ਮਰਹੂਮ ਦਿਲੀਪ ਕੁਮਾਰ ਅਤੇ ਰਾਜ ਕਪੂਰ ਦੀ ਜੱਦੀ ਹਵੇਲੀ ਨੂੰ ਬਣਾਇਆ ਜਾਵੇਗਾ ਅਜਾਇਬ ਘਰ, ਮੁਰੰਮਤ ਸ਼ੁਰੂ
Friday, Oct 07, 2022 - 11:28 AM (IST)
ਮੁੰਬਈ: ਮਰਹੂਮ ਅਦਾਕਾਰ ਦਿਲੀਪ ਕੁਮਾਰ ਅਤੇ ਰਾਜ ਕਪੂਰ ਦੇ ਘਰਾਂ ਦੀ ਮੁਰੰਮਤ ਸ਼ੁਰੂ ਹੋ ਗਈ ਹੈ। ਦਰਅਸਲ ਜਨਵਰੀ 2021 ’ਚ ਪਾਕਿਸਤਾਨੀ ਰਾਜ ਖ਼ੈਬਰ ਪਖ਼ਤੂਨਖ਼ਵਾ ਦੇ ਮੁੱਖ ਮੰਤਰੀ ਨੇ ਪੇਸ਼ਾਵਰ ’ਚ ਮਰਹੂਮ ਅਦਾਕਾਰਾਂ ਦੇ ਜੱਦੀ ਘਰਾਂ ਨੂੰ ਅਜਾਇਬ ਘਰ ’ਚ ਬਦਲਣ ਦਾ ਐਲਾਨ ਕੀਤਾ ਸੀ।
ਇਹ ਵੀ ਪੜ੍ਹੋ : ਈਰਾਨੀ ਮਹਿਲਾ ਅੰਦੋਲਨ ਦੇ ਸਮਰਥਨ ’ਚ ਆਈ ਪ੍ਰਿਅੰਕਾ, ਕਿਹਾ- ‘ਚੁਣੌਤੀ ਲਈ ਜਾਨ ਖ਼ਤਰੇ ’ਚ ਪਾਉਣਾ ਆਸਾਨ ਨਹੀਂ’
ਇਸ ਦੇ ਨਾਲ ਹੀ ਖ਼ਬਰਾਂ ਮੁਤਾਬਕ ਸਰਕਾਰ ਦੀ ਯੋਜਨਾ ਦੇ ਅਨੁਸਾਰ, ਦੋਵਾਂ ਬਾਲੀਵੁੱਡ ਸਿਤਾਰਿਆਂ ਦੇ ਘਰਾਂ ਨੂੰ ਉਨ੍ਹਾਂ ਦੀ ਅਸਲ ਸਥਿਤੀ ’ਚ ਬਹਾਲ ਕੀਤਾ ਜਾਵੇਗਾ। ਪਹਿਲਾਂ ਤਾਂ ਦੋਵਾਂ ਘਰਾਂ ਦਾ ਮਲਬਾ ਹਟਾ ਕੇ ਮੁਰੰਮਤ ਦਾ ਕੰਮ ਸ਼ੁਰੂ ਕੀਤਾ ਗਿਆ।
ਇਸ ਦੌਰਾਨ ਦਿਲੀਪ ਕੁਮਾਰ ਦੇ ਭਤੀਜੇ ਫ਼ਵਾਦ ਇਸ਼ਾਕ ਨੇ ਆਪਣੇ ਚਾਚਾ ਅਤੇ ਰਾਜ ਕਪੂਰ ਦੇ ਜੱਦੀ ਘਰ ਨੂੰ ਬਹਾਲ ਕਰਨ ਦੇ ਸਰਕਾਰ ਦੇ ਫ਼ੈਸਲੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਜਦੋਂ ਤੱਕ ਦਿਲੀਪ ਕੁਮਾਰ ਜ਼ਿੰਦਾ ਰਹੇ, ਉਨ੍ਹਾਂ ਦਾ ਪਿਸ਼ਾਵਰ ਨਾਲ ਲਗਾਅ ਕਦੇ ਘੱਟ ਨਹੀਂ ਹੋਇਆ।
ਇਹ ਵੀ ਪੜ੍ਹੋ : ਇੰਗਲੈਂਡ ਦੀਆਂ ਸੜਕਾਂ ’ਤੇ ਕੁਦਰਤੀ ਨਜ਼ਾਰਾ ਮਾਣਦੇ ਭਾਵੁਕ ਹੋਏ ਬਿਨੂੰ ਢਿੱਲੋਂ, ਮਾਪਿਆਂ ਨੂੰ ਕੀਤਾ ਯਾਦ (ਵੀਡੀਓ)
ਦੱਸ ਦੇਈਏ ਕਿ ਰਾਜ ਕਪੂਰ ਦੇ ਜੱਦੀ ਘਰ ਨੂੰ ਕਪੂਰ ਹਵੇਲੀ ਦੇ ਨਾਂ ਨਾਲ ਜਾਣਿਆ ਜਾਂਦਾ ਹੈ। ਇਹ ਹਵੇਲੀ ਪੇਸ਼ਾਵਰ ਦੇ ਕਿਸਾ ਖ਼ਵਾਨੀ ਬਾਜ਼ਾਰ ਇਲਾਕੇ ’ਚ ਹੈ। ਦਿਲੀਪ ਕੁਮਾਰ ਦਾ ਘਰ ਵੀ ਪੇਸ਼ਾਵਰ ਦੇ ਇਸ ਇਲਾਕੇ ’ਚ ਸਥਿਤ ਹੈ।
ਦੱਸਿਆ ਜਾਂਦਾ ਹੈ ਕਿ ਦਿਲੀਪ ਕੁਮਾਰ ਦਾ ਪਰਿਵਾਰ ਸ਼ਹਿਰ ਦੇ ਇਕ ਬਾਜ਼ਾਰ ਦੀ ਛੋਟੀ ਜਿਹੀ ਗਲੀ ’ਚ ਇਕ ਸਾਦੇ ਘਰ ’ਚ ਰਹਿੰਦਾ ਸੀ। ਘਰ ਦਾ ਦਰਵਾਜ਼ਾ ਹੁਣ ਢਹਿ ਗਿਆ ਹੈ ਅਤੇ ਛੱਤ ਵੀ ਨਹੀਂ ਹੈ। ਘਰ ਦਾ ਅੰਦਰਲਾ ਹਿੱਸਾ ਬੁਰੀ ਤਰ੍ਹਾਂ ਨਾਲ ਖ਼ਰਾਬ ਹੋ ਗਿਆ ਹੈ, ਜਿਸ ਤੋਂ ਬਾਅਦ ਖ਼ੈਬਰ ਪਖ਼ਤੂਨਖ਼ਵਾ ਸਰਕਾਰ ਨੇ ਇਸ ਨੂੰ ਦੁਬਾਰਾ ਬਣਾਉਣ ਦਾ ਫ਼ੈਸਲਾ ਕੀਤਾ ਹੈ।
ਰਾਜ ਕਪੂਰ ਅਤੇ ਦਿਲੀਪ ਕੁਮਾਰ ਨੇ 1947 ਵਿੱਚ ਭਾਰਤ ਅਤੇ ਪਾਕਿਸਤਾਨ ਦੀ ਵੰਡ ਤੋਂ ਪਹਿਲਾਂ ਇੱਥੇ ਆਪਣਾ ਬਚਪਨ ਅਤੇ ਜੀਵਨ ਦਾ ਮੁਢਲਾ ਹਿੱਸਾ ਬਿਤਾਇਆ ਸੀ। ਭਾਰਤ ਆਉਣ ਤੋਂ ਬਾਅਦ ਦਿਲੀਪ ਕੁਮਾਰ ਚਾਹੁੰਦੇ ਸਨ ਕਿ ਉਨ੍ਹਾਂ ਦੀ ਹਵੇਲੀ ਨੂੰ ਅਜਾਇਬ ਘਰ ’ਚ ਤਬਦੀਲ ਕੀਤਾ ਜਾਵੇ ਤਾਂ ਜੋ ਪਾਕਿਸਤਾਨ ’ਚ ਉਨ੍ਹਾਂ ਦੇ ਪੁਰਖਿਆਂ ਦੀਆਂ ਯਾਦਾਂ ਨੂੰ ਸੰਭਾਲਿਆ ਜਾ ਸਕੇ।
ਨੋਟ : ਪਾਕਿ ਸਰਕਾਰ ਦੇ ਇਸ ਫ਼ੈਸਲੇ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ।