ਦੋਸਾਂਝਾਂਵਾਲਾ ਮੁੜ ਘਿਰਿਆ ਮੁਸ਼ਕਲਾਂ 'ਚ, ਹਾਈਕੋਰਟ ਨੇ ਆਖ਼ੀ ਇਹ ਗੱਲ
Friday, Jan 10, 2025 - 04:47 PM (IST)
ਚੰਡੀਗੜ੍ਹ- ਪ੍ਰਸ਼ਾਸਨ ਵੱਲੋਂ ਦਿਲਜੀਤ ਦੋਸਾਂਝ ਦਾ ਸ਼ੋਅ ਕਰਵਾਉਣ ਵਾਲੇ ਪ੍ਰਬੰਧਕਾਂ ਨੂੰ ਸ਼ੋਰ ਪ੍ਰਦੂਸ਼ਣ ਸਬੰਧੀ ਨੋਟਿਸ ਜਾਰੀ ਕਰਨ ’ਤੇ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਸੰਤੁਸ਼ਟੀ ਦਾ ਪ੍ਰਗਟਾਵਾ ਕੀਤਾ ਹੈ। ਚੀਫ ਜਸਟਿਸ ਸ਼ੀਲ ਨਾਗੂ ਤੇ ਜਸਟਿਸ ਸੁਧੀਰ ਸਿੰਘ ਦੀ ਬੈਂਚ ਨੇ ਆਪਣਾ ਹੁਕਮ ਸੁਣਾਉਂਦਿਆਂ ਕਿਹਾ ਕਿ ਅਦਾਲਤ ਨੇ 13 ਦਸੰਬਰ ਨੂੰ 14 ਦਸੰਬਰ ਨੂੰ ਸੰਗੀਤ ਪ੍ਰੋਗਰਾਮ ਕਰਵਾਉਣ ਦੀ ਇਜਾਜ਼ਤ ਦਿੰਦਿਆਂ ਨਿਰਦੇਸ਼ ਦਿੱਤਾ ਸੀ ਕਿ ਪ੍ਰੋਗਰਾਮ ਦੌਰਾਨ ਆਵਾਜ਼ ਹੱਦ ਦੀ ਪਾਲਣਾ ਕੀਤੀ ਜਾਵੇ, ਹਵਾ ਦੀ ਗੁਣਵੱਤਾ ਦਾ ਮਿਆਰ ਕਾਇਮ ਰੱਖਿਆ ਜਾਣਾ ਚਾਹੀਦਾ ਹੈ ਅਤੇ ਵੱਧ ਤੋਂ ਵੱਧ ਆਵਾਜ਼ ਦਾ ਪੱਧਰ 75 ਡੈਸੀਬਲ ਹੋਣਾ ਚਾਹੀਦਾ ਹੈ, ਨਹੀਂ ਤਾਂ ਪ੍ਰਬੰਧਕਾਂ ਵਿਰੁੱਧ ਦੰਡਾਤਮਕ ਕਾਰਵਾਈ ਕੀਤੀ ਜਾ ਸਕਦੀ ਹੈ।ਬੈਂਚ ਰਣਜੀਤ ਸਿੰਘ ਵੱਲੋਂ ਦਾਖ਼ਲ ਜਨਹਿਤ ਪਟੀਸ਼ਨ ’ਤੇ ਸੁਣਵਾਈ ਕਰ ਰਹੀ ਸੀ, ਜਿਸ ’ਚ ਚੰਡੀਗੜ੍ਹ ਵਿਚ ਸੰਗੀਤ ਪ੍ਰੋਗਰਾਮ ਲਈ ਟਰੈਫਿਕ ਪ੍ਰਬੰਧਨ, ਭੀੜ ਨਿਯੰਤਰਣ, ਸ਼ੋਰ ਪ੍ਰਦੂਸ਼ਣ ਆਦਿ ਬਾਰੇ ਵਿਸਥਾਰਤ ਰਿਪੋਰਟ ਪੇਸ਼ ਕਰਨ ਲਈ ਯੂ.ਟੀ. ਪ੍ਰਸ਼ਾਸਨ ਨੂੰ ਨਿਰਦੇਸ਼ ਦੇਣ ਦੀ ਮੰਗ ਕੀਤੀ ਗਈ ਸੀ।
ਇਹ ਵੀ ਪੜ੍ਹੋ- ਲੋਹੜੀ ਵਾਲੇ ਦਿਨ ਅੱਗ 'ਚ ਕਿਉਂ ਪਾਏ ਜਾਂਦੇ ਹਨ ਤਿਲ ਅਤੇ ਮੂੰਗਫਲੀ! ਜਾਣੋ ਕਾਰਨ
ਪ੍ਰਸ਼ਾਸਨ ਵੱਲੋਂ ਪੇਸ਼ ਹੋਏ ਵਕੀਲ ਨੇ ਅਦਾਲਤ ਨੂੰ ਦੱਸਿਆ ਕਿ ਪਾਲਣਾ ਰਿਪੋਰਟ ਦਾਇਰ ਕੀਤੀ ਗਈ ਹੈ, ਜਿਸ ਨਾਲ ਐੱਸ.ਡੀ.ਐੱਮ. ਸਾਊਥ ਯੂ.ਟੀ. ਪ੍ਰਸ਼ਾਸਨ ਦਾ 16 ਦਸੰਬਰ ਦਾ ਇਕ ਪੱਤਰ ਵੀ ਹੈ, ਜਿਸ ’ਚ ਖ਼ੁਲਾਸਾ ਕੀਤਾ ਗਿਆ ਹੈ ਕਿ 75 ਦੇ ਡੈਸੀਬਲ ਪੱਧਰ ਦੀ ਉਲੰਘਣਾ ਕੀਤੀ ਗਈ ਸੀ।ਅਦਾਲਤ ਨੂੰ ਦੱਸਿਆ ਗਿਆ ਕਿ ਪ੍ਰਸ਼ਾਸਨ ਨੇ ਪ੍ਰੋਗਰਾਮ ਕਰਵਾਉਣ ਵਾਲੀ ਕੰਪਨੀ ਨੂੰ 2 ਜਨਵਰੀ ਨੂੰ ਕਾਰਨ ਦੱਸੋ ਨੋਟਿਸ ਜਾਰੀ ਕਰ ਕੇ ਪੁੱਛਿਆ ਹੈ ਕਿ ਵਾਤਾਵਰਨ ਸੁਰੱਖਿਆ ਐਕਟ ਦੀ ਧਾਰਾ 15 ਸੀ ਤਹਿਤ ਕਾਰਵਾਈ ਕਿਉਂ ਨਾ ਕੀਤੀ ਜਾਵੇ। ਅਦਾਲਤ ਨੇ ਕਿਹਾ ਕਿ ਉਪਰੋਕਤ ਕਾਰਵਾਈ ਤੋਂ ਇਹ ਅਦਾਲਤ ਸੰਤੁਸ਼ਟ ਹੈ ਤੇ ਨਾਲ ਹੀ ਕਿਹਾ ਕਿ ਨਿਰਧਾਰਤ ਡੈਸੀਬਲ ਪੱਧਰ ਨੂੰ ਬਰਕਰਾਰ ਰੱਖਣ ਦੇ ਅੰਤ੍ਰਿਮ ਹੁਕਮਾਂ ਦੀ ਉਲੰਘਣਾ ਕੀਤੀ ਗਈ ਸੀ, ਇਸ ਲਈ ਯੂ.ਟੀ. ਪ੍ਰਸ਼ਾਸਨ ਨੇ ਕਾਨੂੰਨ ਅਨੁਸਾਰ ਢੁਕਵੇਂ ਕਦਮ ਚੁੱਕੇ ਹਨ। ਅਦਾਲਤ ਨੇ ਕਿਹਾ ਕਿ ਕਾਨੂੰਨ ਦੀ ਢੁਕਵੀਂ ਪ੍ਰਕਿਰਿਆ ਦੀ ਪਾਲਣਾ ਕਰਨ ਤੋਂ ਬਾਅਦ ਇਸ ਨੂੰ ਤਰਕਪੂਰਨ ਸਿੱਟੇ ’ਤੇ ਪਹੁੰਚਾਇਆ ਜਾਣਾ ਚਾਹੀਦਾ ਹੈ।
ਇਹ ਵੀ ਪੜ੍ਹੋ-ਫੈਨਜ਼ ਦੀ ਦੇਖੋ ਘਟੀਆ ਹਰਕਤ, ਕਰੀਨਾ ਕਪੂਰ ਦਾ ਕੀ ਕੀਤਾ ਹਾਲ
ਇਸੇ ਥਾਂ ’ਤੇ ਪਹਿਲਾਂ ਕਰਵਾਏ ਇਕ ਹੋਰ ਪ੍ਰੋਗਰਾਮ ਦਾ ਹਵਾਲਾ ਦਿੰਦਿਆਂ ਪਟੀਸ਼ਨਕਰਤਾ ਨੇ ਪਟੀਸ਼ਨ ’ਚ ਦਾਅਵਾ ਕੀਤਾ ਸੀ ਕਿ ਪ੍ਰਬੰਧਕਾਂ ਤੇ ਅਧਿਕਾਰੀਆਂ ਨੇ ਟਰੈਫਿਕ ਪ੍ਰਬੰਧਨ, ਸ਼ੋਰ ਪ੍ਰਦੂਸ਼ਣ ਤੇ ਜਨਤਕ ਸੁਰੱਖਿਆ ਵਰਗੇ ਮੁੱਦਿਆਂ ਨੂੰ ਨਜ਼ਰਅੰਦਾਜ਼ ਕੀਤਾ ਹੈ, ਜਿਸ ਨਾਲ ਸੰਵਿਧਾਨ ਦੇ ਅਨੁਛੇਦ 14, 19 ਤੇ 21 ਤਹਿਤ ਨਾਗਰਿਕਾਂ ਦੇ ਮੌਲਿਕ ਅਧਿਕਾਰਾਂ ਦੀ ਉਲੰਘਣਾ ਹੋਈ ਹੈ। ਸ਼ੋਰ ਪ੍ਰਦੂਸ਼ਣ (ਵਿਨਿਯਮਨ ਤੇ ਨਿਯੰਤਰਣ) ਨਿਯਮ, 2000 ਸਮੇਤ ਵਾਤਾਵਰਨੀ ਨਿਯਮਾਂ ਦੀ ਉਲੰਘਣਾ ਦੇ ਵੀ ਦੋਸ਼ ਲਾਏ ਗਏ ਸਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।