ਦੋਨਾਲੀ ਤੋਂ ਪਾਰੁਲ ਗੁਲਾਟੀ ਦਾ ਸ਼ਾਨਦਾਰ ਡਕੈਤ ਲੁੱਕ ਰਿਲੀਜ਼

Monday, Mar 24, 2025 - 03:39 PM (IST)

ਦੋਨਾਲੀ ਤੋਂ ਪਾਰੁਲ ਗੁਲਾਟੀ ਦਾ ਸ਼ਾਨਦਾਰ ਡਕੈਤ ਲੁੱਕ ਰਿਲੀਜ਼

ਮੁੰਬਈ (ਏਜੰਸੀ)- ਅਦਾਕਾਰਾ ਪਾਰੁਲ ਗੁਲਾਟੀ ਦੀ ਆਉਣ ਵਾਲੀ ਸੀਰੀਜ਼ 'ਦੋਨਾਲੀ' ਤੋਂ ਉਨ੍ਹਾਂ ਦਾ ਸ਼ਾਨਦਾਰ ਡਕੈਤ ਲੁੱਕ ਰਿਲੀਜ਼ ਹੋ ਗਿਆ ਹੈ। ਪਾਰੁਲ ਗੁਲਾਟੀ ਆਪਣੀ ਆਉਣ ਵਾਲੀ ਸੀਰੀਜ਼ 'ਦੋਨਾਲੀ' ਵਿੱਚ ਇੱਕ ਅਣਦੇਖੇ ਅਵਤਾਰ ਵਿੱਚ ਨਜ਼ਰ ਆਵੇਗੀ। ਈ. ਨਿਵਾਸ ਦੁਆਰਾ ਨਿਰਦੇਸ਼ਤ ਇਸ ਸੀਰੀਜ਼ ਵਿੱਚ, ਉਹ ਚੰਬਲ ਦੇ ਡਾਕੂਆਂ ਦੀ ਖ਼ਤਰਨਾਕ ਦੁਨੀਆ ਦਾ ਹਿੱਸਾ ਬਣਦੀ ਨਜ਼ਰ ਆਵੇਗੀ। ਉਨ੍ਹਾਂ ਦੇ ਕਿਰਦਾਰ ਦੀ ਪਹਿਲੀ ਝਲਕ ਜਾਰੀ ਕੀਤੀ ਗਈ ਹੈ। ਇਸ ਸੀਰੀਜ਼ ਦੀ ਸ਼ੂਟਿੰਗ ਮੱਧ ਪ੍ਰਦੇਸ਼ ਵਿੱਚ ਹੋਈ ਹੈ ਅਤੇ ਇਸ ਵਿੱਚ ਦਿਵਯੇਂਦੂ ਸ਼ਰਮਾ, ਚੰਕੀ ਪਾਂਡੇ ਅਤੇ ਬਰੁਣ ਸੋਬਤੀ ਵੀ ਮੁੱਖ ਭੂਮਿਕਾਵਾਂ ਵਿੱਚ ਹਨ। ਬਿਨਾਂ ਕਿਸੇ ਚਮਕ-ਦਮਕ ਦੇ, ਇੱਕ ਪੇਂਡੂ ਅਤੇ ਖਤਰਨਾਕ ਅੰਦਾਜ਼ ਵਿਚ ਪਾਰੁਲ ਦਾ ਲੁੱਕ ਤਾਕਤ ਅਤੇ ਜਨੂੰਨ ਨੂੰ ਦਰਸਾਉਂਦਾ ਹੈ।

ਪਹਿਲੀ ਝਲਕ ਵਿੱਚ, ਉਹ ਇੱਕ ਦੇਸੀ ਪਿਸਤੌਲ ਫੜੀ ਹੋਈ ਦਿਖਾਈ ਦੇ ਰਹੀ ਹੈ, ਜਿਸਨੂੰ ਫੜਨ ਅਤੇ ਵਰਤਣ ਲਈ ਵਿਸ਼ੇਸ਼ ਸਿਖਲਾਈ ਦੀ ਲੋੜ ਹੁੰਦੀ ਹੈ। ਉਨ੍ਹਾਂ ਦਾ ਲੁੱਕ ਅਤੇ ਬਾਡੀ ਲੈਂਗਵੇਜ ਕਿਰਦਾਰ ਦੀ ਅਸਲੀਅਤ ਨੂੰ ਬਾਖੂਬੀ ਦਰਸਾਉਂਦਾ ਹੈ ਅਤੇ ਚੰਬਲ ਦੀ ਖ਼ਤਰਨਾਕ ਦੁਨੀਆ ਨੂੰ ਜ਼ਿੰਦਾ ਕਰਦਾ ਹੈ। ਇਸ ਚੁਣੌਤੀਪੂਰਨ ਭੂਮਿਕਾ ਬਾਰੇ ਗੱਲ ਕਰਦਿਆਂ, ਪਾਰੁਲ ਨੇ ਕਿਹਾ, "ਦੋਨਾਲੀ" ਵਿੱਚ ਇੱਕ ਡਾਕੂ ਦੀ ਭੂਮਿਕਾ ਨਿਭਾਉਣਾ ਮੇਰੇ ਕਰੀਅਰ ਦੇ ਸਭ ਤੋਂ ਰੋਮਾਂਚਕ ਤਜ਼ਰਬਿਆਂ ਵਿੱਚੋਂ ਇੱਕ ਸੀ। ਇਹ ਕਿਰਦਾਰ ਦੇਸੀ, ਸਖ਼ਤ ਅਤੇ ਨਿਡਰ ਹੈ। ਪਹਿਲਾਂ ਨਿਭਾਏ ਗਏ ਕਿਸੇ ਵੀ ਕਿਰਦਾਰ ਤੋਂ ਬਿਲਕੁਲ ਵੱਖਰਾ। ਇਸਦਾ ਲੁੱਕ ਆਪਣੇ ਆਪ ਵਿੱਚ ਬਹੁਤ ਕੁਝ ਕਹਿੰਦਾ ਹੈ। ਬਿਲਕੁਲ ਅਸਲੀ, ਸਰਲ ਅਤੇ ਸ਼ਕਤੀਸ਼ਾਲੀ। ਦੇਸੀ ਕੱਟਾ ਫੜਨਾ, ਇਸਨੂੰ ਸੰਭਾਲਣ ਵਿੱਚ ਮੁਹਾਰਤ ਹਾਸਲ ਕਰਨਾ ਅਤੇ ਇਕ ਅਜਿਹੇ ਇਨਸਾਨ ਦੀ ਮਾਨਸਿਕਤਾ ਨੂੰ ਸਮਝਣਾ, ਜੋ ਚੰਬਲ ਦੀਆਂ ਘਾਟੀਆਂ ਵਿੱਚ ਜ਼ਿੰਦਾ ਰਹਿਣ ਲਈ ਲੜਦਾ ਹੈ, ਆਪਣੇ ਆਪ ਵਿੱਚ ਇੱਕ ਸਿੱਖਣ ਵਾਲੀ ਯਾਤਰਾ ਰਹੀ। ਇਹ ਸਿਰਫ਼ ਲੁੱਕ ਨੂੰ ਅਪਣਾਉਣ ਦੀ ਗੱਲ ਨਹੀਂ ਸੀ, ਸਗੋਂ ਕਿਰਦਾਰ ਨੂੰ ਪੂਰੀ ਤਰ੍ਹਾਂ ਜਿਉਣ ਦਾ ਤਜ਼ਰਬਾ ਸੀ। ਹਥਿਆਰਾਂ ਦੀ ਸਿਖਲਾਈ ਤੋਂ ਲੈ ਕੇ ਸਥਾਨਕ ਬੋਲੀ ਅਤੇ ਸਰੀਰਕ ਭਾਸ਼ਾ ਅਪਣਾਉਣ ਤੱਕ, ਸਾਰੀ ਪ੍ਰਕਿਰਿਆ ਚੁਣੌਤੀਪੂਰਨ ਅਤੇ ਦਿਲਚਸਪ ਸੀ। ਮੈਂ ਬੇਸਬਰੀ ਨਾਲ ਉਡੀਕ ਕਰ ਰਹੀ ਹਾਂ ਕਿ ਦਰਸ਼ਕਾਂ ਮੈਨੂੰ ਇਸ ਨਵੇਂ ਅਵਤਾਰ ਵਿੱਚ ਦੇਖਣ।


author

cherry

Content Editor

Related News