‘ਬਦਾਸ ਰਵੀਕੁਮਾਰ’ ’ਚ ਮੇਰਾ ਕਿਰਦਾਰ ਗਲੈਮਰਸ ਤੇ ‘ਹਿਸਾਬ ਬਰਾਬਰ’ ’ਚ ਪ੍ਰੋਫੈਸ਼ਨਲ : ਕੀਰਤੀ

Monday, Jan 20, 2025 - 05:12 PM (IST)

‘ਬਦਾਸ ਰਵੀਕੁਮਾਰ’ ’ਚ ਮੇਰਾ ਕਿਰਦਾਰ ਗਲੈਮਰਸ ਤੇ ‘ਹਿਸਾਬ ਬਰਾਬਰ’ ’ਚ ਪ੍ਰੋਫੈਸ਼ਨਲ : ਕੀਰਤੀ

ਬਾਲੀਵੁੱਡ ’ਚ ਆਪਣੀ ਦਮਦਾਰ ਅਦਾਕਾਰੀ ਅਤੇ ਮਹਿਲਾ ਕੇਂਦਰਿਤ ਕਹਾਣੀਆਂ ਨਾਲ ਪਛਾਣ ਬਣਾਉਣ ਵਾਲੀ ਅਦਾਕਾਰਾ ਕੀਰਤੀ ਕੁਲਹਾਰੀ ਇਨ੍ਹੀਂ ਦਿਨੀਂ ਆਪਣੇ ਆਉਣ ਵਾਲੇ ਪ੍ਰਾਜੈਕਟਾਂ ਨੂੰ ਲੈ ਕੇ ਸੁਰਖੀਆਂ ’ਚ ਹੈ। ਪਹਿਲਾ ਹੈ ‘ਹਿਸਾਬ ਬਰਾਬਰ’ ਅਤੇ ਦੂਜਾ ‘ਬਦਾਸ ਰਵੀਕੁਮਾਰ’ ਹੈ। ‘ਹਿਸਾਬ ਬਰਾਬਰ’ ਜੀ5 ’ਤੇ 24 ਜਨਵਰੀ ਨੂੰ ਰਿਲੀਜ਼ ਹੋ ਰਹੀ ਹੈ। ਜਦ ਕਿ ‘ਬਦਾਸ ਰਵੀਕੁਮਾਰ’ 7 ਫਰਵਰੀ ਨੂੰ ਸਿਨੇਮਾਘਰਾਂ ’ਚ ਰਿਲੀਜ਼ ਹੋਵੇਗੀ। ਕੀਰਤੀ ਕੁਲਹਾਰੀ ਨੇ ਦੋਵਾਂ ਪ੍ਰਾਜੈਕਟਾਂ ’ਚ ਆਪਣੇ ਕਿਰਦਾਰ ਬਾਰੇ ਪੰਜਾਬ ਕੇਸਰੀ/ਨਵੋਦਿਆ ਟਾਈਮਜ਼/ਜਗ ਬਾਣੀ/ਹਿੰਦ ਸਮਾਚਾਰ ਨਾਲ ਵਿਸ਼ੇਸ਼ ਗੱਲਬਾਤ ਕੀਤੀ। ਪੇਸ਼ ਹਨ ਗੱਲਬਾਤ ਦੇ ਮੁੱਖ ਅੰਸ਼ :

ਕੀਰਤੀ ਕੁਲਹਾਰੀ
ਤੁਹਾਨੂੰ ਇੰਡਸਟ੍ਰੀ ’ਚ 15 ਸਾਲ ਹੋ ਚੁੱਕੇ ਹਨ। ਤਜਰਬਾ ਕਿਵੇਂ ਰਿਹਾ ਹੈ? ਆਪਣੀ ਯਾਤਰਾ ਬਾਰੇ ਦੱਸੋ।

ਮੈਨੂੰ 15 ਸਾਲ ਹੋ ਗਏ, ਇਹ ਮੈਨੂੰ ਥੋੜ੍ਹਾ ਅਜੀਬ ਲੱਗਦਾ ਹੈ ਕਿਉਂਕਿ ਮੈਨੂੰ ਲੱਗਦਾ ਹੈ, ਜਿਵੇਂ ਮੈਂ ਹੁਣੇ-ਹੁਣੇ ਸ਼ੁਰੂਆਤ ਕੀਤੀ ਹੈ। ਹਰ ਸਾਲ ਕੁਝ ਨਵਾਂ ਹੁੰਦਾ ਹੈ। ਮੇਰੀ ਯਾਤਰਾ ਬਹੁਤ ਲੰਬੀ ਰਹੀ ਹੈ, ਉਤਰਾਅ-ਚੜ੍ਹਾਅ ਰਹੇ ਹਨ, ਜਿਵੇਂ ਸਾਡੀ ਸਾਰਿਆਂ ਦੀ ਹੁੰਦੀ ਹੈ। ਕੁਝ ਬਹੁਤ ਘੱਟ ਸਮੇਂ ਦੇ ਚੰਗੇ ਅਤੇ ਬਹੁਤ ਉੱਚੇ ਪਲ ਵੀ ਰਹੇ ਹਨ ਪਰ ਮੈਨੂੰ ਲਗਦਾ ਹੈ ਕਿ ਇਹੋ ਜ਼ਿੰਦਗੀ ਦਾ ਹਿੱਸਾ ਹੈ। ਜੋ ਪਿਆਰ ਮੈਨੂੰ ਐਕਟਿੰਗ ਨਾਲ 15 ਸਾਲ ਪਹਿਲਾਂ ਸੀ, ਉਹ ਅੱਜ ਵੀ ਹੈ ਅਤੇ ਮੈਨੂੰ ਲਗਦਾ ਹੈ ਕਿ ਇਹ ਸਭ ਤੋਂ ਅਹਿਮ ਗੱਲ ਹੈ, ਭਾਵੇਂ ਮੇਰੇ ਕਿੰਨੇ ਸਾਲ ਹੋਣ ਜਾਂ ਮੇਰਾ ਸਫ਼ਰ ਕਿੰਨਾ ਸੌਖਾ ਜਾਂ ਔਖਾ ਰਿਹਾ ਹੋਵੇ। ਮੈਂ ਕੁਝ ਨਵੀਂ ਸ਼ੁਰੂਆਤ ਕੀਤੀ ਹੈ, ਹੁਣ ਮੈਂ ਇਕ ਪ੍ਰੋਡਿਊਸਰ ਵੀ ਬਣ ਗਈ ਹਾਂ। ਇਸ ਲਈ ਮੇਰਾ ਸਫ਼ਰ ਹੁਣ ਥੋੜ੍ਹਾ ਹੋਰ ਵਧ ਗਿਆ ਹੈ ਪਰ ਕੁੱਲ ਮਿਲਾ ਕੇ ਇਹ ਬਹੁਤ ਤਸੱਲੀਬਖ਼ਸ਼ ਹੈ। ਮੈਂ ਨਿੱਜੀ ਅਤੇ ਪੇਸ਼ੇਵਰ ਜੀਵਨ ’ਚ ਬਹੁਤ ਕੁਝ ਸਿੱਖਿਆ ਹੈ ਅਤੇ ਮੈਨੂੰ ਲਗਦਾ ਹੈ ਕਿ ਜਿੱਥੇ ਮੈਂ ਹਾਂ, ਉਹ ਵੀ ਬਹੁਤ ਚੰਗਾ ਹੈ । 15 ਸਾਲਾਂ ਤੋਂ ਮੈਨੂੰ ਪੂਰਾ ਯਕੀਨ ਹੈ ਕਿ ਮੇਰੇ ਦਰਸ਼ਕ ਅੱਜ ਵੀ ਮੈਨੂੰ ਓਨਾ ਹੀ ਪਿਆਰ ਕਰਦੇ ਹਨ, ਜਿੰਨਾ ਉਹ ਪਹਿਲਾਂ ਕਰਦੇ ਸਨ।

ਆਪਣੇ ਨਵੇਂ ਪ੍ਰਾਜੈਕਟ ‘ਹਿਸਾਬ ਬਰਾਬਰ’ ਤੇ ‘ਬਦਾਸ ਰਵੀਕੁਮਾਰ’ ’ਚ ਆਪਣੇ ਕਿਰਦਾਰ ਬਾਰੇ ਦੱਸੋ?
‘ਹਿਸਾਬ ਬਰਾਬਰ’ ’ਚ ਆਰ. ਮਾਧਵਨ, ਨੀਲ ਨਿਤਿਨ ਮੁਕੇਸ਼ ਅਤੇ ਮੈਂ ਹਾਂ। ਇਹ ਇਕ ਬੈਂਕ ਸਕੈਮ ’ਤੇ ਆਧਾਰਿਤ ਕਾਮੇਡੀ ਫਿਲਮ ਹੈ। ਅਸੀਂ ਸਾਰੇ ਬੈਂਕ ਸਕੈਮ ਬਾਰੇ ਜਾਣਦੇ ਹਾਂ, ਭਾਵੇਂ ਅਸੀਂ ਉਸ ਦਾ ਸ਼ਿਕਾਰ ਨਹੀਂ ਹੋਏ ਹਾਂ। ਫਿਲਮ ’ਚ ਬਹੁਤ ਹੀ ਸਰਲ ਅਤੇ ਮਜ਼ੇਦਾਰ ਤਰੀਕੇ ਨਾਲ ਕੁਝ ਜ਼ਰੂਰੀ ਗੱਲਾਂ ਕਹੀਆਂ ਗਈਆਂ ਹਨ। ਇਸ ਵਿਚ ਮੇਰੇ ਕਿਰਦਾਰ ਦਾ ਨਾਂ ਹੈ ਪੀ. ਸੁਭਾਸ਼, ਜੋ ਦਿੱਲੀ ਦੀ ਇਕ ਪੁਲਸ ਅਫ਼ਸਰ ਹੈ। ਫਿਲਮ ’ਚ ਉਸਦੀ ਮੁਲਾਕਾਤ ਮਾਧਵਨ ਦੇ ਕਿਰਦਾਰ ਨਾਲ ਹੁੰਦੀ ਹੈ। ਉਸ ਦੀ ਇਕ ਬੈਕ ਸਟੋਰੀ ਵੀ ਹੈ, ਜੋ ਤੁਹਾਨੂੰ ਫਿਲਮ ਵਿਚ ਦੇਖਣ ਨੂੰ ਮਿਲੇਗੀ। ਪੀ. ਸੁਭਾਸ਼ ਇਕ ਬਹੁਤ ਹੀ ਸੰਤੁਲਿਤ ਕਿਰਦਾਰ ਹਨ। ਉਹ ਬਹੁਤ ਪ੍ਰੋਫੈਸ਼ਨਲ ਹਨ। ਉਹ ਬਹੁਤ ਸੰਵੇਦਨਸ਼ੀਲ ਅਤੇ ਭਾਵਨਾਤਮਕ ਤੌਰ ’ਤੇ ਪਰਿਪੱਕ ਹੈ। ‘ਬਦਾਸ ਰਵੀਕੁਮਾਰ’ ’ਚ ਮੇਰਾ ਕਿਰਦਾਰ ‘ਲੈਲਾ’ ਹੈ। ਇਹ ਬਿਲਕੁਲ ਵੱਖਰੀ ਕਿਸਮ ਦਾ ਕਿਰਦਾਰ ਹੈ। ਲੈਲਾ ਬਹੁਤ ਗਲੈਮਰਸ ਹੈ। ਉਹ ਇਕ ਮਰਦਾਨਾ ਦੁਨੀਆ ’ਚ ਆਪਣੀ ਜਗ੍ਹਾ ਬਣਾਉਂਦੀ ਹੈ ਅਤੇ ਹਰ ਕਿਸੇ ਨੂੰ ਆਪਣੇ ਤਰੀਕੇ ਨਾਲ ਚਲਾਉਂਦੀ ਹੈ। ਉਹ ਵੀ ਇਮੋਸ਼ਨਲ ਹੈ। ਮੈਨੂੰ ਇਹ ਕਿਰਦਾਰ ਨਿਭਾਉਣ ’ਚ ਬਹੁਤ ਮਜ਼ਾ ਆਇਆ।

ਲੈਲਾ ਅਤੇ ਪੀ. ਸੁਭਾਸ਼ ਦੇ ਕਿਰਦਾਰਾਂ ’ਚੋਂ ਤੁਸੀਂ ਕਿਸ ਨੂੰ ਆਪਣੇ ਨਾਲ ਸਬੰਧਤ ਸਮਝਦੇ ਹੋ?
ਰਿਲੇਟੇਬਿਲਟੀ ਦੇ ਹਿਸਾਬ ਨਾਲ ਪੀ. ਸੁਭਾਸ਼ ਜ਼ਿਆਦਾ ਨੇੜੇ ਹੈ। ਉਹ ਇਕ ਬਹੁਤ ਹੀ ਆਮ ਵਿਅਕਤੀ ਹਨ ਅਤੇ ਮੈਨੂੰ ਲੱਗਦਾ ਹੈ ਕਿ ਮੈਂ ਉਸ ਕਿਰਦਾਰ ਨੂੰ ਬਹੁਤ ਆਸਾਨੀ ਨਾਲ ਸਮਝ ਸਕਦੀ ਹਾਂ ਪਰ ਮੈਨੂੰ ਲੈਲਾ ਦਾ ਕਿਰਦਾਰ ਚੁਣੌਤੀਪੂਰਨ ਲੱਗਿਆ ਕਿਉਂਕਿ ਉਹ ਬਿਲਕੁਲ ਵੱਖਰੀ ਦੁਨੀਆ ਦਾ ਹਿੱਸਾ ਹੈ। ਮੈਨੂੰ ਉਹ ਕਿਰਦਾਰ ਨਿਭਾਉਣਾ ਪਸੰਦ ਹੈ, ਜੋ ਮੈਂ ਅਸਲ ਜ਼ਿੰਦਗੀ ’ਚ ਨਹੀਂ ਹਾਂ ਕਿਉਂਕਿ ਇਹ ਜ਼ਿਆਦਾ ਰੋਮਾਂਚਕ ਅਤੇ ਚੁਣੌਤੀਪੂਰਨ ਹੁੰਦਾ ਹੈ।

ਕਿਹੜੀ ਖ਼ਾਸ ਗੱਲ ਹੈ, ਜੋ ਤੁਹਾਨੂੰ ਲੈਲਾ ਦੇ ਕਿਰਦਾਰ ’ਚ ਸਭ ਤੋਂ ਜ਼ਿਆਦਾ ਪਸੰਦ ਆਈ?
ਸਭ ਤੋਂ ਵੱਧ ਜੋ ਪਸੰਦ ਆਇਆ, ਉਹ ਹੈ ਲੈਲਾ ਦਾ ਨਾਂ ਅਤੇ ਉਸਦੀ ਦੁਨੀਆ। ਉਹ ਮਰਦਾਂ ਦੀ ਦੁਨੀਆ ’ਚ ਇਕੱਲੀ ਕੁੜੀ ਦੇ ਰੂਪ ’ਚ ਖੇਡ ਰਹੀ ਹੈ ਅਤੇ ਉਹ ਸਾਰਿਆਂ ਨੂੰ ਆਪਣੇ ਤਰੀਕੇ ਨਾਲ ਘੁੰਮਾ ਰਹੀ ਹੈ। ਮੈਨੂੰ ਇਹ ਗੱਲ ਬਹੁਤ ਪਸੰਦ ਆਈ ਕਿ ਉਹ ਕਿਸੇ ਦੇ ਸਾਹਮਣੇ ਕਮਜ਼ੋਰ ਨਜ਼ਰ ਨਹੀਂ ਆਉਂਦੀ ਅਤੇ ਇਹ ਬਹੁਤ ਹੀ ਮਜ਼ਬੂਤ ਹੈ । ਇਸ ਦੇ ਨਾਲ ਹੀ ਉਸ ’ਚ ਇਕ ਇਮੋਸ਼ਨਲ ਟੱਚ ਵੀ ਹੈ।

ਲੈਲਾ ਦੇ ਕਿਰਦਾਰ ਲਈ ਤੁਸੀਂ ਕੀ ਤਿਆਰੀ ਕੀਤੀ ਸੀ?
ਮੈਂ ਬਹੁਤੀ ਤਿਆਰੀ ਨਹੀਂ ਕੀਤੀ ਸੀ ਕਿਉਂਕਿ ਇਹ ਫਿਲਮ 80 ਦੇ ਦਹਾਕੇ ਦੀ ਮਸਾਲਾ ਫਿਲਮ ਦੀ ਸ਼ੈਲੀ ’ਚ ਸੀ, ਇਸ ਲਈ ਸਾਨੂੰ ਉਸ ਤਰ੍ਹਾਂ ਦੀ ਫ਼ੀਲ ’ਚ ਆਉਣਾ ਸੀ। ਹਾਲਾਂਕਿ ਮੈਂ ਬਹੁਤ ਜਲਦੀ ਹੀ ਮਹਿਸੂਸ ਕੀਤਾ ਕਿ ਇਹ ਕਿਰਦਾਰ ਮੇਰੇ ਤੋਂ ਬਹੁਤ ਵੱਖਰਾ ਹੈ। ਮੈਨੂੰ ਸ਼ੁਰੂ ’ਚ ਥੋੜੀ ਦਿੱਕਤ ਹੋਈ ਪਰ ਫਿਰ ਤਿੰਨ-ਚਾਰ ਦਿਨਾਂ ’ਚ ਮੈਂ ਲੈਲਾ ਦੇ ਕਿਰਦਾਰ ਨੂੰ ਸਮਝ ਲਿਆ ਅਤੇ ਉਸ ਨੂੰ ਨਿਭਾਉਣਾ ਆਸਾਨ ਹੋ ਗਿਆ। ਇਹ ਇਕ ਵੱਖਰੀ ਕਿਸਮ ਦਾ ਤਜਰਬਾ ਸੀ ਅਤੇ ਮੈਨੂੰ ਬਹੁਤ ਕੁਝ ਸਿੱਖਣ ਨੂੰ ਮਿਲਿਆ।

ਹੁਣ ਤੁਸੀਂ ਖ਼ੁਦ ਪ੍ਰੋਡਿਊਸਰ ਵੀ ਬਣ ਗਏ ਹੋ। ਇਸ ਬਾਰੇ ਦੱਸੋ ਤੇ ਹੋਰ ਕਿਹੜੇ ਪ੍ਰਾਜੈਕਟ ਆ ਰਹੇ ਹਨ?
ਮੈਂ ਦੋ ਸਾਲ ਪਹਿਲਾਂ ਆਪਣਾ ਪ੍ਰੋਡਕਸ਼ਨ ਹਾਊਸ ਸ਼ੁਰੂ ਕੀਤਾ ਸੀ। ਇਸ ਦਾ ਮਕਸਦ ਇਹ ਸੀ ਕਿ ਮੈਂ ਸਿਨੇਮਾ ਦੀ ਦੁਨੀਆ ’ਚ ਜ਼ਿਆਦਾ ਕੰਟਰੋਲ ਚਾਹੁੰਦੀ ਸੀ। ਮੈਂ ਇਕ ਅਭਿਨੇਤਾ ਦੇ ਤੌਰ ’ਤੇ ਕੰਮ ਕਰਦੀ ਹਾਂ ਪਰ ਇਕ ਨਿਰਮਾਤਾ ਦੇ ਤੌਰ ’ਤੇ ਮੈਨੂੰ ਫਿਲਮ ਦੇ ਸ਼ੁਰੂ ਤੋਂ ਅੰਤ ਤੱਕ ਹਰ ਚੀਜ਼ ’ਤੇ ਨਜ਼ਰ ਰੱਖਣ ਦਾ ਮੌਕਾ ਮਿਲਦਾ ਹੈ। ਫਿਲਹਾਲ ਮੈਂ ਆਪਣੀ ਪਹਿਲੀ ਫਿਲਮ ਦੀ ਤਿਆਰੀ ਕਰ ਰਹੀ ਹਾਂ ਪਰ ਸਥਿਤੀ ਕੁਝ ਉਲਝਣ ਵਾਲੀ ਹੈ। ਫਿਰ ਵੀ, ਮੈਨੂੰ ਉਮੀਦ ਹੈ ਕਿ ਚੀਜ਼ਾਂ ਜਲਦੀ ਹੀ ਠੀਕ ਹੋ ਜਾਣਗੀਆਂ।


 


author

sunita

Content Editor

Related News