ਨੀਅਤ : ਨਾ ਇਸ ਵਰਗੀ, ਨਾ ਉਸ ਵਰਗੀ, ਬਿਲਕੁਲ ਆਰੀਜਨਲ ਫ਼ਿਲਮ, ਕਿਸੇ ਦਾ ਰੈਫਰੈਂਸ ਨਹੀਂ

Wednesday, Jul 12, 2023 - 12:36 PM (IST)

ਨੀਅਤ : ਨਾ ਇਸ ਵਰਗੀ, ਨਾ ਉਸ ਵਰਗੀ, ਬਿਲਕੁਲ ਆਰੀਜਨਲ ਫ਼ਿਲਮ, ਕਿਸੇ ਦਾ ਰੈਫਰੈਂਸ ਨਹੀਂ

ਕਰੀਬ ਚਾਰ ਸਾਲਾਂ ਬਾਅਦ ਵਿਦਿਆ ਬਾਲਨ ਨੇ ‘ਨੀਅਤ’ ਦੇ ਜ਼ਰੀਏ ਵੱਡੇ ਪਰਦੇ ’ਤੇ ਸ਼ਾਨਦਾਰ ਵਾਪਸੀ ਕੀਤੀ ਹੈ। 7 ਜੁਲਾਈ ਨੂੰ ਰਿਲੀਜ਼ ਹੋਈ ਇਸ ਫ਼ਿਲਮ ਤੋਂ ਅਦਾਕਾਰਾ ਦੇ ਫੈਨ ਕਾਫ਼ੀ ਜ਼ਿਆਦਾ ਖ਼ੁਸ਼ ਹਨ। ‘ਨੀਅਤ’ ਦਾ ਨਿਰਦੇਸ਼ਨ ਅਨੂੰ ਮੈਨਨ ਨੇ ਕੀਤਾ ਹੈ। ਇਸ ਤੋਂ ਪਹਿਲਾਂ ਵੀ ਵਿਦਿਆ ਬਾਲਨ ਅਨੂੰ ਮੈਨਨ ਨਾਲ ‘ਸ਼ਕੁੰਤਲਾ ਦੇਵੀ’ ’ਚ ਕੰਮ ਕਰ ਚੁੱਕੇ ਹਨ। ਇਸ ਫ਼ਿਲਮ ਵਿਚ ਅਨੂੰ ਮੈਨਨ ਨੇ ਪਹਿਲੀ ਵਾਰ ਮਰਡਰ ਮਿਸਟਰੀ ’ਚ ਹੱਥ ਅਜ਼ਮਾਇਆ ਹੈ, ਜਿਸ ’ਚ ਵਿਦਿਆ ਬਾਲਨ ਜਾਸੂਸ ਦੀ ਭੂਮਿਕਾ ’ਚ ਨਜ਼ਰ ਆ ਰਹੇ ਹਨ। ਵਿਦਿਆ ਬਾਲਨ ਤੋਂ ਇਲਾਵਾ ‘ਨੀਅਤ’ ’ਚ ਰਾਮ ਕਪੂਰ, ਰਾਹੁਲ ਬੋਸ, ਨੀਰਜ ਕਾਬੀ, ਸ਼ਹਾਨਾ ਗੋਸਵਾਮੀ, ਅੰਮ੍ਰਿਤਾ ਪੁਰੀ, ਦੀਪਾਨਿਤਾ ਸ਼ਰਮਾ, ਪ੍ਰਾਜਕਤਾ ਕੋਲੀ ਤੇ ਸ਼ਸ਼ਾਂਕ ਅਰੋੜਾ ਵਰਗੇ ਕਲਾਕਾਰ ਵੀ ਅਹਿਮ ਭੂਮਿਕਾ ਨਿਭਾਅ ਰਹੇ ਹਨ। ਅਜਿਹੇ ’ਚ ਫ਼ਿਲਮ ਬਾਰੇ ਡਾਇਰੈਕਟਰ ਅਨੂੰ ਮੈਨਨ ਨੇ ਪੰਜਾਬ ਕੇਸਰੀ/ਨਵੋਦਿਆ ਟਾਈਮਜ਼/ਜਗ ਬਾਣੀ/ਹਿੰਦ ਸਮਾਚਾਰ ਨਾਲ ਖ਼ਾਸ ਗੱਲਬਾਤ ਕੀਤੀ।

ਸਵਾਲ– ਫ਼ਿਲਮ ਰਿਲੀਜ਼ ਹੋ ਚੁੱਕੀ ਹੈ, ਅਜਿਹੇ ’ਚ ਤੁਸੀਂ ਕਿਵੇਂ ਮਹਿਸੂਸ ਕਰ ਰਹੇ ਹੋ?
ਜਵਾਬ–
ਬਹੁਤ ਖ਼ੁਸ਼ੀ ਹੋ ਰਹੀ ਹੈ ਕਿਉਂਕਿ ਇਹ ਫ਼ਿਲਮ ਅਸੀਂ ਥਿਏਟਰ ’ਚ ਲਿਆਉਣਾ ਚਾਹੁੰਦੇ ਸੀ ਤੇ ਕਾਫ਼ੀ ਇੰਤਜ਼ਾਰ ਤੋਂ ਬਾਅਦ ਅਸੀਂ ਇਸ ਨੂੰ ਥਿਏਟਰ ’ਚ ਲਿਆਉਣ ’ਚ ਕਾਮਯਾਬ ਹੋਏ ਹਾਂ। ਹੁਣ ਜਦੋਂ ਫ਼ਿਲਮ ਆ ਚੁੱਕੀ ਹੈ ਤਾਂ ਅਸੀਂ ਚਾਹੁੰਦੇ ਹਾਂ ਕਿ ਦਰਸ਼ਕ ਥਿਏਟਰ ’ਚ ਜਾਣ ਤੇ ਫ਼ਿਲਮ ਨੂੰ ਵੇਖਣ ਤੇ ਆਪਣਾ ਢੇਰ ਸਾਰਾ ਪਿਆਰ ਦੇਣ।

ਸਵਾਲ– ਤੁਹਾਡੀ ਫ਼ਿਲਮ ਤੋਂ ਜੋ ਉਮੀਦਾਂ ਸਨ, ਉਹ ਪੂਰੀਆਂ ਹੋ ਰਹੀਆਂ ਹਨ ਜਾਂ ਨਹੀਂ?
ਜਵਾਬ–
(ਮੁਸਕੁਰਾਉਂਦੇ ਹੋਏ) ਉਮੀਦਾਂ ਤਾਂ ਪੂਰੀਆਂ ਹੋ ਰਹੀਆਂ ਹਨ ਪਰ ਇਹ ਤਾਂ ਹਾਲੇ ਸ਼ੁਰੂਆਤ ਹੈ, ਅਸੀਂ ਅਜਿਹੀ ਫ਼ਿਲਮ ਬਣਾਈ ਹੈ ਜੋ ਮਰਡਰ ਮਿਸਟਰੀ ਹੈ। ਇਹ ਫ਼ਿਲਮ ਇਕ ਸਫਰ ਦੀ ਤਰ੍ਹਾਂ ਹੈ, ਜਿਸ ’ਚ ਬਹੁਤ ਸਾਰੇ ਚੰਗੇ ਕਿਰਦਾਰ ਹਨ। ਮੈਨੂੰ ਲੱਗਦਾ ਹੈ ਕਿ ‘ਨੀਅਤ’ ਇਕ ਅਜਿਹੀ ਫ਼ਿਲਮ ਹੈ, ਜਿਸ ਨੂੰ ਤੁਸੀਂ ਥਿਏਟਰ ’ਚ ਜਾ ਕੇ ਵੇਖੋਗੇ ਤਾਂ ਹੋਰ ਮਜ਼ਾ ਆਵੇਗਾ। ਬਾਕੀ ਸਭ ਕੁਝ ਤਾਂ ਦਰਸ਼ਕਾਂ ’ਤੇ ਨਿਰਭਰ ਕਰਦਾ ਹੈ।

ਸਵਾਲ– ਇਹ ਪਹਿਲੀ ਵਾਰ ਹੈ ਜਦੋਂ ਤੁਸੀਂ ਮਰਡਰ ਮਿਸਟਰੀ ਬਣਾ ਰਹੇ ਹੋ, ਇਸ ਦਾ ਆਇਡੀਆ ਕਿਥੋਂ ਆਇਆ?
ਜਵਾਬ–
ਮੈਨੂੰ ਇਹ ਸ਼ੈਲੀ ਬਹੁਤ ਜ਼ਿਆਦਾ ਪਸੰਦ ਹੈ। ਮੈਂ ਬਹੁਤ ਸਾਰੀਆਂ ਅਜਿਹੀਆਂ ਫ਼ਿਲਮਾਂ ਵੇਖੀਆਂ ਹਨ ਜਾਂ ਇਸ ਤਰ੍ਹਾਂ ਕਹਾਂ ਕਿ ਸਾਰੀਆਂ ਮਰਡਰ ਮਿਸਟਰੀ ਫ਼ਿਲਮਾਂ ਮੈਂ ਵੇਖੀਆਂ ਹੋਈਆਂ ਹਨ। ਅਜਿਹੇ ’ਚ ਮੇਰਾ ਹਮੇਸ਼ਾ ਤੋਂ ਕੁਝ ਅਲੱਗ ਕਰਨ ਦਾ ਮਨ ਕਰਦਾ ਸੀ। ਜਦੋਂ ‘ਸ਼ਕੁੰਤਲਾ’ ਬਣਾਈ ਤਾਂ ਉਸ ਨੂੰ ਦਰਸ਼ਕਾਂ ਦਾ ਬਹੁਤ ਸਾਰਾ ਪਿਆਰ ਮਿਲਿਆ ਸੀ ਤਾਂ ਸੋਚਿਆ ਕਿ ਇਸ ਵਾਰ ਮਰਡਰ ਮਿਸਟਰੀ ’ਤੇ ਕੰਮ ਕਰੀਏ ਤਾਂ ਅਸੀਂ ਇਸ ਨੂੰ ਲਿਖਣਾ ਸ਼ੁਰੂ ਕੀਤਾ। ਇਸ ਤੋਂ ਬਾਅਦ ਜਦੋਂ ਵਿਦਿਆ ਜੀ ਨੂੰ ਇਸ ਦੀ ਕਹਾਣੀ ਸੁਣਾਈ ਤਾਂ ਉਨ੍ਹਾਂ ਨੂੰ ਵੀ ਕਾਫ਼ੀ ਚੰਗੀ ਲੱਗੀ। ਫਿਰ ਅਸੀਂ ਇਸ ’ਤੇ ਕੰਮ ਸ਼ੁਰੂ ਕੀਤਾ ਕਿ ਕਿਵੇਂ ਇੰਗਲੈਂਡ ’ਚ ਜੇਕਰ ਕੋਈ ਇੰਡੀਅਨ ਪਾਰਟੀ ਕਰੇਗਾ ਤਾਂ ਕਿਥੇ ਕਰੇਗਾ? ਸਭ ਕੁਝ ਕਿਵੇਂ ਹੋਵੇਗਾ?

ਸਵਾਲ– ਫ਼ਿਲਮ ਦੀ ਕਾਸਟਿੰਗ ਕਿਵੇਂ ਹੋਈ?
ਜਵਾਬ–
ਅਸੀਂ ਪਹਿਲਾਂ ਪੂਰਾ ਸਕ੍ਰੀਨਪਲੇ ਲਿਖਿਆ, ਫਿਰ ਅਸੀਂ ਵਿਦਿਆ ਜੀ ਕੋਲ ਗਏ। ਜਦੋਂ ਉਨ੍ਹਾਂ ਨੇ ਇਸ ਲਈ ਹਾਂ ਬੋਲ ਦਿੱਤਾ ਤਾਂ ਫਿਰ ਅਸੀਂ ਇਸ ’ਤੇ ਥੋੜ੍ਹਾ ਹੋਰ ਕੰਮ ਕੀਤਾ। ਇਸ ’ਚ ਇਕ-ਇਕ ਕਿਰਦਾਰ ਬਾਰੇ ਸੋਚ ਕੇ ਕਾਸਟਿੰਗ ਕੀਤੀ ਹੈ ਕਿ ਕਿਥੇ ਕੌਣ ਫਿੱਟ ਬੈਠ ਰਿਹਾ ਹੈ। ਇਸ ਸਭ ’ਚ ਬੇਸ਼ੱਕ ਬਹੁਤ ਸਮਾਂ ਲੱਗਾ ਪਰ ਸਾਨੂੰ ਬਿਲਕੁਲ ਠੀਕ ਕਾਸਟਿੰਗ ਮਿਲੀ। ਹਰ ਕੋਈ ਖ਼ੁਦ ’ਚ ਬਿਲਕੁਲ ਪ੍ਰਫੈਕਟ ਹੈ।

ਸਵਾਲ– ਅੱਜ-ਕੱਲ ਬਹੁਤ ਸਾਰੀਆਂ ਫ਼ਿਲਮਾਂ ਸਿੱਧੇ ਓ. ਟੀ. ਟੀ. ’ਤੇ ਆ ਰਹੀਆਂ ਹਨ ਤਾਂ ਤੁਸੀਂ ਥਿਏਟਰ ਨੂੰ ਹੀ ਕਿਉਂ ਚੁਣਿਆ?
ਜਵਾਬ–
ਓ. ਟੀ. ਟੀ. ’ਤੇ ਤਾਂ ਬਹੁਤ ਸਾਰੇ ਕ੍ਰਾਈਮ ਸ਼ੋਅ ਆ ਰਹੇ ਹਨ ਪਰ ਇਹ 2 ਘੰਟਿਆਂ ਦੀ ਮਰਡਰ ਮਿਸਟਰੀ ਹੈ। ਉਂਝ ਇਸ ’ਚ 10 ਘੰਟੇ ਵੀ ਲੱਗ ਸਕਦੇ ਹਨ ਕਿ ਕਿਲਰ ਕੌਣ ਹੈ? ਪਰ ਇਥੇ ਤੁਸੀਂ 2 ਘੰਟੇ ’ਚ ਦੱਸ ਦਿੰਦੇ ਹੋ ਕਿ ਮਰਡਰ ਕਿਸ ਨੇ ਕੀਤਾ ਹੈ ਤੇ ਇਸ ਫ਼ਿਲਮ ਦਾ ਟੈਕਸਚਰ ਵੀ ਬਿਲਕੁਲ ਅਲੱਗ ਹੈ। ਇਸ ਨੂੰ ਅਸੀਂ ਸਕਾਟਲੈਂਡ ’ਚ ਕਾਫ਼ੀ ਵੱਡੇ ਸਕੇਲ ’ਤੇ ਸ਼ੂਟ ਕੀਤਾ ਹੈ ਤਾਂ ਇਸ ਸਭ ਦਾ ਮਜ਼ਾ ਸਿਰਫ ਵੱਡੀ ਸਕ੍ਰੀਨ ’ਤੇ ਹੀ ਆਉਂਦਾ ਹੈ।

ਸਵਾਲ– ਫ਼ਿਲਮ ਦੀ ਸ਼ੂਟਿੰਗ ਦਾ ਤਜਰਬਾ ਕਿਵੇਂ ਦਾ ਰਿਹਾ?
ਜਵਾਬ–
ਕੋਵਿਡ ਤੋਂ ਨਿਕਲਦੇ ਸਮੇਂ ਅਸੀਂ ਇਹ ਫ਼ਿਲਮ ਸ਼ੂਟ ਕੀਤੀ ਸੀ, ਇਸ ਲਈ ਪੂਰੀ ਟੀਮ ਭਾਰਤ ਤੋਂ ਆਈ ਸੀ। ਉੱਪਰੋਂ ਲੋਕੇਸ਼ਨ ਸਕਾਟਲੈਂਡ ’ਚ ਏਅਰਪੋਰਟ ਤੋਂ 3 ਘੰਟੇ ਦੂਰ ਸੀ, ਅਜਿਹੇ ’ਚ ਸ਼ੂਟ ਕਰਨਾ ਇੰਨਾ ਆਸਾਨ ਨਹੀਂ ਸੀ ਪਰ ਸਭ ਕੁਝ ਕਾਫ਼ੀ ਮਜ਼ੇਦਾਰ ਰਿਹਾ ਕਿਉਂਕਿ ਸਾਰੇ ਕਲਾਕਾਰ ਇਕ-ਦੂਜੇ ਦੇ ਚੰਗੇ ਦੋਸਤ ਬਣ ਗਏ ਸਨ। ਸੈੱਟ ’ਤੇ ਕਾਫ਼ੀ ਹਾਸਾ-ਮਜ਼ਾਕ ਤੇ ਪ੍ਰੈਂਕ ਹੁੰਦੇ ਰਹਿੰਦੇ ਸਨ ਤਾਂ ਕਹਿ ਸਕਦੇ ਹਾਂ ਕਿ ਸਭ ਕੁਝ ਮੁਸ਼ਕਿਲ ਜ਼ਰੂਰ ਸੀ ਪਰ ਮਜ਼ਾ ਬਹੁਤ ਆਇਆ।

ਸਵਾਲ– ਹਾਲੀਵੁੱਡ ਫ਼ਿਲਮ ਨਾਲ ਹੋ ਰਹੀ ਤੁਲਨਾ ’ਤੇ ਤੁਹਾਡਾ ਕੀ ਕਹਿਣਾ ਹੈ?
ਜਵਾਬ–
ਮਰਡਰ ਮਿਸਟਰੀ ਦਾ ਇਕ ਆਪਣੀ ਸ਼ੈਲੀ ਹੈ ਤਾਂ ਉਸ ਦੇ ਹਿਸਾਬ ਨਾਲ ਉਹ ਫ਼ਿਲਮ ਅਲੱਗ ਹੈ ਤੇ ਸਾਡੀ ਫ਼ਿਲਮ ਅਲੱਗ ਹੈ। ਉਹ ਫ਼ਿਲਮ ਵੀ ਹਾਲ ਹੀ ’ਚ ਰਿਲੀਜ਼ ਹੋਈ ਹੈ ਤਾਂ ਤੁਲਨਾ ਤਾਂ ਹੋਵੇਗੀ ਹੀ। ਅੱਜ-ਕੱਲ ਅਜਿਹਾ ਹੀ ਹੁੰਦਾ ਹੈ, ਜਦੋਂ ਤੱਕ ਅਸੀਂ ਕੋਈ ਫ਼ਿਲਮ ਲਿਖਦੇ ਹਾਂ, ਉਦੋਂ ਤੱਕ ਕੋਈ ਹੋਰ ਫ਼ਿਲਮ ਆ ਜਾਂਦੀ ਹੈ, ਫਿਰ ਲੋਕ ਉਸ ਨਾਲ ਕੰਪੇਅਰ ਕਰਨ ਲੱਗਦੇ ਹਨ ਪਰ ਅਸੀਂ ਇਹ ਆਰੀਜਨਲ ਫ਼ਿਲਮ ਬਣਾਈ ਹੈ, ਇਹ ਕਿਸੇ ਦਾ ਰੈਫਰੈਂਸ ਨਹੀਂ ਹੈ। ਹਾਂ, ਲੋਕ ਕਹਿੰਦੇ ਹਨ ਕਿ ਇਹ ਉਸ ਵਰਗੀ ਹੈ ਜਾਂ ਇਸ ਵਰਗੀ ਹੈ ਪਰ ਜਦੋਂ ਤੱਕ ਤੁਸੀਂ ਪੂਰੀ ਫ਼ਿਲਮ ਨਹੀਂ ਵੇਖੋਗੇ, ਉਦੋਂ ਤੱਕ ਤੁਹਾਨੂੰ ਪਤਾ ਨਹੀਂ ਚੱਲੇਗਾ ਕਿ ਪੂਰੀ ਫ਼ਿਲਮ ਦੀ ਕਹਾਣੀ ਕੀ ਹੈ।

ਸਵਾਲ– ਫ਼ਿਲਮ ’ਚ ਕਿਰਦਾਰਾਂ ਦੇ ਲੁਕਸ ਵੀ ਕਾਫ਼ੀ ਵੱਖ ਹਨ। ਇਸ ’ਤੇ ਕਿਵੇਂ ਕੰਮ ਕੀਤਾ?
ਜਵਾਬ–
ਅਸੀਂ ਸੱਚ ’ਚ ਇਕ ਰੀਅਲ ਪਰਸਨ ਵਰਗੇ ਲੁੱਕ ਬਣਾਏ ਹਨ। ਤੁਸੀਂ ਜਦੋਂ ਵੇਖੋਗੇ ਤਾਂ ਪਤਾ ਚੱਲੇਗਾ ਕਿ ਇਹ ਕਿਵੇਂ ਇਕਦਮ ਪ੍ਰਫੈਕਟ ਹਨ। ਅਸੀਂ ਉਨ੍ਹਾਂ ਨੂੰ ਇਸ ਤਰ੍ਹਾਂ ਵਿਖਾਇਆ ਹੈ, ਜੋ ਬਹੁਤ ਵਾਰ ਵਿਦੇਸ਼ ਨਹੀਂ ਗਏ। ਡਿਜ਼ਾਈਨਰ ਕੱਪੜੇ ਨਹੀਂ ਹਨ, ਜਿਵੇਂ ਬਾਕੀ ਫ਼ਿਲਮਾਂ ’ਚ ਹੁੰਦੇ ਹਨ।

ਸਵਾਲ– ਵਿਦਿਆ ਬਾਲਨ ਨਾਲ ਕੰਮ ਦਾ ਤਜਰਬਾ ਕਿਵੇਂ ਦਾ ਰਿਹਾ, ਇਸ ਤੋਂ ਪਹਿਲਾਂ ਵੀ ਤੁਸੀਂ ਦੋਵੇਂ ਇਕੱਠੇ ਕੰਮ ਕਰ ਚੁੱਕੇ ਹੋ?
ਜਵਾਬ–
ਸ਼ਕੁੰਤਲਾ ਦੇਵੀ ਦਾ ਤਾਂ ਬਹੁਤ ਹੀ ਸੋਹਣਾ ਤਜਰਬਾ ਸੀ। ਅਸੀਂ ਦੋਵੇਂ ਹੀ ਇਕ-ਦੂਜੇ ਨੂੰ ਬਹੁਤ ਚੰਗੀ ਤਰ੍ਹਾਂ ਨਾਲ ਸਮਝਦੇ ਹਾਂ। ਜਦੋਂ ਅਸੀਂ ਪਹਿਲੀ ਵਾਰ ਇਕੱਠੇ ਕੰਮ ਕਰਦੇ ਹਾਂ ਤਾਂ ਇਕ-ਦੂਜੇ ਨੂੰ ਜਾਣ ਰਹੇ ਹੁੰਦੇ ਹਾਂ, ਅਜਿਹੇ ’ਚ ਥੋੜ੍ਹੀ ਫਾਰਮੈਲਿਟੀ ਹੁੰਦੀ ਹੈ ਪਰ ਦੂਜੀ ਵਾਰ ਰਿਸ਼ਤੇ ’ਚ ਇਕ ਵਿਸ਼ਵਾਸ ਬਣ ਜਾਂਦਾ ਹੈ। ਉਂਝ ਵੀ ਅਸੀਂ ਦੋਵੇਂ ਤਾਮਿਲੀਅਨ ਹਾਂ ਤਾਂ ਅਸੀਂ ਸਭ ਦੇ ਸਾਹਮਣੇ ਇਕ-ਦੂਜੇ ਨਾਲ ਤਾਮਿਲ ’ਚ ਵੀ ਗੱਲ ਕਰ ਲੈਂਦੇ ਹਾਂ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- 
https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8


author

Rahul Singh

Content Editor

Related News