ਨੋਰਾ ਫਤੇਹੀ ਦੇ ਜੈਕਲੀਨ ਫਰਨਾਂਡੀਜ਼ ’ਤੇ ਕੀਤੇ ਮਾਨਹਾਨੀ ਕੇਸ ’ਚ ਕਿੰਨਾ ਹੈ ਦਮ?
Tuesday, Dec 13, 2022 - 12:28 PM (IST)

ਮੁੰਬਈ (ਬਿਊਰੋ)– ਨੋਰਾ ਫਤੇਹੀ ਨੇ ਦਿੱਲੀ ਕੋਰਟ ’ਚ ਅਦਾਕਾਰਾ ਜੈਕਲੀਨ ਫਰਨਾਂਡੀਜ਼ ਤੇ ਲਗਭਗ 15 ਮੀਡੀਆ ਕੰਪਨੀਆਂ ਖ਼ਿਲਾਫ਼ ਮਾਨਹਾਨੀ ਦਾ ਕੇਸ ਕੀਤਾ ਹੈ। ਇਸ ਕੇਸ ਦੀ ਵਜ੍ਹਾ ਮਹਾਠੱਗ ਸੁਕੇਸ਼ ਚੰਦਰਸ਼ੇਖਰ ਨਾਲ ਜੁੜਿਆ ਮਨੀ ਲਾਂਡਰਿੰਗ ਕੇਸ ਹੈ, ਜਿਸ ’ਚ ਨੋਰਾ ਫਤੇਹੀ ਤੇ ਜੈਕਲੀਨ ਦੋਵਾਂ ਕੋਲੋਂ ਪੁੱਛਗਿੱਛ ਕੀਤੀ ਜਾ ਰਹੀ ਹੈ।
ਨੋਰਾ ਨੇ ਕੇਸ ਦਰਜ ਕਰਵਾਉਂਦਿਆਂ ਕਿਹਾ ਸੀ, ‘‘ਜੈਕਲੀਨ ਫਰਨਾਂਡੀਜ਼ ਨੇ ਆਪਣੇ ਹਿੱਤਾਂ ਨੂੰ ਅੱਗੇ ਵਧਾਉਣ ਲਈ ਸ਼ਿਕਾਰਤਕਰਤਾ ਨੂੰ ਅਪਰਾਧਿਕ ਰੂਪ ਨਾਲ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਕਿਉਂਕਿ ਉਹ ਦੋਵੇਂ ਇਕੋ ਇੰਡਸਟਰੀ ’ਚ ਕੰਮ ਕਰ ਰਹੇ ਹਨ ਤੇ ਇਕੋ ਜਿਹੇ ਬੈਕਗਰਾਊਂਡ ਵਾਲੇ ਹਨ।’’
ਹਾਲਾਂਕਿ ਨੋਰਾ ਦਾ ਇਹ ਕੇਸ ਫਿਲਹਾਲ ਲਈ ਫਿੱਕਾ ਪੈਂਦਾ ਨਜ਼ਰ ਆ ਰਿਹਾ ਹੈ। ਇਸ ਗੱਲ ਦੀ ਪੁਸ਼ਟੀ ਇੰਡਸਟਰੀ ਦੇ ਇਕ ਸੂਤਰ ਨੇ ਕੀਤੀ ਹੈ। ਇੰਡਸਟਰੀ ਦੇ ਸੂਤਰਾਂ ਦਾ ਕਹਿਣਾ ਹੈ, ‘‘ਇਹ ਹੈਰਾਨੀ ਵਾਲੀ ਗੱਲ ਹੈ ਕਿ ਨੋਰਾ ਨੇ ਮੀਡੀਆ ਦੇ ਨਾਲ-ਨਾਲ ਜੈਕਲੀਨ ’ਤੇ ਵੀ ਮਾਨਹਾਨੀ ਦਾ ਕੇਸ ਦਰਜ ਕੀਤਾ ਹੈ। ਚੱਲ ਰਹੀ ਜਾਂਚ ਦੌਰਾਨ ਸਮਰੱਥ ਅਧਿਕਾਰੀਆਂ ਨੂੰ ਕੁਝ ਕਹਿਣਾ ਮਾਨਹਾਨੀ ਨਹੀਂ ਹੈ। ਅਜਿਹਾ ਨਹੀਂ ਹੈ ਕਿ ਜੈਕਲੀਨ ਨੇ ਇਸ ਮਾਮਲੇ ’ਚ ਮੀਡੀਆ ਕੋਟਸ ਦਿੱਤੇ ਹਨ ਤੇ ਪ੍ਰੈੱਸ ਕਾਨਫਰੰਸ ਕੀਤੀ ਹੈ।’’
ਇਹ ਖ਼ਬਰ ਵੀ ਪੜ੍ਹੋ : ਗਾਇਕ ਬੀ ਪਰਾਕ ਤੇ ਮੀਰਾ ਬਚਨ ਦਾ ਸੁਫ਼ਨਾ ਹੋਇਆ ਪੂਰਾ, ਮੋਹਾਲੀ 'ਚ ਖੋਲ੍ਹਿਆ 'ਮੀਰਾਕ' ਰੈਸਟੋਰੈਂਟ (ਤਸਵੀਰਾਂ)
ਸੂਤਰ ਨੇ ਅੱਗੇ ਕਿਹਾ, ‘‘ਉਸ ਨੇ ਸਿਰਫ ਜਾਂਚ ’ਚ ਸਹਿਯੋਗ ਕੀਤਾ ਹੈ ਤੇ ਆਪਣਾ ਕੇਸ ਲੜ ਰਹੀ ਹੈ। ਅਸਲ ’ਚ ਮਾਮਲੇ ਦੀ ਜਾਂਚ ਚੱਲ ਰਹੀ ਹੈ, ਇਸ ਲਈ ਜੈਕਲੀਨ ਨੇ ਇਸ ਮੁੱਦੇ ’ਤੇ ਬਹੁਤ ਹੀ ਚੰਗੇ ਤਰੀਕੇ ਨਾਲ ਮੀਡੀਆ ’ਚ ਚੁੱਪੀ ਬਣਾਈ ਰੱਖੀ ਹੈ।’’
ਸੂਤਰ ਦੀ ਇਸ ਗੱਲ ਦਾ ਅਰਥ ਇਹ ਨਿਕਲਦਾ ਹੈ ਕਿ ਪੁਲਸ ਜਾਂਚ ’ਚ ਆਖੀ ਕਿਸੇ ਵੀ ਗੱਲ ਨੂੰ ਮਾਨਹਾਨੀ ਦੇ ਘੇਰੇ ’ਚ ਨਹੀਂ ਲਿਆਂਦਾ ਜਾ ਸਕਦਾ। ਉਨ੍ਹਾਂ ਮੁਤਾਬਕ ਮਾਨਹਾਨੀ ਦਾ ਕੇਸ ਉਦੋਂ ਬਣਨਾ ਸੀ, ਜਦੋਂ ਜੈਕਲੀਨ ਪ੍ਰੈੱਸ ਕਾਨਫਰੰਸ ਕਰਕੇ ਖ਼ੁਦ ਨੋਰਾ ਬਾਰੇ ਗੱਲ ਕਰਦੀ।
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।