ਪਾਕਿ ਅਦਾਕਾਰਾ ਮਾਹਿਰਾ ਖ਼ਾਨ ਦਾ ਖੁਲਾਸਾ, ਕਿਹਾ-'' ਡਰ ਕਾਰਨ ਛੱਡ ਦਿੱਤੇ ਇੰਡੀਅਨ ਵੈੱਬ ਸੀਰੀਜ਼ ਦੇ ਆਫਰਸ''
Tuesday, May 18, 2021 - 10:07 AM (IST)
ਮੁੰਬਈ- ਬੀਤੇ ਕੁਝ ਸਾਲਾਂ ’ਚ ਬਾਲੀਵੁੱਡ ਫ਼ਿਲਮ ਇੰਡਸਟਰੀ ’ਚ ਪਾਕਿਸਤਾਨੀ ਕਲਾਕਾਰਾਂ ’ਤੇ ਬੈਨ ਲੱਗਾ ਹੋਇਆ ਹੈ। ਇਹ ਬੈਨ ਓਰੀ ਅਤੇ ਪੁਲਵਾਮਾ ਹਮਲੇ ਤੋਂ ਬਾਅਦ ਲਗਾਇਆ ਗਿਆ ਸੀ। ਇਸ ਤੋਂ ਬਾਅਦ ਕਿਸੇ ਵੀ ਪਾਕਿਸਤਾਨੀ ਕਲਾਕਾਰ ਨੂੰ ਬਾਲੀਵੁੱਡ ਫ਼ਿਲਮਾਂ ’ਚ ਕੰਮ ਕਰਨ ਦਾ ਮੌਕਾ ਨਹੀਂ ਮਿਲਿਆ ਹੈ। ਬਾਲੀਵੁੱਡ ਫ਼ਿਲਮ ਇੰਡਸਟਰੀ ’ਚ ਪਾਕਿਸਤਾਨੀ ਕਲਾਕਾਰਾਂ ’ਤੇ ਲੱਗੇ ਬੈਨ ’ਤੇ ਹੁਣ ਅਦਾਕਾਰਾ ਮਾਹਿਰਾ ਖ਼ਾਨ ਨੇ ਆਪਣੀ ਪ੍ਰਤੀਕਿਰਿਆ ਦਿੱਤੀ ਹੈ।
ਮਾਹਿਰਾ ਖ਼ਾਨ ਪਾਕਿਸਤਾਨੀ ਸਿਨੇਮਾ ਦੀਆਂ ਮਸ਼ਹੂਰ ਅਦਾਕਾਰਾਂ ’ਚੋਂ ਇਕ ਹੈ। ਉਨ੍ਹਾਂ ਨੇ ਦਿੱਗਜ ਅਦਾਕਾਰ ਸ਼ਾਹਰੁਖ ਖ਼ਾਨ ਨਾਲ ਬਾਲੀਵੁੱਡ ਫ਼ਿਲਮ ‘ਰਈਸ’ ’ਚ ਕੰਮ ਕੀਤਾ ਹੈ। ਇਸ ਤੋਂ ਬਾਅਦ ਮਾਹਿਰਾ ਖ਼ਾਨ ਬਾਲੀਵੁੱਡ ਦੀ ਕਿਸੀ ਵੀ ਫ਼ਿਲਮ ’ਚ ਨਜ਼ਰ ਨਹੀਂ ਆ ਸਕੀ। ਅਜਿਹੇ ’ਚ ਉਨ੍ਹਾਂ ਨੇ ਹਿੰਦੀ ਸਿਨੇਮਾ ’ਚ ਪਾਕਿਸਤਾਨੀ ਕਲਾਕਾਰਾਂ ’ਤੇ ਲੱਗੇ ਬੈਨ ਨੂੰ ਲੈ ਕੇ ਆਪਣੀ ਪ੍ਰਤੀਕਿਰਿਆ ਦਿੱਤੀ ਹੈ। ਮਾਹਿਰਾ ਖ਼ਾਨ ਨੇ ਹਾਲ ਹੀ ’ਚ ਇਕ ਅੰਗਰੇਜ਼ੀ ਵੈਬਸਾਈਟ ਨਾਲ ਗੱਲਬਾਤ ਕੀਤੀ।
ਇਸ ਦੌਰਾਨ ਪਾਕਿਸਤਾਨੀ ਅਦਾਕਾਰਾ ਨੇ ਬਾਲੀਵੁੱਡ ’ਚ ਆਪਣੇ ਕੰਮ ਦੇ ਅਨੁਭਵਾਂ ਨੂੰ ਵੀ ਸਾਂਝਾ ਕੀਤਾ। ਮਾਹਿਰਾ ਖ਼ਾਨ ਨੇ ਖ਼ੁਲਾਸਾ ਕੀਤਾ ਹੈ ਕਿ ਉਨ੍ਹਾਂ ਨੂੰ ਕਈ ਵਾਰ ਭਾਰਤੀ ਵੈਬ ਸੀਰੀਜ਼ ਲਈ ਆਫਰ ਆਏ ਪਰ ਡਰ ਕਾਰਨ ਉਨ੍ਹਾਂ ਨੇ ਸਵੀਕਾਰ ਨਹੀਂ ਕੀਤਾ। ਉਨ੍ਹਾਂ ਨੇ ਕਿਹਾ, ‘ਮੈਨੂੰ ਕਈ ਸੀਰੀਜ਼ ਦੇ ਆਫਰ ਮਿਲੇ। ਮੈਨੂੰ ਨਹੀਂ ਪਤਾ ਕਿ ਮੇਰੇ ਇਹ ਕਹਿਣ ’ਤੇ ਕੋਈ ਸਮਝ ਪਾਏਗਾ ਜਾਂ ਨਹੀਂ, ਮੈਂ ਡਰ ਗਈ ਸੀ। ਮੈਂ ਸੱਚਮੁੱਚ ਡਰੀ ਹੋਈ ਸੀ। ਇਹ ਲੋਕਾਂ ਦੇ ਕਹਿਣ ਬਾਰੇ ਨਹੀਂ ਸੀ, ਮੈਂ ਕਰਨਾ ਚਾਹੁੰਦੀ ਸੀ। ਉਸ ਦੀ ਕਹਾਣੀ ਵੀ ਅਦਭੁੱਤ ਸੀ। ਮੈਂ ਉਸ ਨੂੰ ਗੁਆਉਣਾ ਨਹੀਂ ਚਾਹੁੰਦੀ ਸੀ।’
ਮਾਹਿਰਾ ਖ਼ਾਨ ਨੇ ਅੱਗੇ ਕਿਹਾ ਕਿ ਪਰ ਮੈਂ ਡਰ ਗਈ ਸੀ ਅਤੇ ਇਹ ਦੱਸਣ ’ਚ ਮੈਨੂੰ ਕੋਈ ਸ਼ਰਮ ਨਹੀਂ ਹੈ। ਹੁਣ ਮੈਂ ਥੋੜ੍ਹਾ ਸੋਚਦੀ ਹਾਂ ਕਿ ਨਹੀਂ, ਯਾਰ ਤੁਸੀਂ ਕੁਝ ਅਜਿਹਾ ਨਹੀਂ ਹੋਣ ਦੇ ਸਕਦੇ ਜੋ ਸਿਆਸਤ ਅਤੇ ਤੁਹਾਡੀ ਪਸੰਦ ਨੂੰ ਪ੍ਰਭਾਵਿਤ ਕਰਦਾ ਹੋਵੇ। ਇਸ ਲਈ ਮੈਨੂੰ ਨਹੀਂ ਲੱਗਦਾ ਕਿ ਮੈਂ ਹੁਣ ਅਜਿਹਾ ਕਰਾਂਗੀ ਅਤੇ ਮੈਨੂੰ ਉਮੀਦ ਹੈ ਕਿ ਅਸੀਂ ਸਹਿਯੋਗ ਕਰਾਂਗੇ ਚਾਹੇ ਉਹ ਡਿਜ਼ੀਟਲ ਜਾਂ ਹੋਰ ਕਿਸੇ ਵੀ ਤਰ੍ਹਾਂ ਦਾ ਹੋਵੇ।’