ਮੀਕਾ ਸਿੰਘ ਦਾ ਖ਼ੁਲਾਸਾ, ‘ਸਿੱਧੂ ਹੀ ਨਹੀਂ, ਹੋਰ ਬਹੁਤ ਸਾਰੇ ਗਾਇਕਾਂ ਨੂੰ ਮਿਲਦੀਆਂ ਨੇ ਧਮਕੀਆਂ’

Saturday, Jun 04, 2022 - 03:36 PM (IST)

ਮੀਕਾ ਸਿੰਘ ਦਾ ਖ਼ੁਲਾਸਾ, ‘ਸਿੱਧੂ ਹੀ ਨਹੀਂ, ਹੋਰ ਬਹੁਤ ਸਾਰੇ ਗਾਇਕਾਂ ਨੂੰ ਮਿਲਦੀਆਂ ਨੇ ਧਮਕੀਆਂ’

ਮੁੰਬਈ (ਬਿਊਰੋ)– ਪਿਛਲੇ ਦਿਨੀਂ ਹੋਏ ਸਿੱਧੂ ਮੂਸੇ ਵਾਲਾ ਦੇ ਕਤਲ ਨੇ ਪੂਰੀ ਪੰਜਾਬੀ ਤੇ ਬਾਲੀਵੁੱਡ ਇੰਡਸਟਰੀ ਨੂੰ ਹਿਲਾ ਕੇ ਰੱਖ ਦਿੱਤਾ ਹੈ। ਉਸ ਦੀ ਮੌਤ ਦੀ ਖ਼ਬਰ ਨੇ ਸਾਰਿਆਂ ਨੂੰ ਡੂੰਘਾ ਸਦਮਾ ਦਿੱਤਾ ਹੈ। 28 ਸਾਲਾ ਸਿੱਧੂ ਮੂਸੇ ਵਾਲਾ ਨੂੰ ਗੈਂਗਸਟਰਾਂ ਵਲੋਂ ਲਗਾਤਾਰ ਧਮਕਾਇਆ ਜਾ ਰਿਹਾ ਸੀ ਤੇ ਉਸ ਦੀ ਮੌਤ ਪਿੱਛੇ ਵੀ ਅਜਿਹੇ ਹੀ ਗੈਂਗਸਟਰਾਂ ਦਾ ਹੱਥ ਹੈ। ਸਿੱਧੂ ਦੇ ਕਤਲ ਤੋਂ ਬਾਅਦ ਪੰਜਾਬ ਦੇ ਬਾਕੀ ਨਾਮਵਰ ਗਾਇਕਾਂ ਨੂੰ ਵੀ ਗੈਂਗਸਟਰਾਂ ਵਲੋਂ ਧਮਕੀਆਂ ਮਿਲ ਰਹੀਆਂ ਹਨ।

ਪੰਜਾਬੀ ਤੇ ਬਾਲੀਵੁੱਡ ਇੰਡਸਟਰੀ ਦੇ ਮਸ਼ਹੂਰ ਗਾਇਕ ਮੀਕਾ ਸਿੰਘ ਦੀ ਸੁਰੱਖਿਆ ਵੀ ਵਧਾ ਦਿੱਤੀ ਗਈ ਹੈ। ਇਸ ਦੇ ਨਾਲ ਹੀ ਮੀਕਾ ਸਿੰਘ ਨੇ ਗੈਂਗਸਟਰਾਂ ਵਲੋਂ ਸਿਤਾਰਿਆਂ ਨੂੰ ਮਿਲਣ ਵਾਲੀਆਂ ਧਮਕੀਆਂ ਨੂੰ ਲੈ ਕੇ ਚਿੰਤਾ ਜਤਾਈ ਹੈ। ਮੀਕਾ ਸਿੰਘ ਨੇ ਪੰਜਾਬੀ ਗਾਇਕਾਂ ਨੂੰ ਮਿਲਣ ਵਾਲੀਆਂ ਧਮਕੀਆਂ ਦਾ ਖ਼ੁਲਾਸਾ ਕੀਤਾ ਹੈ।

ਇਹ ਖ਼ਬਰ ਵੀ ਪੜ੍ਹੋ : ਕੌਰ ਬੀ ਦੀ ਕਰਨ ਔਜਲਾ ਨੂੰ ਬੇਨਤੀ, ‘ਪੁੱਤ ਬਣ ਕੇ ਇਕ ਵਾਰ ਸਿੱਧੂ ਦੇ ਮਾਪਿਆਂ ਨੂੰ ਮਿਲਿਓ ਜ਼ਰੂਰ’

ਮੀਕਾ ਨੇ ਇਕ ਮੀਡੀਆ ਅਦਾਰੇ ਨੂੰ ਦਿੱਤੇ ਇੰਟਰਵਿਊ ’ਚ ਇਸ ਘਟਨਾ ਤੇ ਇਸ ਨਾਲ ਜੁੜੀਆਂ ਗੱਲਾਂ ਦਾ ਖ਼ੁਲਾਸਾ ਕਰਦਿਆਂ ਕਿਹਾ, ‘‘ਇਸ ਦੁਖੀ ਕਰਨ ਵਾਲੀ ਘਟਨਾ ਨਾਲ ਸਾਡੀ ਇੰਡਸਟਰੀ ਦਾ ਹਰ ਬੰਦਾ ਹੈਰਾਨ ਹੈ ਪਰ ਮੈਂ ਸਾਰਿਆਂ ਨੂੰ ਦੱਸਣਾ ਚਾਹੁੰਦਾ ਹਾਂ ਕਿ ਸਿਰਫ ਸਿੱਧੂ ਹੀ ਨਹੀਂ ਸੀ, ਜਿਸ ਨੂੰ ਧਮਕੀਆਂ ਮਿਲ ਰਹੀਆਂ ਸਨ, ਸਗੋਂ ਕਈ ਪੰਜਾਬੀ ਗਾਇਕਾਂ ਗਿੱਪੀ ਗਰੇਵਾਲ, ਮਨਕੀਰਤ ਔਲਖ ਵਰਗੇ ਸਿਤਾਰਿਆਂ ਨੂੰ ਧਮਕੀਆਂ ਮਿਲੀਆਂ ਹਨ। ਇਸ ਘਟਨਾ ਤੋਂ ਬਾਅਦ ਸਾਨੂੰ ਸਾਰਿਆਂ ਨੂੰ ਚੌਕੰਨੇ ਹੋਣ ਦੀ ਲੋੜ ਹੈ।’’

ਦੱਸ ਦੇਈਏ ਕਿ ਮੀਕਾ ਸਿੰਘ ਇਨ੍ਹੀਂ ਦਿਨੀਂ ਆਪਣੇ ਰਿਐਲਿਟੀ ਸ਼ੋਅ ‘ਮੀਕਾ ਦੀ ਵਹੁਟੀ’ ਕਾਰਨ ਕਾਫੀ ਸੁਰਖ਼ੀਆਂ ’ਚ ਹਨ। ਮੀਕਾ ਨੇ ਅੱਗੇ ਕਿਹਾ, ‘‘ਗੈਂਗਸਟਰ ਪੈਸਿਆਂ ਦੀ ਮੰਗ ਕਰਦੇ ਹਨ, ਜੋ ਪੈਸੇ ਦੇ ਦਿੰਦਾ ਹੈ, ਉਹ ਠੀਕ, ਨਹੀਂ ਤਾਂ ਦੂਜਿਆਂ ਨੂੰ ਉਹ ਇਸੇ ਤਰ੍ਹਾਂ ਚਿਤਾਵਨੀ ਦਿੰਦੇ ਹਨ। ਪੰਜਾਬ ’ਚ ਗਾਇਕਾਂ ਨੂੰ ਅਕਸਰ ਗੈਂਗਸਟਰਾਂ ਵਲੋਂ ਅਜਿਹੀਆਂ ਧਮਕੀਆਂ ਮਿਲਦੀਆਂ ਰਹਿੰਦੀਆਂ ਹਨ। ਬਹੁਤ ਸਾਰੇ ਗਾਇਕ ਇਸ ਤੋਂ ਪ੍ਰੇਸ਼ਾਨ ਹਨ। ਜਿਵੇਂ ਉਹ ਲੋਕ ਮਸ਼ਹੂਰ ਹੁੰਦੇ ਹਨ ਜਾਂ ਉਨ੍ਹਾਂ ਦੇ ਸ਼ੋਅ ਚੱਲਣੇ ਸ਼ੁਰੂ ਹੁੰਦੇ ਹਨ, ਉਵੇਂ ਹੀ ਉਨ੍ਹਾਂ ਨੂੰ ਧਮਕੀਆਂ ਮਿਲਣੀਆਂ ਸ਼ੁਰੂ ਹੋ ਜਾਂਦੀਆਂ ਹਨ।’’

ਨੋਟ- ਮੀਕਾ ਸਿੰਘ ਦੇ ਇਸ ਬਿਆਨ ’ਤੇ ਤੁਹਾਡੀ ਕੀ ਰਾਏ ਹੈ? ਕੁਮੈਂਟ ਕਰਕੇ ਦੱਸੋ।


author

Rahul Singh

Content Editor

Related News