਡਾਗੀ ਡਾਇਨਾ ਵੀ ਸੀ। ਪ੍ਰਿਅੰਕਾ ਚੋਪੜਾ ਤੇ ਉਸ ਦੀ ਮਾਂ ਦੇ ਖ਼ਿਲਾਫ਼ ਪੁਲਸ ਦੀ ਕਾਰਵਾਈ ਦੀ ਤਸਵੀਰ ਵਾਇਰਲ ਹੋਣ ਤੋਂ ਬਾਅਦ ਇੰਟਰਨੈੱਟ ਮੀਡੀਆ ’ਤੇ ਬਹੁਤ ਨਿੰਦਿਆ ਹੋ ਰਹੀ ਹੈ।

ਹਾਲਾਂਕਿ ਪ੍ਰਿਅੰਕਾ ਚੋਪੜਾ ਨੇ ਇਨ੍ਹਾਂ ਦੋਸ਼ਾਂ ਦਾ ਖੰਡਨ ਕੀਤਾ ਹੈ। ਅਦਾਕਾਰਾ ਵਲੋਂ ਜਾਰੀ ਬਿਆਨ ’ਚ ਕਿਹਾ ਗਿਆ ਹੈ ਕਿ ਉਹ ਮਨਜ਼ੂਰੀ ਲੈਣ ਤੋਂ ਬਾਅਦ ਹੀ ਸੈਲੂਨ ਗਈ ਸੀ। ਸੈਲੂਨ ਖ਼ਾਸ ਤੌਰ ’ਤੇ ਉਸ ਫ਼ਿਲਮ ਦੀ ਜ਼ਰੂਰਤ ਦੇ ਹਿਸਾਬ ਨਾਲ ਖੁੱਲ੍ਹਵਾਇਆ ਗਿਆ ਸੀ, ਜਿਸ ਦੀ ਸ਼ੂਟਿੰਗ ਲਈ ਅਦਾਕਾਰਾ ਯੂ. ਕੇ. ’ਚ ਹੈ।

ਦੱਸਣਯੋਗ ਹੈ ਕਿ ਪ੍ਰਿਅੰਕਾ ਚੋਪੜਾ ਦੀ ਨੈੱਟਫਲਿਕਸ ਫ਼ਿਲਮ ‘ਵੀ ਕੈਨ ਬੀ ਹੀਰੋਜ਼’ ਹਾਲ ਹੀ ’ਚ ਰਿਲੀਜ਼ ਹੋਈ ਹੈ ਤੇ ਅਦਾਕਾਰਾ ਪਹਿਲਾਂ ਤੋਂ ਹੀ ਇਸ ਦੇ ਸੀਕੁਅਲ ’ਤੇ ਕੰਮ ਕਰ ਰਹੀ ਹੈ। ਫ਼ਿਲਮ ਰਿਲੀਜ਼ ਤੋਂ ਬਾਅਦ ਪ੍ਰਿਅੰਕਾ ਚੋਪੜਾ ਨੇ ਆਪਣੇ ਇਕ ਟਵਿਟਰ ’ਚ ਦਾਅਵਾ ਕੀਤਾ ਸੀ ਕਿ ਰਿਲੀਜ਼ ਦੇ ਪਹਿਲੇ ਚਾਰ ਹਫ਼ਤਿਆਂ ’ਚ 44 ਮਿਲੀਅਨ ਪਰਿਵਾਰਾਂ ਨੇ ਇਸ ਫ਼ਿਲਮ ਨੂੰ ਦੇਖਿਆ। ਇਸ ਤੋਂ ਬਾਅਦ ਪ੍ਰਿਅੰਕਾ ਚੋਪੜਾ ‘ਦਿ ਵ੍ਹਾਈਟ ਟਾਈਗਰ’ ਦੇ ਸੀਕੁਅਲ ’ਚ ਦਿਖਾਈ ਦੇਵੇਗੀ। ਫ਼ਿਲਮ ਦਾ ਪ੍ਰੋਡਕਸ਼ਨ ਵੀ ਪ੍ਰਿਅੰਕਾ ਚੋਪੜਾ ਹੀ ਕਰ ਰਹੀ ਹੈ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਜ਼ਰੂਰ ਸਾਂਝੀ ਕਰੋ।


Rahul Singh

Content Editor Rahul Singh