ਫ਼ਿਲਮ ''ਬੀਬੀ ਰਜਨੀ'' ਦਾ ਗੀਤ ''ਨਗਰੀ ਨਗਰੀ'' ਬਣਿਆ ਲੋਕਾਂ ਦੀ ਪਹਿਲੀ ਪਸੰਦ
Wednesday, Aug 07, 2024 - 02:18 PM (IST)
 
            
            ਜਲੰਧਰ (ਬਿਊਰੋ) : ਪੰਜਾਬੀ ਸਿਨੇਮਾ ਦੀ ਆਉਣ ਵਾਲੀ ਅਤੇ ਬਿਹਤਰੀਨ ਫ਼ਿਲਮਾਂ 'ਚ ਅਪਣਾ ਸ਼ੁਮਾਰ ਕਰਵਾ ਰਹੀ ਪੰਜਾਬੀ ਫ਼ਿਲਮ 'ਬੀਬੀ ਰਜਨੀ' ਦਾ ਦਰਸ਼ਕਾਂ ਵੱਲੋਂ ਬੇਸਬਰੀ ਨਾਲ ਇੰਤਜ਼ਾਰ ਕੀਤਾ ਜਾ ਰਿਹਾ ਹੈ, ਜਿਸ ਦਾ ਨਵਾਂ ਗਾਣਾ 'ਨਗਰੀ ਨਗਰੀ' ਅੱਜ ਰਿਲੀਜ਼ ਹੋ ਗਿਆ ਹੈ। ਇਸ ਗੀਤ ਨੂੰ ਬਾ-ਕਮਾਲ ਗਾਇਕਾ ਜਯੋਤੀ ਨੂਰਾਂ ਵੱਲੋਂ ਅਵਾਜ਼ ਦਿੱਤੀ ਗਈ ਹੈ। ਫ਼ਿਲਮ ਦੇ ਇਸ ਗੀਤ ਨੂੰ ਲੋਕਾਂ ਵਲੋਂ ਭਰਵਾਂ ਹੁੰਗਾਰਾ ਮਿਲ ਰਿਹਾ ਹੈ। 'ਮੈਡ 4 ਫਿਲਮਜ਼' ਵੱਲੋਂ ਪੇਸ਼ ਕੀਤੀ ਜਾ ਰਹੀ ਇਹ ਧਾਰਮਿਕ ਫ਼ਿਲਮ ਇੰਨੀਂ ਦਿਨੀਂ ਫ਼ਿਲਮੀ ਗਲਿਆਰਿਆਂ 'ਚ ਕਾਫ਼ੀ ਖਿੱਚ ਅਤੇ ਸਲਾਹੁਤਾ ਦਾ ਕੇਂਦਰ ਬਿੰਦੂ ਬਣੀ ਹੋਈ ਹੈ, ਜਿਸ ਦਾ ਨਿਰਮਾਣ ਅਤੇ ਨਿਰਦੇਸ਼ਨ ਨੌਜਵਾਨ ਅਤੇ ਪ੍ਰਤਿਭਾਵਾਨ ਫਿਲਮਕਾਰ ਅਮਰ ਹੁੰਦਲ ਦੁਆਰਾ ਕੀਤਾ ਗਿਆ ਹੈ, ਜੋ ਅੱਜਕੱਲ੍ਹ ਪਾਲੀਵੁੱਡ ਦੇ ਮੋਹਰੀ ਕਤਾਰ ਨਿਰਦੇਸ਼ਕਾਂ 'ਚ ਅਪਣਾ ਸ਼ੁਮਾਰ ਕਰਵਾ ਰਹੇ ਹਨ।
ਇਹ ਖ਼ਬਰ ਵੀ ਪੜ੍ਹੋ - ਸਲਮਾਨ ਦਾ ਹੁਣ ਇਸ ਗਾਇਕ ਨਾਲ ਪਿਆ ਪੰਗਾ! ਚੇਤਾਵਨੀ ਦਿੰਦਿਆਂ ਕਿਹਾ- 'ਮੈਨੂੰ ਆਉਣਾ ਨਾ ਪਵੇ...'
ਆਗਾਮੀ 30 ਅਗਸਤ ਨੂੰ ਵਰਲਡ-ਵਾਈਡ ਰਿਲੀਜ਼ ਕੀਤੀ ਜਾ ਰਹੀ ਇਸ ਮਾਣਮੱਤੀ ਫ਼ਿਲਮ 'ਚ ਅਦਾਕਾਰਾ ਰੂਪੀ ਗਿੱਲ ਵੱਲੋਂ ਲੀਡ ਅਤੇ ਟਾਈਟਲ ਭੂਮਿਕਾ ਨਿਭਾਈ ਗਈ ਹੈ, ਜੋ ਇਸ ਇਤਿਹਾਸਕ ਫ਼ਿਲਮ ਦੁਆਰਾ ਪਹਿਲੀ ਵਾਰ ਆਫ-ਬੀਟ ਸਿਨੇਮਾ 'ਚ ਅਪਣੀ ਸ਼ਾਨਦਾਰ ਅਤੇ ਪ੍ਰਭਾਵੀ ਉਪ-ਸਥਿਤੀ ਦਾ ਇਜ਼ਹਾਰ ਦਰਸ਼ਕਾਂ ਨੂੰ ਕਰਵਾਉਣ ਜਾ ਰਹੀ ਹੈ, ਜਦਕਿ ਇਸ ਤੋਂ ਪਹਿਲਾਂ ਇਹ ਹੋਣਹਾਰ ਅਦਾਕਾਰਾ ਜ਼ਿਆਦਾਤਰ ਕਮਰਸ਼ਿਅਲ ਅਤੇ ਕਾਮੇਡੀ ਮਸਾਲਾ ਫ਼ਿਲਮਾਂ ਦਾ ਹਿੱਸਾ ਰਹੀ ਹੈ, ਜਿਸ ਦੀਆਂ ਹਾਲ ਹੀ 'ਚ ਸਾਹਮਣੇ ਆਈਆਂ ਫ਼ਿਲਮਾਂ 'ਚ ਗਿੱਪੀ ਗਰੇਵਾਲ ਅਤੇ ਸਰਗੁਣ ਮਹਿਤਾ ਸਟਾਰਰ 'ਜੱਟ ਨੂੰ ਚੁੜੈਲ ਟੱਕਰੀ' ਵੀ ਸ਼ਾਮਲ ਰਹੀ ਹੈ, ਜੋ ਟਿਕਟ ਖਿੜਕੀ 'ਤੇ ਕਾਫ਼ੀ ਕਾਰੋਬਾਰ ਕਰਨ 'ਚ ਵੀ ਸਫ਼ਲ ਰਹੀ ਹੈ।
ਉਥੇ ਹੀ ਇਸ ਬਹੁਤ ਚਰਚਿਤ ਫ਼ਿਲਮ ਦੇ ਰਿਲੀਜ਼ ਹੋਏ ਦਿਲ-ਟੁੰਬਵੇਂ ਅਤੇ ਪਿੰਕੀ ਧਾਲੀਵਾਲ ਵੱਲੋਂ ਪੇਸ਼ ਕੀਤੇ ਗਏ ਇਸ ਖੂਬਸੂਰਤ ਗੀਤ ਦੀ ਗੱਲ ਕੀਤੀ ਜਾਵੇ ਤਾਂ ਇਸ ਨੂੰ ਆਵਾਜ਼ ਨੂੰ ਜਯੋਤੀ ਨੂਰਾਂ ਵੱਲੋਂ ਦਿੱਤੀ ਗਈ ਹੈ, ਜਦ ਇਸ ਦਾ ਮਿਊਜ਼ਿਕ ਐਵੀ ਸਰਾਂ ਦੁਆਰਾ ਤਿਆਰ ਕੀਤਾ ਗਿਆ ਹੈ, ਜਿਨ੍ਹਾਂ ਵੱਲੋਂ ਮਨਮੋਹਕ ਸੰਗੀਤ ਨਾਲ ਸੰਵਾਰੇ ਗਏ ਇਸ ਗੀਤ ਦੇ ਬੋਲ ਅਤੇ ਕੰਪੋਜੀਸ਼ਨ ਦੀ ਸਿਰਜਣਾ ਹਰਮਨਜੀਤ ਸਿੰਘ ਨੇ ਕੀਤੀ ਹੈ, ਜਿਨ੍ਹਾਂ ਦੇ ਇਸ ਗਾਣੇ 'ਚ ਇੱਕ ਨਿਮਾਣੀ ਔਰਤ ਵੱਲੋਂ ਵਾਹਿਗੁਰੂ ਪ੍ਰਤੀ ਰੱਖੀ ਜਾਣ ਵਾਲੀ ਆਸਥਾ ਦਾ ਵਰਣਨ ਬੇਹੱਦ ਭਾਵਨਾਤਮਕਤਾ ਪੂਰਵਕ ਕੀਤਾ ਗਿਆ ਹੈ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

 
                     
                             
                             
                             
                             
                             
                             
                             
                             
                             
                             
                             
                             
                             
                             
                             
                             
                             
                             
                            