ਮਾਮਾ ਗੋਵਿੰਦਾ ਨਾਲ ਮਤਭੇਦ ’ਤੇ ਬੋਲਿਆ ਕ੍ਰਿਸ਼ਣਾ, ਇਸ ਕਰਕੇ ਰਿਹਾ ਗੋਵਿੰਦਾ ਵਾਲੇ ਐਪੀਸੋਡ ਤੋਂ ਦੂਰ

11/21/2020 6:57:57 PM

ਜਲੰਧਰ (ਬਿਊਰੋ)– ਟੀ. ਵੀ. ਦੇ ਮਸ਼ਹੂਰ ਕਾਮੇਡੀ ਸ਼ੋਅ ‘ਦਿ ਕਪਿਲ ਸ਼ਰਮਾ ਸ਼ੋਅ’ ’ਚ ਸਪਨਾ ਦਾ ਕਿਰਦਾਰ ਨਿਭਾਉਣ ਵਾਲੇ ਕ੍ਰਿਸ਼ਣਾ ਅਭਿਸ਼ੇਕ ਮਾਮਾ ਗੋਵਿੰਦਾ ਨਾਲ ਮਤਭੇਦ ਦੇ ਚਲਦਿਆਂ ਸੁਰਖ਼ੀਆਂ ’ਚ ਹਨ। ਪਿਛਲੇ ਹਫਤੇ ਗੋਵਿੰਦਾ ਕਪਿਲ ਸ਼ਰਮਾ ਸ਼ੋਅ ’ਚ ਬਤੌਰ ਮਹਿਮਾਨ ਪਹੁੰਚੇ ਸਨ, ਜਿਥੇ ਕ੍ਰਿਸ਼ਣਾ ਨੇ ਪੇਸ਼ਕਾਰੀ ਨਹੀਂ ਦਿੱਤੀ। ਹੁਣ ਇਸ ’ਤੇ ਸਫਾਈ ਦਿੰਦਿਆਂ ਕ੍ਰਿਸ਼ਣਾ ਨੇ ਦੱਸਿਆ ਕਿ ਮਾਮਾ ਗੋਵਿੰਦਾ ਤੇ ਮਾਮੀ ਉਸ ਨੂੰ ਇਸ ਤੋਂ ਪਹਿਲਾਂ ਵਾਲੇ ਐਪੀਸੋਡ ’ਚ ਨਹੀਂ ਦੇਖਣਾ ਚਾਹੁੰਦੇ ਸਨ, ਇਸ ਲਈ ਇਸ ਵਾਰ ਉਨ੍ਹਾਂ ਨੇ ਖ਼ੁਦ ਪੇਸ਼ਕਾਰੀ ਦੇਣ ਤੋਂ ਮਨ੍ਹਾ ਕਰ ਦਿੱਤਾ। ਕ੍ਰਿਸ਼ਣਾ ਨਹੀਂ ਚਾਹੁੰਦੇ ਸਨ ਕਿ ਉਨ੍ਹਾਂ ਦੇ ਆਪਸੀ ਮਤਭੇਦ ਦਾ ਅਸਰ ਸ਼ੋਅ ’ਤੇ ਹੋਵੇ।

ਮਾਮਾ ਗੋਵਿੰਦਾ ਦੇ ਸਾਹਮਣੇ ਪੇਸ਼ਕਾਰੀ ਨਾ ਦੇਣ ਦੀ ਵਜ੍ਹਾ ਦੱਸਦਿਆਂ ਕ੍ਰਿਸ਼ਣਾ ਨੇ ਕਿਹਾ, ‘ਜੀ ਹਾਂ, ਮੈਂ ਮਾਮਾ ਵਾਲਾ ਐਪੀਸੋਡ ਕਰਨ ਤੋਂ ਇਨਕਾਰ ਕੀਤਾ ਸੀ ਕਿਉਂਕਿ ਸਾਡੇ ਵਿਚਾਲੇ ਕੁਝ ਮਤਭੇਦ ਹਨ। ਮੈਂ ਨਹੀਂ ਚਾਹੁੰਦਾ ਕਿ ਸਾਡੀਆਂ ਮੁਸ਼ਕਿਲਾਂ ਦਾ ਸ਼ੋਅ ’ਤੇ ਅਸਰ ਪਵੇ। ਚੰਗੀ ਕਾਮੇਡੀ ਕਰਨ ਲਈ ਚੰਗੇ ਮਾਹੌਲ ਦੀ ਲੋੜ ਹੁੰਦੀ ਹੈ। ਚੰਗੇ ਰਿਸ਼ਤਿਆਂ ਵਿਚਾਲੇ ਹੀ ਕਾਮੇਡੀ ਕੀਤੀ ਜਾ ਸਕਦੀ ਹੈ।’

ਕ੍ਰਿਸ਼ਣਾ ਅੱਗੇ ਕਹਿੰਦੇ ਹਨ, ‘ਮੈਨੂੰ ਗੋਵਿੰਦਾ ਮਾਮਾ ਨਾਲ ਬਹੁਤ ਪਿਆਰ ਹੈ ਤੇ ਮੈਂ ਜਾਣਦਾ ਹਾਂ ਕਿ ਉਹ ਵੀ ਮੈਨੂੰ ਪਿਆਰ ਕਰਦੇ ਹਨ। ਇਸ ਲਈ ਉਨ੍ਹਾਂ ਨੂੰ ਹੱਕ ਹੈ ਕਿ ਉਹ ਗੁੱਸਾ ਹੋਣ। ਮੈਂ ਉਨ੍ਹਾਂ ਨਾਲ ਉਨਾ ਪਿਆਰ ਕਰਦਾ ਹਾਂ ਕਿ ਇਸ ਗੁੱਸੇ ਦਾ ਸਾਹਮਣਾ ਕਰ ਸਕਾਂ। ਮੈਂ ਉਨ੍ਹਾਂ ਦੇ ਸਾਹਮਣੇ ਆਪਣੇ ਹੰਝੂ ਰੋਕ ਨਹੀਂ ਸਕਦਾ। ਇਸ ਲਈ ਉਨ੍ਹਾਂ ਦੇ ਸਾਹਮਣੇ ਪੇਸ਼ਕਾਰੀ ਨਾ ਦੇਣਾ ਹੀ ਬਿਹਤਰ ਸੀ। ਮੈਂ ਉਨ੍ਹਾਂ ਦੇ ਕਾਫੀ ਨਜ਼ਦੀਕ ਰਿਹਾ ਹਾਂ। ਮੈਂ ਉਨ੍ਹਾਂ ਦੇ ਪਰਿਵਾਰ ਨਾਲ ਘਰ ’ਚ ਰੁਕਿਆ ਹਾਂ। ਜਿੰਨਾ ਪਿਆਰ ਹੈ, ਉਨੀ ਹੀ ਦੂਰੀ ਬਣ ਗਈ ਹੈ।’

ਦੱਸਣਯੋਗ ਹੈ ਕਿ ਕੁਝ ਮਹੀਨੇ ਪਹਿਲਾਂ ਕ੍ਰਿਸ਼ਣਾ ਅਭਿਸ਼ੇਕ ਦੀ ਪਤਨੀ ਕਸ਼ਮੀਰਾ ਸ਼ਾਹ ਨੇ ਟਵੀਟ ਕੀਤਾ ਸੀ ਕਿ ਕੁਝ ਲੋਕ ਪੈਸਿਆਂ ਲਈ ਡਾਂਸ ਕਰਦੇ ਹਨ। ਇਹ ਦੇਖ ਕੇ ਗੋਵਿੰਦਾ ਦੀ ਪਤਨੀ ਸੁਨੀਤਾ ਨੂੰ ਲੱਗਾ ਕਿ ਕਸ਼ਮੀਰਾ ਨੇ ਇਹ ਟਵੀਟ ਉਨ੍ਹਾਂ ਦੇ ਪਤੀ ਗੋਵਿੰਦਾ ਲਈ ਕੀਤਾ ਹੈ। ਇਸ ਤੋਂ ਬਾਅਦ ਤੋਂ ਹੀ ਦੋਵਾਂ ਵਿਚਾਲੇ ਗਲਤਫਹਿਮੀ ਬਣ ਗਈ ਤੇ ਗੱਲ ਬੰਦ ਹੋ ਗਈ। ਕਪਿਲ ਸ਼ਰਮਾ ਸ਼ੋਅ ਦੇ ਇਕ ਐਪੀਸੋਡ ’ਚ ਸੁਨੀਤਾ ਤੇ ਗੋਵਿੰਦਾ ਮਹਿਮਾਨ ਬਣ ਕੇ ਆਏ ਸਨ। ਇਸ ਦੌਰਾਨ ਸੁਨੀਤਾ ਨੇ ਖੁਦ ਕਿਹਾ ਸੀ ਕਿ ਕ੍ਰਿਸ਼ਣਾ ਉਨ੍ਹਾਂ ਦੇ ਸਾਹਮਣੇ ਪੇਸ਼ਕਾਰੀ ਨਾ ਦੇਵੇ। ਉਥੇ ਇਸ ਵਾਰ ਖੁਦ ਕ੍ਰਿਸ਼ਣਾ ਨੇ ਪੇਸ਼ਕਾਰੀ ਦੇਣ ਤੋਂ ਮਨ੍ਹਾ ਕਰ ਦਿੱਤਾ।


Rahul Singh

Content Editor Rahul Singh