ਮਸ਼ਹੂਰ ਬਾਲੀਵੁੱਡ ਅਦਾਕਾਰ ਦੇ ਘਰ ਐੱਨ. ਸੀ. ਬੀ. ਦੀ ਰੇਡ, ਹਿਰਾਸਤ ’ਚ ਲਿਆ ਡਰਾਇਵਰ
Monday, Nov 09, 2020 - 01:53 PM (IST)
ਜਲੰਧਰ (ਬਿਊਰੋ)– ਨਾਰਕੋਟਿਕਸ ਕੰਟਰੋਲ ਬਿਊਰੋ (ਐੱਨ. ਸੀ. ਬੀ.) ਨੇ ਬਾਲੀਵੁੱਡ ਅਦਾਕਾਰ ਅਰਜੁਨ ਰਾਮਪਾਲ ਦੇ ਮੁੰਬਈ ਸਥਿਤ ਘਰ ’ਤੇ ਛਾਪੇਮਾਰੀ ਕੀਤੀ ਹੈ। ਅਦਾਕਾਰ ਦੇ ਵੱਖ-ਵੱਖ ਟਿਕਾਣਿਆਂ ’ਤੇ ਐੱਨ. ਸੀ. ਬੀ. ਦੀ ਰੇਡ ਚੱਲ ਰਹੀ ਹੈ। ਐੱਨ. ਸੀ. ਬੀ. ਸੂਤਰਾਂ ਮੁਤਾਬਕ ਅਰਜੁਨ ਰਾਮਪਾਲ ਦੇ ਡਰਾਈਵਰ ਨੂੰ ਹਿਰਾਸਤ ’ਚ ਲੈ ਲਿਆ ਗਿਆ ਹੈ। ਅਸਲ ’ਚ ਬਾਲੀਵੁੱਡ ਡਰੱਗਸ ਰੈਕੇਟ ਦੇ ਮਾਮਲੇ ’ਚ ਐੱਨ. ਸੀ. ਬੀ. ਪਹਿਲਾਂ ਹੀ ਜਾਂਚ ਕਰ ਰਹੀ ਹੈ। ਅਰਜੁਨ ਰਾਮਪਾਲ ਦਾ ਨਾਂ ਵੀ ਇਸ ਮਾਮਲੇ ’ਚ ਸਾਹਮਣੇ ਆ ਚੁੱਕਾ ਹੈ।
ਫਿਰੋਜ਼ ਨਾਡੀਆਡਵਾਲਾ ਦੀ ਪਤਨੀ ਨੂੰ ਵੀ ਕੀਤਾ ਗ੍ਰਿਫਤਾਰ
ਇਕ ਦਿਨ ਪਹਿਲਾਂ ਐੱਨ. ਸੀ. ਬੀ. ਨੇ ਬਾਲੀਵੁੱਡ ਡਰੱਗਸ ਕੁਨੈਕਸ਼ਨ ਮਾਮਲੇ ’ਚ ਫਿਲਮ ਪ੍ਰੋਡਿਊਸਰ ਫਿਰੋਜ਼ ਨਾਡੀਆਡਵਾਲਾ ਦੀ ਪਤਨੀ ਨੂੰ ਗ੍ਰਿਫਤਾਰ ਕੀਤਾ ਸੀ। ਇਸ ਦੇ ਨਾਲ ਹੀ ਫਿਰੋਜ਼ ਨਾਡੀਆਡਵਾਲਾ ਨੂੰ ਐੱਨ. ਸੀ. ਬੀ. ਨੇ ਸੰਮਨ ਵੀ ਭੇਜਿਆ ਹੈ। ਇਸ ਤੋਂ ਪਹਿਲਾਂ ਛਾਪੇਮਾਰੀ ’ਚ ਐੱਨ. ਸੀ. ਬੀ. ਦੀ ਟੀਮ ਨੇ ਫਿਰੋਜ਼ ਦੇ ਘਰੋਂ ਡਰੱਗਸ ਬਰਾਮਦ ਕੀਤਾ ਸੀ।
ਜਾਣਕਾਰੀ ਮੁਤਾਬਕ ਫਿਰੋਜ਼ ਦੇ ਘਰ ’ਤੇ ਐੱਨ. ਸੀ. ਬੀ. ਨੇ ਸਰਚ ਆਪ੍ਰੇਸ਼ਨ ’ਚ 10 ਗ੍ਰਾਮ ਗਾਂਜਾ ਤੇ ਤਿੰਨ ਮੋਬਾਇਲ ਫੋਨ ਬਰਾਮਦ ਕੀਤੇ ਹਨ। ਐੱਨ. ਸੀ. ਬੀ. ਮੁੰਬਈ ਟੀਮ ਨੇ ਐੱਨ. ਸੀ. ਬੀ. ਦੇ ਜ਼ੋਨਲ ਡਾਇਰੈਕਟਰ ਸਮੀਰ ਬਾਨਖੇੜੇ ਦੀ ਅਗਵਾਈ ਹੇਠ ਮੁੰਬਈ ’ਚ 5 ਟਿਕਾਣਿਆਂ ’ਤੇ ਰੇਡ ਕੀਤੀ ਸੀ। 4-5 ਡਰੱਗਸ ਪੈਡਲਰਜ਼ ਸਪਲਾਇਰ ਹਿਰਾਸਤ ’ਚ ਲਏ ਗਏ ਹਨ। ਇਸ ਦੌਰਾਨ ਕਮਰਸ਼ੀਅਲ ਮਾਤਰਾ ’ਚ ਡਰੱਗਸ ਬਰਾਮਦ ਹੋਇਆ, ਜਿਸ ’ਚ ਚਰਸ-ਗਾਂਜਾ ਤੇ ਇਕ ਹੋਰ ਡਰੱਗ ਸ਼ਾਮਲ ਹੈ। ਨਾਲ ਹੀ ਨਗਦੀ ਤੇ ਗੱਡੀਆਂ ਵੀ ਬਰਾਮਦ ਕੀਤੀਆਂ ਗਈਆਂ ਹਨ।