ਜਨਮਦਿਨ ''ਤੇ ਮਨਕੀਰਤ ਔਲਖ ਨੇ ਫਿਰ ਦਿਖਾਇਆ ਵੱਡਾ ਦਿਲ, ਹੜ੍ਹ ਪੀੜਤਾਂ ਨੂੰ ਦਿੱਤੇ 21 ਟਰੈਕਟਰ
Thursday, Oct 02, 2025 - 12:45 PM (IST)

ਐਂਟਰਟੇਨਮੈਂਟ ਡੈਸਕ- ਪੰਜਾਬੀ ਗਾਇਕ ਮਨਕੀਰਤ ਔਲਖ ਆਪਣੇ ਜਨਮਦਿਨ ਮੌਕੇ ਇੱਕ ਵਾਰ ਫਿਰ ਵੱਡਾ ਦਿਲ ਦਿਖਾਉਂਦੇ ਹੋਏ ਹੜ੍ਹ ਪੀੜਤਾਂ ਦੀ ਮਦਦ ਲਈ ਅੱਗੇ ਆਏ ਹਨ। ਉਨ੍ਹਾਂ ਨੇ ਇਤਿਹਾਸਿਕ ਧਰਤੀ ਸੁਲਤਾਨਪੁਰ ਲੋਧੀ ਵਿਖੇ ਹੜ੍ਹ ਪੀੜਤਾਂ ਨੂੰ 21 ਸੋਨਾਲੀਕਾ ਟਰੈਕਟਰ ਦਾਨ ਕੀਤੇ ਹਨ। ਇਹ ਟਰੈਕਟਰ ਇਤਿਹਾਸਿਕ ਗੁਰਦੁਆਰਾ ਹੱਟ ਸਾਹਿਬ ਦੇ ਬਾਹਰ ਲਾਈਨ ਵਿੱਚ ਖੜ੍ਹੇ ਕੀਤੇ ਗਏ, ਜਿੱਥੇ ਗੁਰੂ ਨਾਨਕ ਦੇਵ ਜੀ ਨੇ 'ਤੇਰਾ-ਤੇਰਾ' ਤੋਲਿਆ ਸੀ।
ਮਨਕੀਰਤ ਔਲਖ ਨੇ ਲੋਕਾਂ ਨਾਲ 100 ਟਰੈਕਟਰਾਂ ਦੀ ਸੇਵਾ ਕਰਨ ਦਾ ਵਾਅਦਾ ਕੀਤਾ ਸੀ ਅਤੇ ਉਹ ਇਸ ਵਾਅਦੇ ਨੂੰ ਲਗਾਤਾਰ ਪੂਰਾ ਕਰ ਰਹੇ ਹਨ। ਅੱਜ ਆਪਣੇ ਜਨਮਦਿਨ 'ਤੇ 21 ਟਰੈਕਟਰਾਂ ਦੀ ਸੇਵਾ ਕਰਕੇ ਉਨ੍ਹਾਂ ਨੇ ਇਸ ਨੇਕ ਕੰਮ ਨੂੰ ਜਾਰੀ ਰੱਖਿਆ ਹੈ। ਕੁਝ ਹੀ ਸਮੇਂ ਵਿੱਚ ਮਨਕੀਰਤ ਔਲਖ ਖ਼ੁਦ ਸੁਲਤਾਨਪੁਰ ਲੋਧੀ ਪਹੁੰਚ ਕੇ ਇਹ ਟਰੈਕਟਰ ਲੋੜਵੰਦਾਂ ਨੂੰ ਸੌਂਪਣਗੇ। ਹਰ ਟਰੈਕਟਰ 'ਤੇ 'ਟੀਮ ਮਨਕੀਰਤ ਔਲਖ' ਲਿਖਿਆ ਹੋਇਆ ਦੇਖਿਆ ਜਾ ਸਕਦਾ ਹੈ।
ਇਹ ਪਹਿਲੀ ਵਾਰ ਨਹੀਂ ਹੈ ਜਦੋਂ ਮਨਕੀਰਤ ਔਲਖ ਨੇ ਲੋੜਵੰਦਾਂ ਦੀ ਮਦਦ ਕੀਤੀ ਹੈ। ਇਸ ਤੋਂ ਪਹਿਲਾਂ ਵੀ ਉਹ 20 ਟਰੈਕਟਰਾਂ ਦੀ ਸੇਵਾ ਕਰ ਚੁੱਕੇ ਹਨ। ਇੰਨਾ ਹੀ ਨਹੀਂ ਉਨ੍ਹਾਂ ਨੇ ਮਾਨਸਾ ਜ਼ਿਲ੍ਹੇ ਵਿੱਚ ਹੜ੍ਹਾਂ ਕਾਰਨ ਘਰ ਢਹਿ ਜਾਣ 'ਤੇ ਇੱਕ ਕਬੱਡੀ ਖਿਡਾਰਨ ਦੇ ਘਰ ਦੀ ਉਸਾਰੀ ਲਈ ਆਰਥਿਕ ਮਦਦ ਵੀ ਕੀਤੀ ਸੀ।
ਮਨਕੀਰਤ ਔਲਖ ਦਾ ਇਹ ਕਦਮ ਪੰਜਾਬੀਆਂ ਦੇ ਸੇਵਾ ਭਾਵ ਦੀ ਇੱਕ ਵਿਲੱਖਣ ਤਸਵੀਰ ਪੇਸ਼ ਕਰਦਾ ਹੈ, ਜਿੱਥੇ ਸੰਕਟ ਦੇ ਸਮੇਂ ਹਰ ਕੋਈ ਇੱਕ-ਦੂਜੇ ਦੀ ਮਦਦ ਲਈ ਡਟ ਕੇ ਖੜ੍ਹਾ ਹੁੰਦਾ ਹੈ।