ਮੌਤ ਤੋਂ ਬਾਅਦ ਮੂਸੇਵਾਲਾ ਦੇ ਗਾਣੇ ਟਾਪ ’ਤੇ, ‘ਬਿਲਬੋਰਡ ਗਲੋਬਲ 200’ ’ਚ ਸ਼ਾਮਲ ਹੋਇਆ ਗਾਣਾ ‘295’

Sunday, Jun 19, 2022 - 11:59 AM (IST)

ਜਲੰਧਰ : ਗੈਂਗਸਟਰ ਲਾਰੈਂਸ ਬਿਸ਼ਨੋਈ ਕੋਲੋਂ ਸਿੱਧੂ ਮੂਸੇਵਾਲਾ ਦੀ ਹੱਤਿਆ ਸਬੰਧੀ ਪੁੱਛਗਿੱਛ ਵਿਚਕਾਰ ਸਵਰਗੀ ਸਿੰਗਰ-ਰੈਪਰ ਦੇ ਗਾਣੇ ‘295’ ਨੇ ‘ਬਿਲਬੋਰਡ ਗਲੋਬਲ 200’ ਚਾਰਟ ਵਿਚ ਜਗ੍ਹਾ ਬਣਾਈ ਹੈ। ਮੂਸੇਵਾਲਾ ਨੂੰ ਭਾਰਤ ’ਚ ‘ਸੋ ਹਾਈ’, ‘ਸੇਮ ਬੀਫ’, ‘ਦਿ ਲਾਸਟ ਰਾਈਡ’ ਤੇ ‘ਜਸਟ ਲਿਸਨ’ ਵਰਗੇ ਗਾਣਿਆਂ ਲਈ ਜਾਣਿਆ ਜਾਂਦਾ ਹੈ। ਬਿਲਬੋਰਡ ਗਲੋਬਲ 200 ਚਾਰਟ ’ਤੇ ਸਿੱਧੂ ਦੇ ‘295’ ਨੂੰ ਇਸ ਹਫਤੇ ਐਂਟਰੀ ਮਿਲੀ ਅਤੇ ਸ਼ੁੱਕਰਵਾਰ ਤੱਕ ਇਹ 154ਵੇਂ ਸਥਾਨ ’ਤੇ ਸੂਚੀਬੱਧ ਸੀ। ਦੱਸ ਦੇਈਏ ਕਿ ਮੂਸੇਵਾਲਾ ਪਹਿਲੇ ਅਜਿਹੇ ਪੰਜਾਬੀ ਕਲਾਕਾਰ ਹਨ, ਜਿਨ੍ਹਾਂ ਦੇ ਗਾਣੇ ਨੇ ਇਸ ਸੂਚੀ ਵਿਚ ਜਗ੍ਹਾ ਬਣਾਈ ਹੈ।

PunjabKesari
ਯੂ-ਟਿਊਬ ’ਤੇ 20 ਕਰੋੜ ਤੋਂ ਵੱਧ ਦਰਸ਼ਕ
ਯੂ-ਟਿਊਬ ’ਤੇ ‘295’ ਦੇ ਦਰਸ਼ਕਾਂ ਦੀ ਗਿਣਤੀ 200 ਮਿਲੀਅਨ (20 ਕਰੋੜ) ਦੇ ਨੇੜੇ ਪਹੁੰਚ ਗਈ ਹੈ ਅਤੇ ਟ੍ਰੈਕ ਆਪਣੇ ਚੋਟੀ ਦੇ 100 ਮਿਊਜ਼ਿਕ ਵੀਡੀਓ ਗਲੋਬਲ ਚਾਰਟ ’ਤੇ ਤੀਜੇ ਸਥਾਨ ’ਤੇ ਸੂਚੀਬੱਧ ਹੈ। ਯੂ-ਟਿਊਬ ਮਿਊਜ਼ਿਕ ’ਤੇ ‘295’ ਗਲੋਬਲ ਚਾਰਟ ’ਤੇ ਚੌਥੇ ਸਥਾਨ ’ਤੇ ਹੈ, ਜਦੋਂਕਿ ਉਹ ਮੰਚ ਦੀ ਚੋਟੀ ਦੀ ਕਲਾਕਾਰ ਸੂਚੀ ਵਿਚ ਦੂਜੇ ਨੰਬਰ ’ਤੇ ਹੈ। ਮੂਸੇਵਾਲਾ ਦਾ ਇਕ ਹੋਰ ਟ੍ਰੈਕ ‘ਦਿ ਲਾਸਟ ਰਾਈਡ’ ਚਾਰਟ ’ਤੇ ਉੱਪਰ ਵੱਲ ਵਧਿਆ ਹੈ। ਇਹ ਹੁਣ 6ਵੇਂ ਨੰਬਰ ’ਤੇ ਸੂਚੀਬੱਧ ਹੈ। ਇਸ ਵੀਡੀਓ ਨੂੰ ਯੂ-ਟਿਊਬ ’ਤੇ 73 ਮਿਲੀਅਨ ਤੋਂ ਵੱਧ ਵਾਰ ਵੇਖਿਆ ਜਾ ਚੁੱਕਾ ਹੈ।

PunjabKesari
29 ਮਈ ਨੂੰ ਹੋਈ ਸੀ ਹੱਤਿਆ
ਸੂਬਾ ਵਿਧਾਨ ਸਭਾ ਚੋਣਾਂ ਤੋਂ ਕੁਝ ਮਹੀਨੇ ਪਹਿਲਾਂ ਕਾਂਗਰਸ ਵਿਚ ਸ਼ਾਮਲ ਹੋਏ ਸਿੱਧੂ ਮੂਸੇਵਾਲਾ ਦੀ 29 ਮਈ ਨੂੰ ਮਾਨਸਾ ਜ਼ਿਲੇ ’ਚ ਅਣਪਛਾਤੇ ਹਮਲਾਵਰਾਂ ਨੇ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਸੀ।
ਉਨ੍ਹਾਂ ਦੀ ਹੱਤਿਆ ਨੇ ਭਾਰਤੀ ਫਿਲਮ ਤੇ ਸੰਗੀਤ ਭਾਈਚਾਰੇ ਨੂੰ ਝੰਜੋੜ ਕੇ ਰੱਖ ਦਿੱਤਾ ਸੀ ਅਤੇ ਕਈ ਭਾਰਤੀ ਕਲਾਕਾਰਾਂ ਨੇ ਸੋਸ਼ਲ ਮੀਡੀਆ ’ਤੇ ਮੂਸੇਵਾਲਾ ਨੂੰ ਸ਼ਰਧਾਂਜਲੀ ਦਿੱਤੀ ਸੀ। ਗਲੋਬਲ ਸੰਗੀਤ ਭਾਈਚਾਰੇ ’ਚੋਂ ਕੈਨੇਡਿਆਈ ਰੈਪਰ ਡ੍ਰੇਕ ਨੇ ਵੀ ਉਨ੍ਹਾਂ ਦੀ ਮੌਤ ’ਤੇ ਸੋਗ ਪ੍ਰਗਟ ਕੀਤਾ ਸੀ।

PunjabKesari
ਕਿਹੜੇ ਗਾਣੇ ਪਾ ਰਹੇ ਹਨ ਧੁੰਮਾਂ
ਇਸ ਸੂਚੀ ਵਿਚ ਸਿੰਗਰ ਕੇਟ ਬੁਸ਼ ਦੀ ‘ਰਨਿੰਗ ਅਪ ਦਿ ਹਿੱਲ (ਏ ਡੀਲ ਵਿਦ ਗੌਡ) ਟਾਪ ’ਤੇ ਹੈ। ਇਸ ਵਿਚ ਗਾਇਕਾਂ ਹੈਰੀ ਸਟਾਈਲਸ, ਬੈਡ ਬਨੀ, ਲਿਜ਼ੋ, ਕੈਮਿਲਾ ਕੈਬੇਲੋ, ਐਡ ਸ਼ੀਰਨ ਤੇ ਜਸਟਿਨ ਬੀਬਰ ਦੇ ਟ੍ਰੈਕ ਵੀ ਹਨ। ‘295’ ਅਤੇ ਇਸ ਦਾ ਅਧਿਕਾਰਤ ਵੀਡੀਓ, ਜਿਸ ਨੂੰ ਮੂਸੇਵਾਲਾ ਨੇ ਜੁਲਾਈ 2021 ’ਚ ਰਿਲੀਜ਼ ਕੀਤਾ ਸੀ, ਯੂ-ਟਿਊਬ ਅਤੇ ਇਸ ਦੇ ਮਿਊਜ਼ਿਕ ਸਟ੍ਰੀਮਿੰਗ ਯੂ-ਟਿਊਬ ਮਿਊਜ਼ਿਕ ’ਤੇ ਵੀ ਧੁੰਮਾਂ ਪਾ ਰਿਹਾ ਹੈ।


Aarti dhillon

Content Editor

Related News