ਨੂਰਾਂ ਭੈਣਾਂ ''ਤੇ ਲੱਗਾ ਧੋਖਾਧੜੀ ਦਾ ਦੋਸ਼, ਜਾਣੋ ਕੀ ਹੈ ਮਾਮਲਾ (ਦੇਖੋ ਤਸਵੀਰਾਂ)

11/23/2015 10:45:06 PM

ਜਲੰਧਰ- ਬਾਲੀਵੁੱਡ ''ਚ ਆਪਣੇ ਗੀਤਾਂ ਨਾਲ ਧੂਮ ਮਚਾਉਣ ਵਾਲੀਆਂ ਨੂਰਾਂ ਭੈਣਾਂ ''ਤੇ ਧੋਖਾਧੜੀ ਦੇ ਦੋਸ਼ ਲੱਗੇ ਹਨ। ਜਲੰਧਰ ਦੇ ਕਰਤਾਰਪੁਰ ਸਥਿਤ ਬੋਹਦਸ਼ਾਹ ਦਰਗਾਹ ਦੇ ਪ੍ਰਬੰਧਕਾਂ ਨੇ ਦੋਸ਼ ਲਗਾਇਆ ਹੈ ਕਿ ਪੰਜ ਮਹੀਨੇ ਪਹਿਲਾਂ ਐਡਵਾਂਸ ਦੇਣ ਦੇ ਬਾਵਜੂਦ ਦੋਵੇਂ ਭੈਣਾਂ ਪ੍ਰੋਗਰਾਮ ''ਚ ਨਹੀਂ ਪਹੁੰਚੀਆਂ। ਪ੍ਰਬੰਧਕਾਂ ਦਾ ਕਹਿਣਾ ਸੀ ਕਿ 19 ਨਵੰਬਰ ਨੂੰ ਬਾਬਾ ਬੋਹਦਸ਼ਾਹ ਦਾ ਸਾਲਾਨਾ ਜੋੜ ਮੇਲਾ ਮਨਾਇਆ ਜਾ ਰਿਹਾ ਸੀ। ਇਸ ਲਈ ਉਨ੍ਹਾਂ ਨੇ ਨੂਰਾਂ ਭੈਣਾਂ ਨੂੰ ਪੇਸ਼ਕਾਰੀ ਲਈ ਸੱਦਿਆ ਸੀ। ਬਾਕਾਇਦਾ ਉਨ੍ਹਾਂ ਨੂੰ 10 ਹਜ਼ਾਰ ਰੁਪਏ ਐਡਵਾਂਸ ਦਿੱਤੇ ਗਏ ਸਨ ਪਰ ਮੇਲੇ ਵਾਲੇ ਦਿਨ ਦੋਵੇਂ ਭੈਣਾਂ ਪਟਿਆਲਾ ਕਿਸੇ ਹੋਰ ਪ੍ਰੋਗਰਾਮ ''ਚ ਜਾ ਪੁੱਜੀਆਂ।
ਮੇਲੇ ''ਚ ਪਹੁੰਚੀ ਸੰਗਤ ਉਨ੍ਹਾਂ ਦਾ ਇੰਤਜ਼ਾਰ ਕਰਦੀ ਰਹੀ ਪਰ ਕਈ ਫੋਨ ਕਰਨ ਤੋਂ ਬਾਅਦ ਵੀ ਦੋਵੇਂ ਨਹੀਂ ਪਹੁੰਚੀਆਂ। ਇਨ੍ਹਾਂ ਦੋਵਾਂ ਖਿਲਾਫ ਧੋਖਾਧੜੀ ਕਰਨ ਦੀ ਸ਼ਿਕਾਇਤ ਦੇ ਦਿੱਤੀ ਗਈ ਹੈ। ਉਥੇ ਇਸ ਮਾਮਲੇ ''ਤੇ ਨੂਰਾਂ ਭੈਣਾਂ ਦਾ ਪੱਖ ਜਾਣਨ ਲਈ ਸੰਪਰਕ ਕੀਤਾ ਗਿਆ ਤਾਂ ਪਤਾ ਲੱਗਾ ਕਿ ਉਹ ਦੋਵੇਂ ਯੂ. ਕੇ. ਪੇਸ਼ਕਾਰੀ ਦੇਣ ਗਈਆਂ ਹਨ। ਨੂਰਾਂ ਭੈਣਾਂ ਦੇ ਮੈਨੇਜਰ ਦੁਸ਼ਅੰਤ ਨੇ ਦੱਸਿਆ ਕਿ 19 ਨਵੰਬਰ ਨੂੰ ਦੋ ਪ੍ਰੋਗਰਾਮ ਸਨ, ਇਕ ਪਟਿਆਲੇ ''ਚ 11 ਵਜੇ ਤੇ ਦੂਜਾ ਮੇਲੇ ''ਚ 2 ਵਜੇ। ਉਸ ਦਿਨ ਨੂਰਾਂ ਭੈਣਾਂ ਤੇ ਸਾਰਾ ਕਰਿਊ ਭਾਰੀ ਜਾਮ ''ਚ ਫਸ ਗਿਆ।
ਉਨ੍ਹਾਂ ਨੇ ਮੇਲੇ ਦੇ ਪ੍ਰਬੰਧਕਾਂ ਨੂੰ ਇਸ ਬਾਰੇ ਦੱਸਿਆ ਤੇ ਦੇਰੀ ਨਾਲ ਪੁੱਜਣ ਦੀ ਗੱਲ ਆਖੀ। ਉਨ੍ਹਾਂ ਨੇ ਜਲੰਧਰ ਪਹੁੰਚ ਕੇ ਕਈ ਵਾਰ ਪ੍ਰਬੰਧਕਾਂ ਨੂੰ ਫੋਨ ਕੀਤਾ। ਪ੍ਰਬੰਧਕਾਂ ਨੇ ਖੁਦ ਵਾਪਸ ਫੋਨ ਕਰਨ ਲਈ ਕਿਹਾ ਪਰ ਉਨ੍ਹਾਂ ਦਾ ਫੋਨ ਨਹੀਂ ਆਇਆ, ਜਿਸ ਕਾਰਨ ਉਹ ਵਾਪਸ ਪਰਤ ਗਏ। ਉਨ੍ਹਾਂ ਕਿਹਾ ਕਿ ਉਂਝ ਤਾਂ ਐਡਵਾਂਸ ਆਇਆ ਨਹੀਂ ਹੈ ਪਰ ਜੇਕਰ ਆਇਆ ਵੀ ਹੋਵੇਗਾ ਤਾਂ ਉਹ ਸਾਰੇ ਪੈਸੇ ਵਾਪਸ ਕਰ ਦੇਣਗੇ।

Related News