1 ਫਰਵਰੀ ਤੋਂ ਸ਼ੁਰੂ ਹੋਵੇਗਾ ਨਵਾਂ ਰਿਐਲਿਟੀ ਸ਼ੋਅ 'ਦ 50', ਦੇਖੋ ਇਸ ਦੇ ਆਲੀਸ਼ਾਨ 'ਮਹਿਲ' ਦੀਆਂ ਤਸਵੀਰਾਂ
Wednesday, Jan 21, 2026 - 02:48 PM (IST)
ਮਨੋਰੰਜਨ ਡੈਸਕ - ਮਨੋਰੰਜਨ ਜਗਤ ਵਿਚ ਇਕ ਨਵਾਂ ਧਮਾਕਾ ਹੋਣ ਜਾ ਰਿਹਾ ਹੈ। ਓ.ਟੀ.ਟੀ. ਪਲੇਟਫਾਰਮ ਜਿਓ ਹੌਟਸਟਾਰ 'ਤੇ 1 ਫਰਵਰੀ, 2026 ਤੋਂ ਇਕ ਨਵਾਂ ਰਿਐਲਿਟੀ ਸ਼ੋਅ 'ਦ 50' ਸ਼ੁਰੂ ਹੋਣ ਜਾ ਰਿਹਾ ਹੈ। ਇਸ ਸ਼ੋਅ ਦਾ ਸੰਕਲਪ ਕਾਫੀ ਦਿਲਚਸਪ ਹੈ, ਜਿਸ ਵਿਚ 50 ਸੈਲੀਬ੍ਰਿਟੀਜ਼ 50 ਦਿਨਾਂ ਤੱਕ ਇਕ ਘਰ ਦੇ ਅੰਦਰ ਰਹਿਣਗੇ ਅਤੇ ਵੱਖ-ਵੱਖ ਟਾਸਕ ਪਰਫਾਰਮ ਕਰਨਗੇ।

ਬਿੱਗ ਬੌਸ ਨਾਲੋਂ ਕਿਵੇਂ ਹੈ ਵੱਖਰਾ?

ਹਾਲਾਂਕਿ ਲੋਕ ਇਸ ਦੀ ਤੁਲਨਾ 'ਬਿੱਗ ਬੌਸ' ਨਾਲ ਕਰ ਰਹੇ ਹਨ, ਪਰ ਸਰੋਤਾਂ ਅਨੁਸਾਰ ਇਹ ਸ਼ੋਅ ਉਸ ਨਾਲੋਂ ਬਹੁਤ ਵੱਖਰਾ ਹੈ। ਇਹ ਖੇਡ ਰਿਸ਼ਤਿਆਂ ਦੀ ਨਹੀਂ ਬਲਕਿ ਤਾਕਤ ਦੀ ਹੈ, ਜਿੱਥੇ ਪ੍ਰਤੀਯੋਗੀਆਂ ਨੂੰ ਆਪਣੀ ਸ਼ਖਸੀਅਤ ਦਿਖਾਉਣ ਦੀ ਬਜਾਏ ਸਿਰਫ ਟਾਸਕ ਜਿੱਤਣ 'ਤੇ ਧਿਆਨ ਦੇਣਾ ਹੋਵੇਗਾ।
ਸ਼ੋਅ ਦੇ ਆਲੀਸ਼ਾਨ 'ਮਹਿਲ' ਦੀਆਂ ਖਾਸ ਗੱਲਾਂ

ਤੁਹਾਨੂੰ ਦੱਸ ਦਈਏ ਕਿ ਸ਼ੋਅ ਦੇ ਸੈੱਟ ਦੀਆਂ ਤਸਵੀਰਾਂ ਸਾਹਮਣੇ ਆਈਆਂ ਹਨ, ਜਿਸ ਨੂੰ ਇੱਕ ਸ਼ਾਹੀ ਮਹਿਲ ਵਾਂਗ ਤਿਆਰ ਕੀਤਾ ਗਿਆ ਹੈ। ਇਸ ਮਹਿਲ ਨੂੰ ਪੂਰੀ ਤਰ੍ਹਾਂ ਰਾਜਸਥਾਨੀ ਰੰਗ-ਢੰਗ ਵਿੱਚ ਸਜਾਇਆ ਗਿਆ ਹੈ ਤੇ ਇਸ ਵਿਚ ਦੋ ਮੰਜ਼ਿਲਾਂ ਹਨ। 50 ਲੋਕਾਂ ਦੇ ਰਹਿਣ ਲਈ ਕੁੱਲ 6 ਬੈੱਡਰੂਮ ਬਣਾਏ ਗਏ ਹਨ, ਜਿਨ੍ਹਾਂ ਵਿੱਚੋਂ 4 ਹੇਠਲੀ ਮੰਜ਼ਿਲ 'ਤੇ ਅਤੇ 2 ਉੱਪਰਲੀ ਮੰਜ਼ਿਲ 'ਤੇ ਹਨ।

ਇਸ ਦੇ ਨਾਲ ਹੀ ਇਸ ਸ਼ੋਅ ਦੀ ਸਭ ਤੋਂ ਹੈਰਾਨੀਜਨਕ ਗੱਲ ਇਹ ਹੈ ਕਿ ਇਸ ਮਹਿਲ ਵਿਚ ਕੋਈ ਰਸੋਈ ਨਹੀਂ ਹੈ। ਇਸ ਦਾ ਮਤਲਬ ਹੈ ਕਿ ਸ਼ੋਅ ਵਿੱਚ ਰਸੋਈ ਦੀ ਰਾਜਨੀਤੀ ਦੇਖਣ ਨੂੰ ਨਹੀਂ ਮਿਲੇਗੀ; ਪ੍ਰਤੀਯੋਗੀਆਂ ਲਈ ਖਾਣਾ ਸਿੱਧਾ ਡਾਇਨਿੰਗ ਹਾਲ ਵਿਚ ਭੇਜਿਆ ਜਾਵੇਗਾ। ਰਣਨੀਤੀਆਂ ਬਣਾਉਣ ਲਈ ਕਈ ਖੁੱਲ੍ਹੇ ਸੀਟਿੰਗ ਏਰੀਆ ਬਣਾਏ ਗਏ ਹਨ। ਇਸ ਤੋਂ ਇਲਾਵਾ, ਇਕ 'ਡੈਂਜਰ ਜ਼ੋਨ' ਵੀ ਹੈ, ਜਿੱਥੇ ਐਲੀਮੀਨੇਸ਼ਨ ਲਈ ਨਾਮਜ਼ਦ ਕੀਤੇ ਗਏ ਪ੍ਰਤੀਯੋਗੀਆਂ ਨੂੰ ਰੱਖਿਆ ਜਾਵੇਗਾ।

ਇਹ ਸ਼ੋਅ ਆਪਣੀ ਵੱਖਰੀ ਪਹੁੰਚ ਅਤੇ ਸ਼ਾਨਦਾਰ ਸੈੱਟ ਕਾਰਨ ਦਰਸ਼ਕਾਂ ਵਿਚ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ।
