ਗਿੱਪੀ ਗਰੇਵਾਲ, ਬੀਨੂੰ ਢਿੱਲੋਂ ਤੇ ਕਰਮਜੀਤ ਅਨਮੋਲ ਹਾਸਿਆਂ ਨਾਲ ਕਰਨਗੇ ਲੋਟ ਪੋਟ

Thursday, Oct 19, 2023 - 10:56 AM (IST)

ਜਲੰਧਰ (ਲਖਨ ਪਾਲ) - ਪੰਜਾਬੀ ਫ਼ਿਲਮ 'ਮੌਜਾਂ ਹੀ ਮੌਜਾਂ' 20 ਅਕਤੂਬਰ ਨੂੰ ਰਿਲੀਜ਼ ਹੋਣ ਜਾ ਰਹੀ ਹੈ। ਇਸ ਫਿਲਮ 'ਚ ਗਿੱਪੀ ਗਰੇਵਾਲ, ਬੀਨੂੰ ਢਿੱਲੋਂ, ਕਰਮਜੀਤ ਅਨਮੋਲ, ਤਨੂੰ ਗਰੇਵਾਲ, ਹਸ਼ਨੀਨ ਚੌਹਾਨ, ਜਿੰਮੀ ਸ਼ਰਮਾ, ਯੋਗਰਾਜ ਸਿੰਘ, ਬੀ ਐਨ ਸ਼ਰਮਾ ਤੇ ਨਾਸਿਰ ਚਿਨਓਟੀ ਅਹਿਮ ਭੂਮਿਕਾ ਨਿਭਾ ਰਹੇ ਹਨ । ਫ਼ਿਲਮ ਨੂੰ ਸਮੀਪ ਕੰਗ ਨੇ ਡਾਇਰੈਕਟ ਕੀਤਾ ਹੈ। ਕਹਾਣੀ ਵੈਭਵ ਸੁਮਨ ਨੇ ਲਿਖੀ ਹੈ ਤੇ ਡਾਇਲਗ ਨਰੇਸ਼ ਕਥੂਰੀਆ ਨੇ ਲਿਖੇ ਹਨ। ਇਸ਼ਟ ਸਨਸ਼ਾਇਨ ਪ੍ਰੋਡਕਸ਼ਨ ਵੱਲੋਂ ਪੇਸ਼ ਕੀਤੀ ਜਾ ਰਹੀ ਇਸ ਫਿਲਮ ਦੇ ਨਿਰਮਾਤਾ ਅਮਰਦੀਪ ਗਰੇਵਾਲ ਹਨ । ਪ੍ਰਮੋਸ਼ਨ ਦੇ ਸਿਲਸਿਲੇ 'ਚ ਗਿੱਪੀ ਗਰੇਵਾਲ, ਬੀਨੂੰ ਢਿੱਲੋਂ ਤੇ ਕਰਮਜੀਤ ਅਨਮੋਲ ਨਾਲ ਸਾਡੀ ਐਂਕਰ ਨੇਹਾ ਮਨਹਾਸ ਨੇ ਖਾਸ ਗੱਲਬਾਤ ਕੀਤੀ। ਪੇਸ਼ ਹਨ ਇਸ ਗੱਲਬਾਤ ਦੇ ਅਹਿਮ ਅੰਸ਼ :  

ਸਵਾਲ : ਸਲਮਾਨ ਖਾਨ ਤੋਂ ਟਰੇਲਰ ਰਿਲੀਜ਼ ਕਰਵਾਉਣ ਦਾ ਸਬੱਬ ਕਿਵੇਂ ਬਣਿਆ ?
ਗਿੱਪੀ ਗਰੇਵਾਲ : ਸਾਡੀ ਇਸ ਫ਼ਿਲਮ ਦਾ ਟਰੇਲਰ ਸਲਮਾਨ ਖਾਨ ਨੇ ਰਿਲੀਜ਼ ਕੀਤਾ ਸੀ, ਸਾਡੇ ਪ੍ਰੋਡਿਊਸਰ ਅਮਰਦੀਪ ਗਰੇਵਾਲ ਦੇ ਵੀ ਸਲਮਾਨ ਖਾਨ ਦੋਸਤ ਹਨ। ਅਸੀਂ ਉਹਨਾਂ ਨੂੰ ਪੰਜਾਬੀ ਸਿਨੇਮਾ ਦੇ ਵਧ ਰਹੇ ਮਿਆਰ ਬਾਰੇ ਦੱਸਿਆ ਤੇ ਸਲਮਾਨ ਖਾਨ ਹੁਰਾਂ ਨੇ ਟਰੇਲਰ ਰਿਲੀਜ਼ ਕਰਨ ਲਈ ਖੁਦ ਆਏ, ਜਿਸ ਕਾਰਨ ਸਾਡੀ ਫ਼ਿਲਮ ਦੀ ਚਰਚਾ ਦੁਨੀਆਂ ਦੇ ਕੋਨੇ-ਕੋਨੇ ਤੱਕ ਹੋਣ ਲੱਗ ਗਈ ।

ਸਵਾਲ : ਆਫ ਸਕ੍ਰੀਨ ਤੁਹਾਡੀ ਯਾਰੀ ਕਿਵੇਂ ਦੀ ਹੈ ?
ਬੀਨੂੰ ਢਿੱਲੋਂ : ਅਸੀਂ ਸਾਰੇ ਹਮੇਸ਼ਾਂ ਮੌਜਾਂ 'ਚ ਹੀ ਰਹਿੰਦੇ ਹਾਂ ਤੇ ਸਾਡੀ ਇਕੇ-ਦੂਜੇ ਨਾਲ 25-25 ਸਾਲ ਦੀ ਯਾਰੀ ਹੈ। ਅਸੀਂ ਕਦੇ ਵੀ ਇਕੱਠੇ ਹੁੰਦੇ ਹਾਂ ਤਾਂ ਇਕ ਵੀ ਪਲ ਜਾਇਆ ਨਹੀਂ ਹੋਣ ਦਿੰਦੇ ।

ਸਵਾਲ : ਕੀ ਸ਼ੁਰੂਆਤ ਤੋਂ ਹੀ ਤੁਹਾਡਾ ਸੁਭਾਅ ਹਰੇਕ ਦੀ ਮਦਦ ਕਰਨ ਵਾਲਾ ਰਿਹਾ ?
ਕਰਮਜੀਤ : ਸ਼ੁਰੂਆਤ ਤੋਂ ਹੀ ਸਾਡਾ ਸੁਭਾਅ ਇੰਝ ਰਿਹਾ ਕਿ ਜੇਬ 'ਚ ਭਾਵੇਂ ਪੰਜੀ ਨਹੀਂ ਸੀ ਪਰ ਆਪਣੇ ਆਪ ਨੂੰ ਬਾਦਸ਼ਾਹ ਤੋਂ ਘੱਟ ਨਹੀਂ ਕਹਾਉਂਦੇ ਸੀ ਤੇ ਹੁਣ ਪਰਮਾਤਮਾ ਨੇ ਉਸੇ ਨੂੰ ਭਾਗ ਲਾਏ ਤੇ ਹਮੇਸ਼ਾ ਦੂਜਿਆਂ ਦੀ ਮਦਦ ਹੀ ਕੀਤੀ ਹੈ। ਮੈਂ ਅਕਸਰ ਹਰੇਕ ਵਿਅਕਤੀ ਕੋਲੋਂ ਕੁਝ ਨਾ ਕੁਝ ਸਿੱਖਦਾ ਰਹਿੰਦਾ ਹਾਂ ।  

ਸਵਾਲ : ਤੁਹਾਨੂੰ ਫ਼ਿਲਮ 'ਚ ਗੂੰਗੇ, ਬੋਲੇ ਤੇ ਅੰਨ੍ਹੇ ਦਾ ਕਿਰਦਾਰ ਮਿਲਿਆ, ਕੀ ਕਹੋਗੇ ਇਸ ਬਾਰੇ ?  
ਬੀਨੂੰ : ਗਿੱਪੀ ਨੂੰ ਤਾਂ ਕਿਰਦਾਰ ਹੀ ਇਸਦੇ ਮਤਲਬ ਦਾ ਮਿਲਿਆ ਹੈ ਇਹ ਅਸਲ ਜ਼ਿੰਦਗੀ ਵਿਚ ਵੀ ਕਿਸੇ ਦੀ ਨਹੀਂ ਸੁਣਦਾ। ਕਰਮਜੀਤ ਅਨਮੋਲ ਨੂੰ ਹਾਸੇ 'ਚ ਮਿਹਣਾ ਮਾਰਦੇ ਕਿਹਾ ਇਹ ਤਾਂ ਬੋਲਦਾ ਨਹੀਂ ਤੇ ਨਾ ਹੀ ਇਸ ਨੂੰ ਅਸੀਂ ਬੋਲਣ ਦਿੰਦੇ ਹਾਂ ।  

ਸਵਾਲ : ਪਰਮੋਸ਼ਨ ਦੌਰਾਨ ਤੁਸੀਂ ਦਿਵਿਆਂਗ ਬੱਚਿਆਂ ਨਾਲ ਸਮਾਂ ਬਤੀਤ ਕੀਤਾ, ਕਿਵੇਂ ਦਾ ਲੱਗਾ ?  
ਗਿੱਪੀ : ਉਹਨਾਂ ਨਾਲ ਮਿਲਕੇ ਦਿਲ ਇੰਨਾ ਖੁਸ਼ ਹੋਇਆ ਕਿ ਅਸੀਂ 10 ਮਿੰਟ ਲਈ ਜਾਣਾ ਸੀ ਪਰ 2-3 ਘੰਟੇ ਉਥੇ ਰਹੇ।  ਬੀਨੂੰ ਢਿੱਲੋਂ ਨੇ ਗੱਲ ਕਰਦਿਆਂ ਕਿਹਾ ਕਿ ਉਹਨਾਂ ਬੱਚਿਆਂ ਵਾਂਗ ਖ਼ੁਸ਼ ਅਸੀਂ ਜ਼ਿੰਦਗੀ 'ਚ ਕਦੇ ਕਿਸੇ ਨੂੰ ਨਹੀਂ ਦੇਖਿਆ। ਉਹ ਦਿਲੋਂ ਖੁਸ਼ ਹੁੰਦੇ ਨੇ ।  


ਸਵਾਲ : ਇਸ ਮੁਕਾਮ 'ਤੇ ਪਹੁੰਚ ਕੇ ਪੁਰਾਣਾ ਸਮਾਂ ਯਾਦ ਆਉਂਦਾ ਹੈ ?
ਬੀਨੂੰ : ਜਿਸਨੂੰ ਉਹ ਸਮਾਂ ਚੇਤੇ ਨਹੀਂ ਰਹਿੰਦਾ ਉਹ ਅੱਜ ਦੇ ਸਮੇਂ ਦਾ ਮਜਾ ਨਹੀਂ ਲੈ ਸਕਦਾ । ਸ਼ੁਰੂਆਤ 750 ਰੁਪਏ ਤੋਂ ਹੋਈ ਸੀ ਤੇ ਬਾਬੇ ਨੇ ਹਮੇਸ਼ਾਂ ਹੀ ਕਿਰਪਾ ਕੀਤੀ ਹੈ ।

ਕਰਮਜੀਤ : ਕਹਿੰਦੇ ਮਾੜੇ ਸਮੇਂ 'ਚ ਦਿਲ ਨਾ ਛੱਡੋ ਤੇ ਚੰਗੇ ਸਮੇਂ ਪੈਰ ਨਾ ਛੱਡੋ ਫਿਰ ਸਭ ਕੁਝ ਠੀਕ ਰਹਿੰਦਾ ।

ਸਵਾਲ : ਨਵਾਂ ਕੀ ਕੁਝ ਹੋਰ ਕਰਨਾ ਚਾਹੁੰਦੇ ਹੋ ?
ਗਿੱਪੀ : ਸਾਡੇ ਸਾਰਿਆਂ ਦਾ ਜ਼ੋਰ ਲੱਗਿਆ ਹੈ ਕਿ ਇੰਡਸਟਰੀ ਨੂੰ ਹੋਰ ਵੱਡਾ ਕੀਤਾ ਜਾਵੇ । ਅਲੱਗ-ਅਲੱਗ ਸਬਜੈਕਟ 'ਤੇ ਫ਼ਿਲਮਾਂ ਬਣ ਰਹੀਆਂ ਹਨ ਤੇ ਅਸੀਂ ਦਿਨ ਰਾਤ ਹੀ ਇਸੇ ਕੰਮ 'ਤੇ ਲੱਗੇ ਹੋਏ ਹਾਂ ਤਾਂ ਕਿ ਕੋਈ ਕਮੀ ਨਾ ਰਹਿ ਜਾਵੇ। ਖੁਸ਼ਨਸੀਬ ਹਾਂ ਕਿ ਅਸੀਂ 100 ਕਰੋੜ ਵਾਲੀ ਫ਼ਿਲਮ 'ਚ ਪਹਿਲੇ ਨੰਬਰ 'ਤੇ ਹਾਂ ।


 


sunita

Content Editor

Related News