ਭਾਈਜਾਨ ਦੀ ਰਾਮ ਮੰਦਰ ਵਾਲੀ ਘੜੀ ਨੇ ਛੇੜਿਆ ਵਿਵਾਦ, ਮੌਲਾਨਾ ਨੇ ਆਖ'ਤੀ ਵੱਡੀ ਗੱਲ
Friday, Mar 28, 2025 - 06:06 PM (IST)

ਐਂਟਰਟੇਨਮੈਂਟ ਡੈਸਕ- ਆਲ ਇੰਡੀਆ ਮੁਸਲਿਮ ਜਮਾਤ ਦੇ ਰਾਸ਼ਟਰੀ ਪ੍ਰਧਾਨ ਮੌਲਾਨਾ ਸ਼ਹਾਬੁਦੀਨ ਰਜ਼ਵੀ ਨੇ ਅਦਾਕਾਰ ਸਲਮਾਨ ਖਾਨ ਦੀ ਸ਼੍ਰੀ ਰਾਮ ਮੰਦਰ ਘੜੀ 'ਤੇ ਸਖ਼ਤ ਇਤਰਾਜ਼ ਜਤਾਇਆ ਹੈ। ਮੌਲਾਨਾ ਦੇ ਅਨੁਸਾਰ ਸ਼ਰੀਆ ਵਿੱਚ ਕਿਸੇ ਵੀ ਮੁਸਲਮਾਨ ਨੂੰ ਗੈਰ-ਮੁਸਲਮਾਨਾਂ ਦੇ ਧਾਰਮਿਕ ਚਿੰਨ੍ਹਾਂ, ਇਮਾਰਤਾਂ ਜਾਂ ਮੰਦਰਾਂ ਦਾ ਪ੍ਰਚਾਰ ਕਰਨ ਦੀ ਇਜਾਜ਼ਤ ਨਹੀਂ ਹੈ ਅਤੇ ਅਜਿਹਾ ਕਰਨਾ ਹਰਾਮ ਮੰਨਿਆ ਜਾਂਦਾ ਹੈ।
ਦਰਅਸਲ ਸਲਮਾਨ ਖਾਨ ਨੇ ਸੋਸ਼ਲ ਮੀਡੀਆ ਪਲੇਟਫਾਰਮ ਇੰਸਟਾਗ੍ਰਾਮ 'ਤੇ ਤਿੰਨ ਤਸਵੀਰਾਂ ਸਾਂਝੀਆਂ ਕੀਤੀਆਂ ਹਨ। ਇਸ ਦੌਰਾਨ ਸਲਮਾਨ ਨੇ ਆਪਣੇ ਹੱਥ 'ਤੇ ਇੱਕ ਖਾਸ ਘੜੀ ਪਾਈ ਹੋਈ ਹੈ, ਜਿਸ 'ਤੇ ਅਯੁੱਧਿਆ ਦੇ ਸ਼੍ਰੀ ਰਾਮ ਮੰਦਰ ਦੀ ਤਸਵੀਰ ਛਪੀ ਹੋਈ ਹੈ। ਸਲਮਾਨ ਨੇ ਕੈਪਸ਼ਨ ਵਿੱਚ ਲਿਖਿਆ, "ਈਦ 'ਤੇ ਸਿਨੇਮਾਘਰਾਂ ਵਿੱਚ ਮਿਲਦੇ ਹਾਂ।" ਹੁਣ ਆਲ ਇੰਡੀਆ ਮੁਸਲਿਮ ਜਮਾਤ ਦੇ ਰਾਸ਼ਟਰੀ ਪ੍ਰਧਾਨ ਮੌਲਾਨਾ ਸ਼ਹਾਬੁਦੀਨ ਰਜ਼ਵੀ ਨੇ ਇਸਨੂੰ ਪਾਪ ਸਮਾਨ ਦੱਸਿਆ ਹੈ।
ਵੀਡੀਓ ਜਾਰੀ ਕਰਦਿਆਂ ਉਨ੍ਹਾਂ ਕਿਹਾ ਕਿ ਮੈਂ ਇਸ ਮਾਮਲੇ ਨੂੰ ਸ਼ਰੀਆ ਦੇ ਨਜ਼ਰੀਏ ਤੋਂ ਸਪੱਸ਼ਟ ਕਰਨਾ ਚਾਹੁੰਦਾ ਹਾਂ। ਸਭ ਤੋਂ ਪਹਿਲਾਂ ਸਲਮਾਨ ਖਾਨ ਇੱਕ ਮਸ਼ਹੂਰ ਮੁਸਲਮਾਨ ਹੈ ਅਤੇ ਹਿੰਦੀ ਫਿਲਮਾਂ ਵਿੱਚ ਆਪਣੀ ਅਦਾਕਾਰੀ ਲਈ ਜਾਣੇ ਜਾਂਦੇ ਹਨ। ਉਨ੍ਹਾਂ ਦੇ ਲੱਖਾਂ ਪ੍ਰਸ਼ੰਸਕ ਹਨ। ਰਾਮ ਮੰਦਰ ਦਾ ਪ੍ਰਚਾਰ ਕਰਨ ਲਈ ਇੱਕ ਘੜੀ ਬਣਾਈ ਗਈ ਹੈ। ਸਲਮਾਨ ਖਾਨ ਪ੍ਰਮੋਸ਼ਨ ਲਈ ਉਹ ਘੜੀ ਪਹਿਨ ਰਹੇ ਹਨ। ਮੈਂ ਉਨ੍ਹਾਂ ਨੂੰ ਦੱਸਣਾ ਚਾਹੁੰਦਾ ਹਾਂ ਕਿ ਉਹ ਸਭ ਤੋਂ ਪਹਿਲਾਂ ਇੱਕ ਮੁਸਲਮਾਨ ਹੈ।
ਰਜ਼ਵੀ ਨੇ ਅੱਗੇ ਕਿਹਾ, "ਇਸਲਾਮੀ ਕਾਨੂੰਨ ਕਿਸੇ ਵੀ ਮੁਸਲਮਾਨ ਨੂੰ ਗੈਰ-ਮੁਸਲਮਾਨਾਂ ਦੇ ਧਾਰਮਿਕ ਚਿੰਨ੍ਹਾਂ, ਇਮਾਰਤਾਂ ਜਾਂ ਮੰਦਰਾਂ ਦਾ ਪ੍ਰਚਾਰ ਕਰਨ ਦੀ ਇਜਾਜ਼ਤ ਨਹੀਂ ਦਿੰਦਾ। ਜੇਕਰ ਕੋਈ ਮੁਸਲਮਾਨ ਅਜਿਹੇ ਪ੍ਰਚਾਰ ਵਿੱਚ ਸ਼ਾਮਲ ਹੁੰਦਾ ਹੈ- ਭਾਵੇਂ ਉਹ ਮੰਦਰ ਦਾ ਹੋਵੇ ਜਾਂ 'ਰਾਮ ਐਡੀਸ਼ਨ' ਘੜੀ ਪਹਿਨ ਕੇ, ਤਾਂ ਸ਼ਰੀਆ ਅਨੁਸਾਰ ਉਹ ਅਪਰਾਧ ਕਰ ਰਿਹਾ ਹੈ ਅਤੇ ਇਸਨੂੰ ਪਾਪ ਮੰਨਿਆ ਜਾਂਦਾ ਹੈ। ਇਹ ਕੰਮ ਹਰਾਮ ਹੈ ਅਤੇ ਉਨ੍ਹਾਂ ਨੂੰ ਇਸ ਤੋਂ ਬਚਣਾ ਚਾਹੀਦਾ ਹੈ। ਮੈਂ ਸਲਮਾਨ ਖਾਨ ਨੂੰ ਸਲਾਹ ਦੇਣਾ ਚਾਹੁੰਦਾ ਹਾਂ ਕਿ ਉਹ ਆਪਣੇ ਹੱਥਾਂ ਤੋਂ ਰਾਮ ਨਾਮ ਐਡੀਸ਼ਨ ਘੜੀ ਉਤਾਰ ਦੇਵੇ।" ਤੁਹਾਨੂੰ ਦੱਸ ਦੇਈਏ ਕਿ ਸਲਮਾਨ ਖਾਨ ਦੀ ਫਿਲਮ ਸਿਕੰਦਰ 30 ਮਾਰਚ ਨੂੰ ਈਦ 'ਤੇ ਸਿਨੇਮਾਘਰਾਂ ਵਿੱਚ ਰਿਲੀਜ਼ ਹੋ ਰਹੀ ਹੈ।