''ਦਿਲ ਬੇਚਾਰਾ'' ਦੀ ਅਦਾਕਾਰਾ ਨੂੰ ਜਬਰ-ਜ਼ਿਨਾਹ ਤੇ ਜਾਨੋਂ ਮਾਰਨ ਦੀਆਂ ਧਮਕੀਆਂ ਦੇਣਾ ਵਾਲਾ ਗ੍ਰਿਫ਼ਤਾਰ
Saturday, Jul 18, 2020 - 01:22 PM (IST)
ਮੁੰਬਈ (ਬਿਊਰੋ) — ਬਾਲੀਵੁੱਡ ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਦੀ ਆਖ਼ਰੀ ਫ਼ਿਲਮ 'ਦਿਲ ਬੇਚਾਰਾ' ਦੀ ਸਵਾਸਤੀਕਾ ਮੁਖਰਜੀ ਨੂੰ ਸੋਸ਼ਲ ਮੀਡੀਆ 'ਤੇ ਐਸਿਡ ਅਟੈਕ ਅਤੇ ਜ਼ਬਰ-ਜਿਨਾਹ ਦੀਆਂ ਧਮਕੀਆਂ ਮਿਲ ਰਹੀਆਂ ਹਨ। ਅਦਾਕਾਰਾ ਸਵਾਸਤੀਕਾ ਨੇ ਇਸ ਹਰਕਤ ਲਈ ਆਵਾਜ਼ ਉਠਾਈ ਹੈ। ਆਪਣੀ ਇੰਸਟਾਗ੍ਰਾਮ ਪੋਸਟ ਦੇ ਜ਼ਰੀਏ ਉਸ ਨੇ ਦੱਸਿਆ ਕਿ ਸੁਸ਼ਾਂਤ ਸਿੰਘ ਰਾਜਪੂਤ ਦੀ ਖ਼ੁਦਕੁਸ਼ੀ ਨਾਲ ਜੁੜੇ ਮਾਮਲੇ 'ਚ ਮੇਰੇ ਖਿਲਾਫ਼ ਝੂਠੀਆਂ ਖ਼ਬਰਾਂ ਕਾਰਨ ਲੋਕ ਮੈਨੂੰ ਜਾਨੋਂ ਮਾਰਨ ਅਤੇ ਰੇਪ ਦੀਆਂ ਧਮਕੀਆਂ ਦੇ ਰਹੇ ਹਨ। ਉਸ ਨੇ ਇਸ ਦੇ ਸਕ੍ਰੀਨ ਸ਼ਾਟ ਵੀ ਸਾਂਝਾ ਕੀਤੇ ਹਨ।
ਸਵਾਸਤੀਕਾ ਮੁਖਰਜੀ ਨੇ ਲਿਖਿਆ, 'ਕਿ ਮੇਰੀ ਆਉਣ ਵਾਲੀ ਫ਼ਿਲਮ 'ਦਿਲ ਬੇਚਾਰਾ' ਦੇ ਕੋ-ਸਟਾਰ ਸੁਸ਼ਾਂਤ ਸਿੰਘ ਰਾਜਪੂਤ ਦੀ ਖ਼ੁਦਕੁਸ਼ੀ ਤੋਂ ਬਾਅਦ ਇੱਕ ਝੂਠੀ ਰਿਪੋਰਟ ਨੇ ਮੇਰੇ ਹਵਾਲੇ ਤੋਂ ਕਿਹਾ ਕਿ ਹੁਣ ਖ਼ੁਦਕੁਸ਼ੀ ਕਰਨਾ ਫੈਸ਼ਨ ਬਣ ਗਿਆ ਹੈ, ਇਸ ਤੋਂ ਬਾਅਦ ਹੀ ਮੈਨੂੰ ਜਾਨੋਂ ਮਾਰਨ ਦੀਆਂ ਅਤੇ ਰੇਪ ਕਰਨ ਦੀਆਂ ਆਨਲਾਈਨ ਧਮਕੀਆਂ ਆਉਣ ਲੱਗੀਆਂ।
ਸਵਾਸਤੀਕਾ ਮੁਤਾਬਕ ਉਸ ਖਿਲਾਫ ਝੂਠੀ ਖ਼ਬਰ ਲਿਖਣ ਵਾਲੇ ਵਿਅਕਤੀ ਨੂੰ ਕੋਲਕਾਤਾ ਸਾਈਬਰ ਕ੍ਰਾਈਮ ਵਿਭਾਗ ਨੇ ਗ੍ਰਿਫਤਾਰ ਕਰ ਲਿਆ ਹੈ। ਸਵਸਥਿਕਾ ਮੁਖਰਜੀ ਨੇ ਅੱਗੇ ਲਿਖਿਆ, 'ਜਾਅਲੀ/ਝੂਠੀਆਂ ਖ਼ਬਰਾਂ ਦੇ ਅਧਾਰ 'ਤੇ, ਜਿਸ ਵਿਅਕਤੀ ਨੇ ਮੈਨੂੰ ਐਸਿਡ ਹਮਲੇ ਅਤੇ ਰੇਪ ਦੀ ਧਮਕੀ ਦਿੱਤੀ ਉਸ ਨੂੰ ਵੀ ਗ੍ਰਿਫਤਾਰ ਕਰ ਲਿਆ ਗਿਆ ਹੈ।'