ਗਾਇਕ ਜੀ ਖ਼ਾਨ ਵਿਵਾਦਾਂ 'ਚ, ਲੁਧਿਆਣਾ ਪੁਲਸ ਕੋਲ ਪਹੁੰਚੀ ਸ਼ਿਕਾਇਤ, ਕੇਸ ਦਰਜ ਕਰਨ ਦੀ ਕੀਤੀ ਮੰਗ

09/11/2022 10:56:16 AM

ਲੁਧਿਆਣਾ : ਗਣਪਤੀ ਵਿਸਰਜਨ ਦਿਵਸ 'ਤੇ ਪੰਜਾਬ ਦੇ ਲੁਧਿਆਣਾ ਦੇ ਮੁਹੱਲਾ ਜਨਕ ਪੁਰੀ ਵਿਖੇ ਬਾਬਾ ਗਣਪਤੀ ਸੇਵਾ ਸੰਘ ਦੇ ਪ੍ਰਬੰਧਕਾਂ ਵੱਲੋਂ ਪੰਜਾਬੀ ਗਾਇਕ ਜੀ ਖ਼ਾਨ ਨੂੰ ਸਮਾਗਮ ਵਿਚ ਗੁਣਗਾਨ ਕਰਨ ਲਈ ਸੱਦਾ ਦਿੱਤਾ ਗਿਆ ਸੀ। ਇਸ ਦੌਰਾਨ ਗਾਇਕ ਜੀ ਖਾਨ ਨੇ 'ਪੈਗ ਮੋਟੇ-ਮੋਟੇ ਲਾ ਕੇ ਹਾਣ ਦੀਏ, ਤੇਰੇ ਵਿਚ ਵੱਜਣ ਨੂੰ ਜੀ ਕਰਦਾ' ਅਤੇ 'ਚੋਲੀ ਕੇ ਪੀਚੇ ਕਿਆ ਹੈ' ਆਦਿ ਗੀਤ ਗਾਏ। ਜੀ ਖ਼ਾਨ ਦੇ ਗੀਤਾਂ ਦਾ ਵਿਰੋਧ ਕਰਦਿਆਂ ਸ਼ਿਵ ਸੈਨਾ ਆਗੂ ਅਮਿਤ ਅਰੋੜਾ ਨੇ ਥਾਣਾ ਡਵੀਜ਼ਨ ਨੰਬਰ 2 ਵਿਚ ਸ਼ਿਕਾਇਤ ਦਰਜ ਕਰਵਾਈ ਹੈ। ਅਮਿਤ ਅਰੋੜਾ ਦਾ ਕਹਿਣਾ ਹੈ ਕਿ ਗਾਇਕ ਜੀ ਖ਼ਾਨ ਨੇ ਜਨਕਪੁਰੀ ਵਿਚ ਹੋਏ ਗਣਪਤੀ ਸਮਾਗਮ ਵਿਚ ਅਸ਼ਲੀਲ ਗੀਤ ਗਾ ਕੇ ਹਿੰਦੂਆਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਈ ਹੈ।

ਇਹ ਖ਼ਬਰ ਵੀ ਪੜ੍ਹੋ : ਸ਼ਹਿਨਾਜ਼ ਨੇ ਸਲਮਾਨ ਨੂੰ ਲੈ ਕੇ ਆਖੀ ਵੱਡੀ ਗੱਲ, ਕਿਹਾ- ਸੰਘਰਸ਼ ਦੇ ਦਿਨਾਂ 'ਚ ਮਿਲਿਆ ਸੀ ਸਬਕ

ਧਾਰਮਿਕ ਸਮਾਗਮਾਂ ਵਿਚ ਅਜਿਹੇ ਗੀਤ ਗਾਉਣਾ ਨਿੰਦਣਯੋਗ ਹੈ। ਅਮਿਤ ਅਰੋੜਾ ਨੇ ਦੱਸਿਆ ਕਿ ਸਮਾਗਮ ਦਾ ਆਯੋਜਨ ਭਾਜਪਾ ਆਗੂ ਹਨੀ ਬੇਦੀ ਵੱਲੋਂ ਕੀਤਾ ਗਿਆ ਹੈ। ਭਾਜਪਾ ਹਮੇਸ਼ਾ ਹਿੰਦੂਤਵ ਦੀ ਗੱਲ ਕਰਦੀ ਰਹੀ ਹੈ, ਫਿਰ ਭਾਜਪਾ ਦੇ ਸੂਬਾ ਪੱਧਰੀ ਆਗੂਆਂ ਨੂੰ ਇਹ ਕਿਉਂ ਨਹੀਂ ਦਿਸ ਰਿਹਾ ਕਿ ਉਨ੍ਹਾਂ ਦੇ ਆਗੂ ਗਾਇਕਾਂ ਨੂੰ ਬੁਲਾ ਕੇ ਧਾਰਮਿਕ ਸਮਾਗਮਾਂ ਵਿਚ ਅਸ਼ਲੀਲ ਗੀਤ ਗਾ ਰਹੇ ਹਨ। ਭਾਜਪਾ ਨੂੰ ਇਸ ਮਾਮਲੇ ਵਿਚ ਸਖ਼ਤ ਕਦਮ ਚੁੱਕਣ ਦੀ ਲੋੜ ਹੈ। ਇਸ ਦੇ ਨਾਲ ਹੀ ਅਮਿਤ ਅਰੋੜਾ ਨੇ ਕਿਹਾ ਕਿ ਪੰਜਾਬ ਵਿਚ ਜਿੱਥੇ ਵੀ ਜੀ ਖ਼ਾਨ ਦਾ ਸ਼ੋਅ ਹੋਵੇਗਾ, ਉਹ ਇਸ ਦਾ ਸਖ਼ਤ ਵਿਰੋਧ ਕਰਨਗੇ। 

ਇਹ ਵੀ ਪੜ੍ਹੋ : ਹਨੀ ਸਿੰਘ ਅਤੇ ਸ਼ਾਲਿਨੀ ਤਲਵਾਰ ਦਾ ਹੋਇਆ ਤਲਾਕ, ਸਿੰਗਰ ਨੇ 1 ਕਰੋੜ ਰੁਪਏ ਦਿੱਤੀ ਐਲੀਮਨੀ

ਅਮਿਤ ਅਰੋੜਾ ਨੇ ਦੱਸਿਆ ਕਿ ਥਾਣਾ ਡਿਵੀਜ਼ਨ ਨੰਬਰ 2 ਦੇ ਐੱਸ. ਐੱਚ. ਓ. ਅਰਸ਼ਦੀਪ ਨੇ ਉਨ੍ਹਾਂ ਨੂੰ ਭਰੋਸਾ ਦਿੱਤਾ ਕਿ ਸੋਮਵਾਰ ਤੱਕ ਮਾਮਲੇ ਦੀ ਜਾਂਚ ਕਰਕੇ ਕੇਸ ਦਰਜ ਕਰ ਲਿਆ ਜਾਵੇਗਾ। ਅਮਿਤ ਅਰੋੜਾ ਨੇ ਕਿਹਾ ਕਿ ਜੇਕਰ ਸੋਮਵਾਰ ਤੱਕ ਜੀ ਖ਼ਾਨ ਅਤੇ ਹਨੀ ਬੇਦੀ ਖ਼ਿਲਾਫ਼ ਮਾਮਲਾ ਦਰਜ ਨਾ ਕੀਤਾ ਗਿਆ ਤਾਂ ਸ਼ਿਵ ਸੈਨਾ ਥਾਣੇ ਦੇ ਬਾਹਰ ਧਰਨਾ ਦੇਵੇਗੀ, ਜਿਸ ਦੀ ਜ਼ਿੰਮੇਵਾਰੀ ਪੰਜਾਬ ਪੁਲਸ ਦੀ ਹੋਵੇਗੀ। ਇਸ ਦੇ ਨਾਲ ਹੀ ਇਸ ਸਮਾਗਮ ਦੇ ਪ੍ਰਬੰਧਕ ਹਨੀ ਬੇਦੀ ਨੇ ਕਿਹਾ ਕਿ ਉਹ ਅੱਜ ਕੋਈ ਨਵਾਂ ਸਮਾਗਮ ਨਹੀਂ ਕਰਵਾ ਰਹੇ। ਪਿਛਲੇ 10 ਸਾਲਾਂ ਤੋਂ ਇਸੇ ਤਰ੍ਹਾਂ ਦੇ ਗਾਇਕ ਆਉਂਦੇ ਹਨ ਅਤੇ ਭਜਨ ਗਾਉਂਦੇ ਹਨ ਅਤੇ ਗੀਤ ਵੀ ਗਾਏ ਜਾਂਦੇ ਹਨ। ਫੰਕਸ਼ਨ ਨੂੰ ਮੁੱਦਾ ਬਣਾਇਆ ਜਾ ਰਿਹਾ ਹੈ ਜਦੋਂ ਅਜਿਹਾ ਕੁਝ ਵੀ ਗਲਤ ਨਹੀਂ ਹੋਇਆ ਹੈ। ਕੁਝ ਸ਼ਰਾਰਤੀ ਅਨਸਰ ਮਾਹੌਲ ਨੂੰ ਖਰਾਬ ਕਰ ਰਹੇ ਹਨ।

ਨੋਟ - ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਰਾਹੀਂ ਜ਼ਰੂਰ ਸਾਂਝੀ ਕਰੋ।


sunita

Content Editor

Related News