1960 ’ਚ ਅੱਜ ਦੇ ਹੀ ਦਿਨ ਰਿਲੀਜ਼ ਹੋਈ ਸੀ ‘ਮੁਗਲ-ਏ-ਆਜ਼ਮ’
Saturday, Aug 05, 2023 - 11:25 AM (IST)
ਨਵੀਂ ਦਿੱਲੀ (ਇੰਟ)– 5 ਅਗਸਤ, 1960 ਨੂੰ ਭਾਰਤੀ ਸਿਨੇਮਾ ਨੂੰ ‘ਮੁਗਲ-ਏ-ਆਜ਼ਮ’ ਵਰਗੀ ਸਦਾਬਹਾਰ ਫ਼ਿਲਮ ਮਿਲੀ ਸੀ, ਜਿਸ ਦਾ ਨਿਰਦੇਸ਼ਨ ਕੇ. ਆਸਿਫ਼ ਨੇ ਕੀਤਾ ਸੀ। ਉਨ੍ਹਾਂ ਦਾ ਪੂਰਾ ਨਾਂ ਕਮਰੂਦੀਨ ਆਸਿਫ ਸੀ ਪਰ ਬਾਲੀਵੁੱਡ ’ਚ ਐਂਟਰੀ ਕਰਨ ਤੋਂ ਬਾਅਦ ਉਹ ਕੇ. ਆਸਿਫ਼ ਹੋ ਗਏ। ਉਨ੍ਹਾਂ ਨੇ ਆਪਣੇ ਫ਼ਿਲਮੀ ਕਰੀਅਰ ’ਚ 4 ਫ਼ਿਲਮਾਂ ਦਾ ਨਿਰਦੇਸ਼ਨ ਕੀਤਾ ਤੇ 3 ਫ਼ਿਲਮਾਂ ਦਾ ਨਿਰਮਾਣ ਕੀਤਾ। ਸਾਲ 1960 ’ਚ ਜਦੋਂ ਫ਼ਿਲਮ ‘ਮੁਗਲ-ਏ-ਆਜ਼ਮ’ ਆਈ ਤਾਂ ਉਨ੍ਹਾਂ ਨੂੰ ਦੇਸ਼ ਭਰ ’ਚ ਪਛਾਣ ਮਿਲੀ।
ਕਿਹਾ ਜਾਂਦਾ ਹੈ ਕਿ ਆਸਿਫ ਵਲੋਂ ਲਿਖੀ ਤੇ ਨਿਰਦੇਸ਼ਿਤ ਫ਼ਿਲਮ ‘ਮੁਗਲ-ਏ-ਆਜ਼ਮ’ ਉਸ ਸਮੇਂ (1960 ’ਚ) ਡੇਢ ਕਰੋੜ ਰੁਪਏ ਦੇ ਬਜਟ ਨਾਲ ਬਣੀ ਸੀ ਪਰ ਕੇ. ਆਸਿਫ਼ ਨੇ ਇਸ ਫ਼ਿਲਮ ਲਈ ਇਕ ਪੈਸਾ ਵੀ ਨਹੀਂ ਲਿਆ ਸੀ।
ਭਾਰਤੀ ਸਿਨੇਮਾ ’ਚ ਇਕ ਮੀਲ ਪੱਥਰ ਹੈ ‘ਮੁਗਲ-ਏ-ਆਜ਼ਮ’
‘ਮੁਗਲ-ਏ-ਆਜ਼ਮ’ ਹਿੰਦੀ ਸਿਨੇਮਾ ’ਚ ਮੀਲ ਪੱਥਰ ਦੇ ਰੂਪ ’ਚ ਪਛਾਣੀ ਗਈ। ਕੇ. ਆਸਿਫ਼ ਵਲੋਂ ਨਿਰਦੇਸ਼ਿਤ ਫ਼ਿਲਮ ਨੇ ਰਿਲੀਜ਼ ਹੋਣ ’ਤੇ ਐਵਾਰਡਾਂ ਦੀ ਝੜੀ ਲਗਾ ਦਿੱਤੀ ਤੇ ਲੱਖਾਂ ਲੋਕਾਂ ਦੇ ਦਿਲ ਜਿੱਤ ਲਏ। ਇਸ ਇਤਿਹਾਸਕ ਫ਼ਿਲਮ ਨੂੰ ਅੱਜ ਵੀ ਦੁਨੀਆ ਭਰ ’ਚ ਕਾਫੀ ਪਸੰਦ ਕੀਤਾ ਜਾ ਰਿਹਾ ਹੈ।
ਇਹ ਖ਼ਬਰ ਵੀ ਪੜ੍ਹੋ : ਯੂਟਿਊਬਰ ਐਲਵਿਸ਼ ਯਾਦਵ ਦੇ ਹੱਕ 'ਚ ਗੈਂਗਸਟਰ ਗੋਲਡੀ ਬਰਾੜ! ਸਲਮਾਨ ਖ਼ਾਨ ਨੂੰ ਮੁੜ ਦਿੱਤੀ ਜਾਨੋਂ ਮਾਰਨ ਦੀ ਧਮਕੀ
ਫੌਜ ਦੇ ਜਵਾਨਾਂ ਨਾਲ ਸ਼ੂਟ ਹੋਇਆ ਯੁੱਧ ਦਾ ਸੀਨ
ਫ਼ਿਲਮ ’ਚ ਸਲੀਮ ਤੇ ਅਕਬਰ ਵਿਚਕਾਰ ਲੜਾਈ ਦਾ ਸੀਨ ਭਾਰਤੀ ਫੌਜ ਦੀ 56 ਜੈਪੁਰ ਰੈਜੀਮੈਂਟ ਦੇ 2000 ਊਠ, 400 ਘੋੜਿਆਂ ਤੇ 8000 ਸਿਪਾਹੀਆਂ ਨਾਲ ਫ਼ਿਲਮਾਇਆ ਗਿਆ ਸੀ। ਇਹ ਸੀਨ ਭਾਰਤ ਦੇ ਰੱਖਿਆ ਮੰਤਰਾਲੇ ਦੀ ਵਿਸ਼ੇਸ਼ ਇਜਾਜ਼ਤ ਤੋਂ ਬਾਅਦ ਸ਼ੂਟ ਕੀਤਾ ਗਿਆ ਸੀ।
ਮਰਾਠਾ ਮੰਦਰ ’ਚ ਹੋਇਆ ਸੀ ਸ਼ਾਹੀ ਪ੍ਰੀਮੀਅਰ
‘ਮੁਗਲ-ਏ-ਆਜ਼ਮ’ 1946 ’ਚ ਸ਼ੁਰੂ ਹੋਈ ਤੇ 1960 ਤੱਕ ਮੁਕੰਮਲ ਹੋਈ। ਫ਼ਿਲਮ ਦੇ ਪ੍ਰੀਮੀਅਰ ’ਚ ਇੰਡਸਟਰੀ ਦੇ 1100 ਲੋਕ ਪਹੁੰਚੇ ਸਨ। ਫ਼ਿਲਮ ਦੀ ਰੀਲ ਨੂੰ ਹਾਥੀ ’ਤੇ ਬੈਠ ਕੇ ਪ੍ਰੀਮੀਅਰ ’ਚ ਲਿਆਂਦਾ ਗਿਆ। ਇਸ ਦੇ ਨਾਲ ਹੀ ਇਹ ਰੀਲ ਸ਼ਹਿਨਾਈ ਤੇ ਬਿਗੁੱਲ ਵਜਾਉਂਦੀ ਹੋਈ ਸ਼ਾਹੀ ਅੰਦਾਜ਼ ’ਚ ਮਰਾਠਾ ਮੰਦਰ ਪਹੁੰਚੀ।
ਵੱਡੇ ਗੁਲਾਮ ਅਲੀ ਖ਼ਾਨ ਨੇ 2 ਗੀਤਾਂ ਲਈ ਲਏ ਸਨ 50,000
ਜਦੋਂ ਵੱਡੇ-ਵੱਡੇ ਗਾਇਕਾਂ ਦੀ ਫੀਸ ਪ੍ਰਤੀ ਗੀਤ 500 ਤੋਂ 1000 ਰੁਪਏ ਹੁੰਦੀ ਸੀ, ਉਦੋਂ ਵੱਡੇ ਗੁਲਾਮ ਅਲੀ ਖ਼ਾਨ ਨੇ ਫ਼ਿਲਮ ‘ਮੁਗਲ-ਏ-ਆਜ਼ਮ’ ਦੇ 2 ਗੀਤਾਂ ਲਈ 50,000 ਰੁਪਏ ਲਏ ਸਨ। ਕੇ. ਆਸਿਫ ਇਸ ਫ਼ੈਸਲੇ ਨੂੰ ਲੈ ਕੇ ਸੰਗੀਤਕਾਰ ਨੌਸ਼ਾਦ ਵੀ ਡਰੇ ਹੋਏ ਸਨ ਪਰ ਕੁਝ ਨਹੀਂ ਕਹਿ ਸਕੇ ਕਿਉਂਕਿ ਨਿਰਦੇਸ਼ਕ ਦਾ ਫ਼ੈਸਲਾ ਅੰਤਿਮ ਫ਼ੈਸਲਾ ਸੀ।
ਕਰੋੜਾਂ ’ਚ ਬਣਿਆ ਸੀ ਫ਼ਿਲਮ ਦਾ ਸੈੱਟਅੱਪ
ਕੇ. ਆਸਿਫ ਦੇ ਕੁਸ਼ਲ ਨਿਰਦੇਸ਼ਨ ਹੇਠ ਬਣੀ ਫ਼ਿਲਮ ‘ਮੁਗਲ-ਏ-ਆਜ਼ਮ’ ਦੇ ਸੈੱਟਅੱਪ ’ਤੇ ਉਨ੍ਹਾਂ ਦਿਨਾਂ ’ਚ ਕਰੋੜਾਂ ਰੁਪਏ ਖ਼ਰਚ ਕੀਤੇ ਗਏ ਸਨ। ਦੱਸਿਆ ਜਾਂਦਾ ਹੈ ਕਿ ਵੱਡਾ ਬਜਟ ਖ਼ਰਚ ਕਰਨ ਕਾਰਨ ਡਾਇਰੈਕਟਰ ਦੀ ਆਰਥਿਕ ਹਾਲਤ ਖ਼ਰਾਬ ਹੋ ਗਈ ਸੀ, ਜਿਸ ਕਾਰਨ ਉਹ ਤਣਾਅ ’ਚ ਰਹਿਣ ਲੱਗ ਪਏ ਸੀ। ਉਨ੍ਹਾਂ ਨੂੰ ਆਪਣੀਆਂ ਲੋੜਾਂ ਪੂਰੀਆਂ ਕਰਨ ਲਈ ਲੋਕਾਂ ਤੋਂ ਕਰਜ਼ਾ ਵੀ ਮੰਗਣਾ ਪੈਂਦਾ ਸੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।