ਵਿਵਾਦਾਂ ’ਚ ਪ੍ਰੀਤ ਹਰਪਾਲ ਦਾ ‘ਹੋਸਟਲ’ ਗੀਤ, ਬ੍ਰਾਹਮਣ ਭਾਈਚਾਰੇ ਨੇ ਪ੍ਰਗਟਾਇਆ ਇਤਰਾਜ਼
Monday, May 17, 2021 - 12:12 PM (IST)
![ਵਿਵਾਦਾਂ ’ਚ ਪ੍ਰੀਤ ਹਰਪਾਲ ਦਾ ‘ਹੋਸਟਲ’ ਗੀਤ, ਬ੍ਰਾਹਮਣ ਭਾਈਚਾਰੇ ਨੇ ਪ੍ਰਗਟਾਇਆ ਇਤਰਾਜ਼](https://static.jagbani.com/multimedia/2021_5image_12_11_012229873preetharpal.jpg)
ਚੰਡੀਗੜ੍ਹ (ਬਿਊਰੋ)– ਪੰਜਾਬੀ ਮਿਊਜ਼ਿਕ ਇੰਡਸਟਰੀ ’ਚ ਇਕ ਨਵਾਂ ਵਿਵਾਦ ਦੇਖਣ ਨੂੰ ਮਿਲ ਰਿਹਾ ਹੈ ਤੇ ਇਹ ਵਿਵਾਦ ਹੈ ਪ੍ਰੀਤ ਹਰਪਾਲ ਦੇ ਨਵੇਂ ਰਿਲੀਜ਼ ਹੋਏ ਗੀਤ ‘ਹੋਸਟਲ’ ਨੂੰ ਲੈ ਕੇ। ਦਰਅਸਲ ਪ੍ਰੀਤ ਹਰਪਾਲ ਨੇ ਆਪਣੇ ਗੀਤ ’ਚ ਇਕ ਅਜਿਹੀ ਲਾਈਨ ਵਰਤੀ ਹੈ, ਜਿਸ ਤੋਂ ਬਾਅਦ ਬ੍ਰਾਹਮਣ ਭਾਈਚਾਰਾ ਕਾਫੀ ਨਾਰਾਜ਼ ਨਜ਼ਰ ਆ ਰਿਹਾ ਹੈ।
ਪ੍ਰੀਤ ਹਰਪਾਲ ਨੇ ਬ੍ਰਾਹਮਣ ਭਾਈਚਾਰੇ ਨੂੰ ਲੈ ਕੇ ਗੀਤ ’ਚ ਇਕ ਲਾਈਨ ਵਰਤੀ ਹੈ, ਜਿਸ ’ਚ ਉਹ ਕਹਿ ਰਹੇ ਹਨ ਕਿ ਜੱਟ ਭਾਈਚਾਰੇ ’ਚ 4 ਲਾਵਾਂ ਹੁੰਦੀਆਂ ਹਨ ਤੇ ਬ੍ਰਾਹਮਣ ਭਾਈਚਾਰੇ ’ਚ 7 ਫੇਰੇ ਹੁੰਦੇ ਹਨ।
ਇਹ ਖ਼ਬਰ ਵੀ ਪੜ੍ਹੋ : ਦਿਲਪ੍ਰੀਤ ਢਿੱਲੋਂ ਦੀ ਪਤਨੀ ਅੰਬਰ ਧਾਲੀਵਾਲ ਨੇ ਪੈਸਿਆਂ ਨੂੰ ਲੈ ਕੇ ਆਖੀ ਸਿਆਣੀ ਗੱਲ, ਤੁਸੀਂ ਵੀ ਪੜ੍ਹੋ ਕੀ ਕਿਹਾ
ਇਸ ਲਾਈਨ ਨੂੰ ਸੁਣ ਕੇ ਬ੍ਰਾਹਮਣ ਭਾਈਚਾਰੇ ਨੇ ਆਪਣੀ ਨਾਰਾਜ਼ੀ ਜਤਾਈ ਹੈ। ਬ੍ਰਾਹਮਣ ਭਾਈਚਾਰੇ ਦਾ ਕਹਿਣਾ ਹੈ ਕਿ ਪ੍ਰੀਤ ਹਰਪਾਲ ਨੇ ਦੋ ਭਾਈਚਾਰਿਆਂ ’ਚ ਫਿੱਕ ਪਾਉਣ ਲਈ ਅਜਿਹੀ ਲਾਈਨ ਲਿਖੀ ਹੈ।
ਇਸ ਦੇ ਨਾਲ ਹੀ ਬ੍ਰਾਹਮਣ ਭਾਈਚਾਰੇ ਨੇ ਇਕ ਹੋਰ ਗੱਲ ਆਖੀ ਹੈ ਕਿ ਪ੍ਰੀਤ ਹਰਪਾਲ ਜਲਦ ਤੋਂ ਜਲਦ ਇਸ ਗੱਲ ਲਈ ਮੁਆਫ਼ੀ ਮੰਗ ਲੈਣ ਜਾਂ ਫਿਰ ਇਹ ਗੀਤ ਡਿਲੀਟ ਕਰ ਦੇਣ ਕਿਉਂਕਿ ਉਨ੍ਹਾਂ ਨੇ ਬ੍ਰਾਹਮਣ ਭਾਈਚਾਰੇ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਈ ਹੈ।
ਉਨ੍ਹਾਂ ਦਾ ਇਹ ਵੀ ਕਹਿਣਾ ਹੈ ਕਿ ਬ੍ਰਾਹਮਣ ਭਾਈਚਾਰੇ ਦੀ ਕੁੜੀ ਨੂੰ ਕਿਸੇ ਹੋਰ ਭਾਈਚਾਰੇ ਦੇ ਮੁੰਡੇ ਨਾਲ ਜੋੜਨਾ ਬਹੁਤ ਗਲਤ ਹੈ ਤੇ ਉਹ ਇਹ ਬਿਲਕੁਲ ਬਰਦਾਸ਼ਤ ਨਹੀਂ ਕਰ ਸਕਦੇ।
ਇਹ ਖ਼ਬਰ ਵੀ ਪੜ੍ਹੋ : ਦਿਲਜੀਤ ਦੋਸਾਂਝ ਨੇ ਵੀ ਲਵਾਈ ਕੋਰੋਨਾ ਵੈਕਸੀਨ, ਸਾਂਝੀ ਕੀਤੀ ਤਸਵੀਰ
ਤੁਹਾਨੂੰ ਦੱਸ ਦੇਈਏ ਕਿ ਵਿਵਾਦ ਭਖਦਾ ਦੇਖ ਪ੍ਰੀਤ ਹਰਪਾਲ ਨੇ ਆਪਣੇ ਗੀਤ ‘ਹੋਸਟਲ’ ’ਚੋਂ ਵਿਵਾਦਿਤ ਲਾਈਨ ਡਿਲੀਟ ਕਰ ਦਿੱਤੀ ਹੈ ਤੇ ਸੋਸ਼ਲ ਮੀਡੀਆ ’ਤੇ ਇਸ ਨੂੰ ਲੈ ਕੇ ਇਕ ਪੋਸਟ ਵੀ ਸਾਂਝੀ ਕੀਤੀ ਹੈ।
ਪ੍ਰੀਤ ਹਰਪਾਲ ਨੇ ਲਿਖਿਆ, ‘ਸਤਿ ਸ੍ਰੀ ਅਕਾਲ ਸਾਰਿਆਂ ਨੂੰ। ਪਰਸੋਂ ਆਪਣਾ ਇਕ ਗੀਤ ‘ਹੋਸਟਲ’ ਰਿਲੀਜ਼ ਹੋਇਆ, ਜਿਸ ’ਚ ਕੁਝ ਲਾਈਨਾਂ ਦਾ ਵਿਰੋਧ ਆਪਣੀ ਬ੍ਰਾਹਮਣ ਕਮਿਊਨਿਟੀ ਵਲੋਂ ਹੋ ਰਿਹਾ ਹੈ। ਜਿਸ ਲਾਈਨ ਦਾ ਵਿਰੋਧ ਸੀ, ਉਹ ਡਿਲੀਟ ਕਰ ਦਿੱਤੀ ਗਈ ਹੈ। ਕਿਸੇ ਦੀ ਭਾਵਨਾ ਨੂੰ ਠੇਸ ਪਹੁੰਚਾਉਣ ਦਾ ਬਿਲਕੁਲ ਵੀ ਮੰਤਵ ਨਹੀਂ ਸੀ। ਮੈਂ ਇਸ ਲਈ ਬ੍ਰਾਹਮਣ ਸਮਾਜ ਤੋਂ ਮੁਆਫ਼ੀ ਮੰਗਦਾ ਹਾਂ ਖ਼ਾਸ ਕਰਕੇ ਹਰਿਆਣਾ ਦੇ ਭੈਣ-ਭਰਾਵਾਂ ਕੋਲੋਂ ਜਿਨ੍ਹਾਂ ਦੇ ਵੀ ਮਨ ਨੂੰ ਠੇਸ ਪਹੁੰਚੀ ਹੈ। ਪ੍ਰਮਾਤਮਾ ਤੁਹਾਡਾ ਹਮੇਸ਼ਾ ਖ਼ਿਆਲ ਰੱਖੇ, ਤੁਹਾਡਾ ਆਪਣਾ ਪ੍ਰੀਤ ਹਰਪਾਲ।’
ਹੁਣ ਪ੍ਰੀਤ ਹਰਪਾਲ ਦੀ ਮੁਆਫ਼ੀ ਤੋਂ ਬਾਅਦ ਗੀਤ ਦਾ ਵਿਵਾਦ ਖ਼ਤਮ ਹੁੰਦਾ ਹੈ ਜਾਂ ਨਹੀਂ, ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ।
ਨੋਟ– ਇਸ ਖ਼ਬਰ ’ਤੇ ਤੁਹਾਡੀ ਕੀ ਪ੍ਰਤੀਕਿਰਿਆ ਹੈ? ਕੁਮੈਂਟ ਕਰਕੇ ਜ਼ਰੂਰ ਦੱਸੋ।