ਅਦਾਕਾਰਾ ਨੁਸਰਤ ਜਹਾਂ ਨੇ ਆਪਣੇ ਬੱਚੇ ਦੇ ਪਿਤਾ ਦੇ ਨਾਂ ਨੂੰ ਲੈ ਕੇ ਤੋੜੀ ਚੁੱਪੀ!

Thursday, Sep 09, 2021 - 12:40 PM (IST)

ਅਦਾਕਾਰਾ ਨੁਸਰਤ ਜਹਾਂ ਨੇ ਆਪਣੇ ਬੱਚੇ ਦੇ ਪਿਤਾ ਦੇ ਨਾਂ ਨੂੰ ਲੈ ਕੇ ਤੋੜੀ ਚੁੱਪੀ!

ਮੁੰਬਈ (ਬਿਊਰੋ)– ਬੰਗਾਲੀ ਫ਼ਿਲਮਾਂ ਦੀ ਅਦਾਕਾਰਾ ਤੇ ਲੋਕ ਸਭਾ ਮੈਂਬਰ ਨੁਸਰਤ ਜਹਾਂ ਪਿਛਲੇ ਮਹੀਨੇ ਮਾਂ ਬਣੀ ਹੈ। ਉਸ ਨੇ ਬੇਟੇ ਨੂੰ ਜਨਮ ਦਿੱਤਾ ਹੈ। ਜਿਥੇ ਹੁਣ ਤਕ ਅਦਾਕਾਰਾ ਨੂੰ ਰੱਜ ਕੇ ਵਧਾਈਆਂ ਮਿਲ ਰਹੀਆਂ ਹਨ, ਉਥੇ ਸਾਰੇ ਇਹ ਜਾਣਨਾ ਚਾਹੁੰਦੇ ਹਨ ਕਿ ਬੱਚੇ ਦੇ ਪਿਤਾ ਦਾ ਨਾਂ ਕੀ ਹੈ।

ਨੁਸਰਤ ਜਹਾਂ ਬੱਚੇ ਦਾ ਨਾਂ ਦੱਸਣ ਤੋਂ ਸਾਫ ਇਨਕਾਰ ਕਰ ਚੁੱਕੀ ਹੈ ਤੇ ਉਸ ਦਾ ਕਹਿਣਾ ਹੈ ਕਿ ਉਹ ਸਿੰਗਲ ਮਦਰ ਬਣੀ ਰਹੇਗੀ। ਬਾਵਜੂਦ ਇਸ ਦੇ ਬੱਚੇ ਦੇ ਪਿਤਾ ਨੂੰ ਲੈ ਕੇ ਕੀਤਾ ਜਾਣ ਵਾਲਾ ਸਵਾਲ ਨੁਸਰਤ ਜਹਾਂ ਦਾ ਪਿੱਛਾ ਨਹੀਂ ਛੱਡ ਰਿਹਾ ਹੈ।

ਹਾਲ ਹੀ ’ਚ ਜਦੋਂ ਉਸ ਕੋਲੋਂ ਇਕ ਵਾਰ ਫਿਰ ਇਹੀ ਸਵਾਲ ਪੁੱਛਿਆ ਗਿਆ ਤਾਂ ਨੁਸਰਤ ਨੂੰ ਜਵਾਬ ਦੇਣਾ ਹੀ ਪਿਆ। ਖ਼ਬਰਾਂ ਮੁਤਾਬਕ ਬੁੱਧਵਾਰ ਨੂੰ ਕੋਲਕਾਤਾ ’ਚ ਇਕ ਇਵੈਂਟ ਦੌਰਾਨ ਜਦੋਂ ਇਕ ਰਿਪੋਰਟਰ ਨੇ ਨੁਸਰਤ ਜਹਾਂ ਕੋਲੋਂ ਉਸ ਦੇ ਪਾਰਟਨਰ ਤੇ ਬੱਚੇ ਦੇ ਪਿਤਾ ਬਾਰੇ ਸਵਾਲ ਕੀਤਾ ਤਾਂ ਅਦਾਕਾਰਾ ਨੇ ਕਿਹਾ, ‘ਮੈਨੂੰ ਲੱਗਦਾ ਹੈ ਕਿ ਇਹ ਫਿਜ਼ੂਲ ਦਾ ਸਵਾਲ ਹੈ। ਕਿਸੇ ਕੋਲੋਂ ਇਹ ਪੁੱਛਣਾ ਕਿ ਪਿਤਾ ਕੌਣ ਹੈ, ਇਹ ਇਕ ਔਰਤ ਦੇ ਕਿਰਦਾਰ ’ਤੇ ਕਾਲਾ ਧੱਬਾ ਲਗਾਉਣ ਵਰਗਾ ਹੈ। ਬੱਚੇ ਦੇ ਪਿਤਾ ਜਾਣਦੇ ਹਨ ਕਿ ਉਹ ਪਿਤਾ ਹਨ ਤੇ ਅਸੀਂ ਇਕੱਠੇ ਮਿਲ ਕੇ ਬੱਚੇ ਦੀ ਬਹੁਤ ਹੀ ਚੰਗੀ ਤਰ੍ਹਾਂ ਨਾਲ ਪਰਵਰਿਸ਼ ਕਰ ਰਹੇ ਹਾਂ। ਯਸ਼ ਤੇ ਮੈਂ ਇਕੱਠੇ ਚੰਗਾ ਸਮਾਂ ਬਤੀਤ ਕਰ ਰਹੇ ਹਾਂ।’

ਇਹ ਖ਼ਬਰ ਵੀ ਪੜ੍ਹੋ : ਜਿਸ ਸ਼ਖ਼ਸ ਨੂੰ ਰਜਤ ਬੇਦੀ ਨੇ ਕਾਰ ਨਾਲ ਮਾਰੀ ਸੀ ਟੱਕਰ, ਉਸ ਦੀ ਹਸਪਤਾਲ ’ਚ ਹੋਈ ਮੌਤ

ਉਥੇ ਜਦੋਂ ਪੁੱਛਿਆ ਗਿਆ ਕਿ ਬੱਚੇ ਦੀ ਝਲਕ ਕਦੋਂ ਦਿਖਾਈ ਜਾਵੇਗੀ ਤਾਂ ਨੁਸਰਤ ਨੇ ਜਵਾਬ ਦਿੱਤਾ, ‘ਇਹ ਤੁਸੀਂ ਉਸ ਦੇ ਪਿਤਾ ਕੋਲੋਂ ਪੁੱਛੋ। ਉਹ ਉਸ ਨੂੰ ਕਿਸੇ ਨੂੰ ਦੇਖਣ ਨਹੀਂ ਦਿੰਦੇ ਹਨ।’

ਦੱਸ ਦੇਈਏ ਕਿ ਨੁਸਰਤ ਜਹਾਂ ਪਿਛਲੇ ਸਾਲ ਤੋਂ ਅਦਾਕਾਰ ਯਸ਼ ਦਾਸਗੁਪਤਾ ਨਾਲ ਰਿਲੇਸ਼ਨਸ਼ਿਪ ’ਚ ਹੈ। ਉਸ ਨੇ ਆਪਣੇ ਪਤੀ ਨਿਖਿਲ ਜੈਨ ਨਾਲ ਵਿਆਹ ਨੂੰ ਮੰਨਣ ਤੋਂ ਇਨਕਾਰ ਕਰ ਦਿੱਤਾ ਤੇ ਕਾਫੀ ਮਹੀਨਿਆਂ ਤੋਂ ਉਸ ਤੋਂ ਅਲੱਗ ਰਹਿ ਰਹੀ ਹੈ। ਅਜਿਹਾ ਕਿਹਾ ਜਾ ਰਿਹਾ ਹੈ ਕਿ ਨੁਸਰਤ ਦੇ ਬੱਚੇ ਦੇ ਪਿਤਾ ਯਸ਼ ਦਾਸਗੁਪਤਾ ਹੋ ਸਕਦੇ ਹਨ ਪਰ ਨੁਸਰਤ ਨੇ ਪਿਤਾ ਨੂੰ ਲੈ ਕੇ ਕੁਝ ਵੀ ਸਾਫ ਕਰਨ ਤੋਂ ਇਨਕਾਰ ਕਰ ਦਿੱਤਾ ਹੈ।

ਉਥੇ ਹਾਲ ਹੀ ’ਚ ਨੁਸਰਤ ਜਹਾਂ ਦੇ ਪਤੀ ਨਿਖਿਲ ਜੈਨ ਕੋਲੋਂ ਇਸ ਬੱਚੇ ਨੂੰ ਆਪਣਾ ਮੰਨਣ ਤੋਂ ਇਨਕਾਰ ਕਰ ਦਿੱਤਾ ਗਿਆ ਸੀ ਤੇ ਕਿਹਾ ਸੀ ਕਿ ਨੁਸਰਤ 2020 ਤੋਂ ਹੀ ਉਸ ਤੋਂ ਅਲੱਗ ਰਹਿ ਰਹੀ ਸੀ। ਨੁਸਰਤ ਜਹਾਂ ਤੇ ਨਿਖਿਲ ਜੈਨ ਨੇ 2019 ’ਚ ਤੁਰਕੀ ’ਚ ਵਿਆਹ ਕਰਵਾਇਆ ਸੀ। ਇਸ ਦੇ ਕੁਝ ਸਮੇਂ ਬਾਅਦ ਹੀ ਉਨ੍ਹਾਂ ਵਿਚਾਲੇ ਅਣਬਣ ਸ਼ੁਰੂ ਹੋ ਗਈ ਸੀ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News