ਮਾਧੁਰੀ ਦੇ ਪੁੱਤਰ ਨੇ ਪੂਰੀ ਕੀਤੀ ਗ੍ਰੈਜੂਏਸ਼ਨ, ਅਦਾਕਾਰਾ ਨੇ ਕਿਹਾ ''ਅੱਜ ਮੈਂ ਬਹੁਤ ਮਾਣ ਮਹਿਸੂਸ ਕਰ ਰਹੀ ਹਾਂ''
Monday, May 31, 2021 - 12:33 PM (IST)
ਮੁੰਬਈ (ਬਿਊਰੋ) - ਬਾਲੀਵੁੱਡ ਅਦਾਕਾਰਾ ਮਾਧੁਰੀ ਦੀਕਸ਼ਿਤ ਸੋਸ਼ਲ ਮੀਡੀਆ 'ਤੇ ਕਾਫ਼ੀ ਸਰਗਰਮ ਰਹਿੰਦੀ ਹੈ। ਮਾਧੁਰੀ ਅਕਸਰ ਆਪਣੇ ਪ੍ਰਸ਼ੰਸਕਾਂ ਨਾਲ ਕੁਝ ਨਾ ਕੁਝ ਪੋਸਟਾਂ ਰਾਹੀਂ ਸ਼ੇਅਰ ਕਰਦੀ ਰਹਿੰਦੀ ਹੈ। ਹਾਲ ਹੀ 'ਚ ਮਾਧੁਰੀ ਦੀਕਸ਼ਿਤ ਨੇ ਪ੍ਰਸ਼ੰਸਕਾਂ ਨੂੰ ਦੱਸਿਆ ਹੈ ਕਿ ਉਨ੍ਹਾਂ ਦੇ ਬੇਟੇ ਨੇ ਅਜਿਹਾ ਕੁੱਝ ਕੀਤਾ ਹੈ ਜਿਸ ਨਾਲ ਉਹ ਬਹੁਤ ਮਾਣ ਮਹਿਸੂਸ ਕਰ ਰਹੀ ਹੈ। ਮਾਧੁਰੀ ਨੇ ਦੱਸਿਆ ਕਿ ਉਸ ਦਾ ਬੇਟਾ ਆਰਿਨ ਹੁਣ ਗਰੈਜੂਏਟ ਹੋ ਗਿਆ ਹੈ, ਜਿਸ ਕਾਰਨ ਅਦਾਕਾਰਾ ਬਹੁਤ ਖ਼ੁਸ਼ ਹੈ।
ਮਾਧੁਰੀ ਦੀਕਸ਼ਿਤ ਨੇ ਹਾਲ ਹੀ 'ਚ ਆਪਣੇ ਟਵਿੱਟਰ ਅਕਾਊਂਟ ਰਾਹੀਂ ਇੱਕ ਤਸਵੀਰ ਸਾਂਝੀ ਕੀਤੀ ਹੈ। ਇਸ ਤਸਵੀਰ 'ਚ ਮਾਧੁਰੀ ਦਾ ਪੂਰਾ ਪਰਿਵਾਰ ਇਕੱਠੇ ਖੜ੍ਹੇ ਦਿਖਾਈ ਦੇ ਰਿਹਾ ਹੈ। ਤਸਵੀਰ 'ਚ ਮਾਧੁਰੀ ਅਤੇ ਉਸ ਦਾ ਪਰਿਵਾਰ ਬਹੁਤ ਖ਼ੁਸ਼ ਨਜ਼ਰ ਆ ਰਹੇ ਹਨ। ਤਸਵੀਰ ਨੂੰ ਸਾਂਝਾ ਕਰਦੇ ਹੋਏ ਮਾਧੁਰੀ ਨੇ ਕੈਪਸ਼ਨ 'ਚ ਲਿਖਿਆ, ''ਇਹ ਮੇਰੇ ਅਤੇ ਰਾਮ ਲਈ ਇੱਕ ਮਾਣ ਵਾਲਾ ਪਲ ਹੈ। ਆਰਿਨ ਨੇ ਸ਼ਾਨਦਾਰ ਪ੍ਰਦਰਸ਼ਨ ਨਾਲ ਹਾਈ ਸਕੂਲ ਤੋਂ ਗ੍ਰੈਜੂਏਸ਼ਨ ਕੀਤੀ ਹੈ। ਆਰਿਨ ਤੇ ਉਸ ਦੀ ਪੂਰੀ ਗਰੈਜੂਏਟ ਕਲਾਸ ਨੂੰ ਸ਼ੁੱਭਕਾਮਨਾਵਾਂ।'
ਅੱਗੇ ਉਨ੍ਹਾਂ ਨੇ ਹੋਰਨਾਂ ਵਿਦਿਆਰਥੀਆਂ ਦੀ ਪ੍ਰਸ਼ੰਸਾ ਕਰਦਿਆਂ ਲਿਖਿਆ, "ਅਸੀਂ ਜਾਣਦੇ ਹਾਂ ਕਿ ਬੱਚਿਆਂ ਲਈ ਇਹ ਸਾਲ ਕਿੰਨਾ ਭਾਰੀ ਰਿਹਾ ਪਰ ਅਜਿਹੇ ਸਮੇਂ, ਤੁਹਾਡੀ ਤਾਕਤ, ਸਖ਼ਤ ਮਿਹਨਤ, ਸਮਰਪਣ ਅਤੇ ਇਕਾਗਰਤਾ ਪ੍ਰਸ਼ੰਸਾ ਦੇ ਯੋਗ ਹੈ। ਤੁਸੀਂ ਇਸ ਮਾੜੇ ਵਾਤਾਵਰਨ ਤੋਂ ਉੱਪਰ ਉੱਠ ਕੇ ਕਾਮਯਾਬ ਹੋਏ।" ਇਸ ਤੋਂ ਇਲਾਵਾ ਉਨ੍ਹਾਂ ਨੇ ਇੰਸਟਾਗ੍ਰਾਮ 'ਤੇ ਵੀਡੀਓ ਸ਼ੇਅਰ ਕੀਤੀ ਅਤੇ ਆਪਣੇ ਬੇਟੇ ਨੂੰ ਵਧਾਈ ਦਿੱਤੀ।
ਦੱਸਣਯੋਗ ਹੈ ਕਿ ਕੋਰੋਨਾ ਦੌਰਾਨ ਵਿਦਿਆਰਥੀਆਂ ਦੀ ਪੜ੍ਹਾਈ ਦਾ ਵੱਡਾ ਨੁਕਸਾਨ ਹੋਇਆ ਹੈ। ਬਹੁਤ ਸਾਰੀਆਂ ਥਾਵਾਂ ਤੇ ਤਾਲਾਬੰਦੀ ਕਾਰਨ ਆਨਲਾਈਨ ਸਟੱਡੀ ਚੱਲ ਰਹੀ ਹੈ। ਇਸ ਕਾਰਨ, ਵਿਦਿਆਰਥੀਆਂ ਨੂੰ ਨਵੀਆਂ ਚੁਨੌਤੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਪਿਛਲਾ ਇੱਕ ਸਾਲ ਸਾਰੇ ਵਿਦਿਆਰਥੀਆਂ ਲਈ ਬਹੁਤ ਮੁਸ਼ਕਲ ਭਰਿਆ ਰਿਹਾ। ਅਜਿਹੀ ਸਥਿਤੀ 'ਚ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਸਾਰੇ ਵਿਦਿਆਰਥੀ ਇਸ ਸਾਲ ਵਧੀਆ ਸਿੱਖਿਆ ਪ੍ਰਾਪਤ ਕਰ ਸਕਣ। ਹਾਲਾਂਕਿ ਕੋਰੋਨਾ ਦਾ ਕਹਿਰ ਅਜੇ ਵੀ ਜਾਰੀ ਹੈ ਅਤੇ ਇਸ ਬਾਰੇ ਸਪਸ਼ਟ ਤੌਰ 'ਤੇ ਕੁੱਝ ਨਹੀਂ ਕਿਹਾ ਜਾ ਸਕਦਾ ਕਿ ਇਹ ਮਹਾਂਮਾਰੀ ਕਿੰਨਾ ਚਿਰ ਚੱਲੇਗੀ।