''ਬਾਜੀਰਾਵ ਮਸਤਾਨੀ'' ਦੇ ਇਤਿਹਾਸਕ ਵਿਵਾਦ ''ਤੇ ਬੋਲੇ ਬਾਬਾਸਾਹਿਬ ਪੁਰੰਦਾਰੇ
Sunday, Jan 10, 2016 - 05:54 PM (IST)

ਪੁਣੇ : ਸੰਜੇ ਲੀਲਾ ਭੰਸਾਲੀ ਦੀ ਫਿਲਮ ''ਬਾਜੀਰਾਵ ਮਸਤਾਨੀ'' ਵਿਚ ਤੱਥਾਂ ਨਾਲ ਛੇੜਛਾੜ ਨੂੰ ਲੈ ਕੇ ਜਾਰੀ ਵਿਵਾਦ ਦੌਰਾਨ ਮਰਾਠਿਆਂ ਦੇ ਅਧਿਐਨ ''ਤੇ ਚੰਗੀ ਪਕੜ ਰੱਖਣ ਵਾਲੇ ਬਜ਼ੁਰਗ ਇਤਿਹਾਸਕਾਰ ਬਾਬਾਸਾਹਿਬ ਪੁਰੰਦਾਰੇ ਦਾ ਕਹਿਣੈ ਕਿ ''ਪੇਸ਼ਵਿਆਂ'' ਨਾਲ ਜੁੜੇ ਲੱਖਾਂ ਦਸਤਾਵੇਜ਼ਾਂ ਨੂੰ ਪੜ੍ਹਿਆ ਜਾਣਾ ਅਤੇ ਉਨ੍ਹਾਂ ''ਤੇ ਖੋਜ ਕਰਨਾ ਅਜੇ ਵੀ ਬਾਕੀ ਹੈ।
ਉਨ੍ਹਾਂ ਕਿਹਾ ਕਿ ਪੁਣੇ ਦੇ ਰਿਕਾਰਡ ਰੂਮ ''ਚ ਪੇਸ਼ਵਿਆਂ ਦੇ ਸਮੇਂ ਦੇ ਲੱਖਾਂ ਤੋਂ ਵਧੇਰੇ ਦਸਤਾਵੇਜ਼ਾਂ ਦੇ ਲੱਗਭਗ 5 ਹਜ਼ਾਰ ਪੰਨੇ ਹੀ ਪਏ ਹਨ ਪਰ ਉਨ੍ਹਾਂ ਦਾ ਅਧਿਐਨ ਅਤੇ ਖੋਜ ਕਰਨ ''ਤੇ ਪੇਸ਼ਵਿਆਂ ਦੇ ਸ਼ਾਸਨਕਾਲ ਦੀ ਜ਼ਿੰਦਗੀ ਬਾਰੇ ਡੂੰਘੀ ਜਾਣਕਾਰੀ ਮਿਲ ਸਕਦੀ ਹੈ। ਜ਼ਿਕਰਯੋਗ ਹੈ ਕਿ ਮਹਾਰਾਸ਼ਟਰ ਦੀ ਸ਼ਿਵਸੈਨਾ-ਭਾਜਪਾ ਸਰਕਾਰ ਨੇ ਹੁਣੇ ਜਿਹੇ ਪੁਰੰਦਾਰੇ ਨੂੰ ਰਾਜ ਦੇ ਸਰਵੋਤਮ ਸਨਮਾਨ ''ਮਹਾਰਾਸ਼ਟਰ ਭੂਸ਼ਣ'' ਨਾਲ ਸਨਮਾਨਿਤ ਕੀਤਾ ਸੀ।
ਸਰਕਾਰ ਦੇ ਇਸ ਫੈਸਲੇ ਦਾ ਕੁਝ ਸਮੂਹਾਂ ਨੇ ਵਿਰੋਧ ਕੀਤਾ ਸੀ। ਪੁਰੰਦਾਰੇ ਨੇ ਮਰਾਠਾ ਸ਼ਾਸਕ ਛਤਰਪਤੀ ਸ਼ਿਵਾਜੀ ''ਤੇ ਕਈ ਕਿਤਾਬਾਂ ਲਿਖੀਆਂ ਹਨ। ਉਨ੍ਹਾਂ ਕਿਹਾ ਕਿ ਮਰਾਠਾ ਸ਼ਾਸਨ ''ਤੇ ਜ਼ਿਆਦਾਤਰ ਸਾਹਿਤ ਮਰਾਠੀ ਭਾਸ਼ਾ ''ਚ ਲਿਖਿਆ ਗਿਆ ਹੈ ਅਤੇ ਦੇਸ਼ ਦੀ ਗੈਰ-ਮਰਾਠੀ ਜਨਸੰਖਿਆ ਮਹਾਰਾਸ਼ਟਰ ਦੇ ਖੁਸ਼ਹਾਲ ਇਤਿਹਾਸ ਤੋਂ ਚੰਗੀ ਤਰ੍ਹਾਂ ਵਾਕਫ ਨਹੀਂ ਹੈ।
ਉਨ੍ਹਾਂ ਅੱਗੇ ਕਿਹਾ ਕਿ ਘੱਟੋ-ਘੱਟ ਕਿਸੇ ਨੇ ਹਿੰਦੀ ''ਚ ਬਾਜੀਰਾਵ ਪੇਸ਼ਵਾ ''ਤੇ ਫਿਲਮ ਬਣਾਉਣ ਬਾਰੇ ਸੋਚਿਆ ਤਾਂ ਸਹੀ ਅਤੇ ਫਿਲਮ ਲੈ ਕੇ ਵੀ ਆਏ। ਉਨ੍ਹਾਂ ਅਨੁਸਾਰ ਬ੍ਰਿਟਿਸ਼ਰ ਚਾਹੁੰਦੇ ਸਨ ਕਿ ਮਰਾਠਿਆਂ ਦਾ ਇਤਿਹਾਸ ਉੱਤਰ ਭਾਰਤ ''ਚ ਰਿਕਾਰਡ ਰੂਮ ਤੱਕ ਸੀਮਤ ਰਹੇ। ਇਸ ਲਈ ਕਿਸੇ ਤਰ੍ਹਾਂ ਦੀ ਖੋਜ ਨੂੰ ਬਲ ਨਹੀਂ ਦਿੱਤਾ ਗਿਆ। ਇਸ ਕਾਰਨ ਮਰਾਠਾ ਸਾਮਰਾਜ ਬਾਰੇ ਘੱਟ ਜਾਣਕਾਰੀ ਹੈ।